ਚੋਰੀ ਦੇ ਦੋਸ਼ ’ਚ ਦਲਿਤ ਨੌਜਵਾਨ ਦੀ ਦਰੱਖਤ ਨਾਲ ਬੰਨ੍ਹ ਕੇ ਕੀਤੀ ਕੁੱਟ-ਮਾਰ

Friday, Jun 22, 2018 - 01:13 AM (IST)

ਚੋਰੀ ਦੇ ਦੋਸ਼ ’ਚ ਦਲਿਤ ਨੌਜਵਾਨ ਦੀ ਦਰੱਖਤ ਨਾਲ ਬੰਨ੍ਹ ਕੇ ਕੀਤੀ ਕੁੱਟ-ਮਾਰ

ਸ੍ਰੀ ਮੁਕਤਸਰ ਸਾਹਿਬ, (ਪਵਨ, ਖੁਰਾਣਾ)- ਪਿੰਡ ਥਾਂਦੇਵਾਲਾ ’ਚ  ਚੋਰੀ ਦਾ ਦੋਸ਼ ਲਾਉਂਦਿਆਂ  ਇਕ ਦਲਿਤ ਨੌਜਵਾਨ ਨੂੰ ਦਰੱਖਤ ਨਾਲ ਬੰਨ੍ਹ ਕੇ ਬਿਜਲੀ ਦਾ  ਕਰੰਟ ਲਾ ਕੇ ਬੁਰੀ ਤਰ੍ਹਾਂ ਕੁੱਟਣ ਦੀ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ।  ਜਾਣਕਾਰੀ ਅਨੁਸਾਰ ਪਿੰਡ ਥਾਂਦੇਵਾਲਾ ਦਾ  ਇਕ 17 ਸਾਲਾ ਨੌਜਵਾਨ ਚਰਵਾਹੇ ਦਾ ਕੰਮ ਕਰਦਾ ਹੈ।  ਉਸ ਦੀ ਇਕ ਭੇਡ ਗੁੰਮ ਹੋ ਗਈ ਸੀ, ਜਿਸ ਨੂੰ ਲੱਭਣ ਲਈ ਉਹ ਬੀਤੀ 16 ਜੂਨ ਦੀ ਰਾਤ ਨੂੰ ਬਾਹਰ  ਨਿਕਲਿਆ। ਇਸ ਦੌਰਾਨ ਪਿੰਡ ਦੇ ਹੀ ਕੁਝ  ਲੋਕਾਂ ਨੇ ਉਸ ਨੂੰ ਚੋਰ ਦੱਸਦੇ  ਹੋਏ ਫਡ਼ ਲਿਆ। ਉਨ੍ਹਾਂ ਨੇ ਉਸ ਨੂੰ ਖੇਤ ’ਚ ਹੀ ਦਰੱਖਤ ਨਾਲ ਬੰਨ੍ਹ ਕੇ ਉਸ ਦੀ ਬੁਰੀ  ਤਰ੍ਹਾਂ ਕੁੱਟ-ਮਾਰ ਕਰਦਿਆਂ ਬਿਜਲੀ ਦਾ ਕਰੰਟ ਵੀ ਲਾਇਆ, ਜਿਸ ਦੀ ਵੀਡੀਓ ਵੀ ਬਾਅਦ ’ਚ  ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਹੈ। 
ਦੱਸਦੇ ਹਨ ਕਿ ਨੌਜਵਾਨ ’ਤੇ ਇਕ ਕੁੱਕਰ ਅਤੇ ਦੋ  ਕੋਕ ਦੀਆਂ ਬੋਤਲਾਂ ਚੋਰੀ ਕਰਨ ਦਾ ਦੋਸ਼ ਹੈ, ਜਿਸ ਨੂੰ ਕੁੱਟਣ ਤੋਂ ਬਾਅਦ ਪਿੰਡ ਦੇ ਲੋਕਾਂ  ਨੇ ਥਾਣਾ ਸਦਰ ਪੁਲਸ ਦੇ ਹਵਾਲੇ ਕਰ ਦਿੱਤਾ, ਜਿੱਥੇ 3 ਦਿਨ ਤੱਕ ਉਹ ਹਿਰਾਸਤ ’ਚ  ਰਿਹਾ। ਉੱਧਰ, ਪਰਿਵਾਰ ਇਸ ਮਸਲੇ ਸਬੰਧੀ ਐੱਸ. ਐੱਸ. ਪੀ. ਨਾਲ ਮਿਲਣ ਜਾ ਪਹੁੰਚਿਆ ਪਰ ਐੱਸ.  ਐੱਸ. ਪੀ. ਨਾ ਮਿਲਣ ਦੇ ਕਾਰਨ ਪਰਿਵਾਰ ਥਾਣਾ ਸਦਰ ਵੱਲ ਚੱਲ ਪਿਆ। ਜਿਵੇਂ ਹੀ ਪੁਲਸ ਨੂੰ  ਪਤਾ ਲੱਗਾ ਕਿ ਪਰਿਵਾਰ ਤੇ ਮੀਡੀਆ ਥਾਣੇ ’ਚ ਆ ਰਹੇ ਹਨ ਤਾਂ ਪੁਲਸ ਨੇ ਨੌਜਵਾਨ ਨੂੰ  ਹਵਾਲਾਤ ’ਚੋਂ ਕੱਢ ਕੇ ਨਾਲ ਬਣੀ ਬੈਰਕ ਦੀ ਖਿਡ਼ਕੀ ’ਚੋਂ ਨੌਜਵਾਨ ਨੂੰ ਭਜਾ ਦਿੱਤਾ ਪਰ  ਮੀਡੀਆ ਵੱਲੋਂ ਅੱਗੇ ਜਾ ਕੇ ਘੇਰਨ ’ਤੇ ਨੌਜਵਾਨ ਨੇ ਪੂਰੀ ਗੱਲ ਦਾ ਖੁਲਾਸਾ ਕਰ ਦਿੱਤਾ। 
ਪੀਡ਼ਤ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਆਵਾਜਾਈ ਕੀਤੀ ਠੱਪPunjabKesari
 ਉੱਧਰ, ਗੁੱਸੇ ’ਚ ਆਏ ਪੀਡ਼ਤ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਰੋਸ ਪ੍ਰਗਟ ਕਰਦਿਆਂ ਥਾਣਾ ਸਦਰ ਦੇ ਬਾਹਰ ਧਰਨਾ ਲਾ ਕੇ ਆਵਾਜਾਈ ਠੱਪ ਕਰ ਦਿੱਤੀ ਅਤੇ ਕਰੀਬ 10 ਮਿੰਟ ਬਾਅਦ ਹੀ ਮੌਕੇ ’ਤੇ ਪਹੁੰਚੇ ਥਾਣਾ ਮੁਖੀ ਵੱਲੋਂ ਕਾਰਵਾਈ ਦਾ ਭਰੋਸਾ ਦਿਵਾਉਣ ਉਪਰੰਤ ਧਰਨਾਕਾਰੀਆਂ ਨੇ ਧਰਨਾ ਖਤਮ ਕਰ ਦਿੱਤਾ ਪਰ ਬਾਅਦ ਦੁਪਹਿਰ ਵੀ ਪੀਡ਼ਤ ਨੌਜਵਾਨ ਆਪਣੇ ਪਰਿਵਾਰ ਨੂੰ ਨਹੀਂ ਮਿਲ ਸਕਿਆ, ਜਦਕਿ ਦੁਪਹਿਰ ਦੇ ਕਰੀਬ ਸਾਢੇ 3 ਵਜੇ ਲਿਜਾਣ ਵਾਲੇ ਵਿਅਕਤੀ ਉਕਤ ਨੌਜਵਾਨ ਨੂੰ ਉਸ ਦੇ ਘਰ ਛੱਡ ਕੇ ਫਰਾਰ ਹੋ ਗਏ। 
ਕੀ ਕਹਿਣਾ ਹੈ ਥਾਣਾ ਮੁਖੀ ਦਾ
ਥਾਣਾ ਮੁਖੀ ਦਵਿੰਦਰ ਕੁਮਾਰ ਨੇ ਪਹਿਲਾਂ ਤਾਂ ਨੌਜਵਾਨ ਦੇ ਹਿਰਾਸਤ ’ਚ ਹੋਣ ਦੀ ਗੱਲ ਤੋਂ ਇਨਕਾਰ ਕੀਤਾ ਪਰ ਨਾਲ ਹੀ ਇਹ ਵੀ ਕਿਹਾ ਕਿ ਉਸ ਨੂੰ ਤਾਂ ਪਿੰਡ ਦੇ ਲੋਕ ਸ਼ਾਮ ਨੂੰ ਲਿਜਾਂਦੇ ਸਨ, ਸਵੇਰੇ ਛੱਡ ਜਾਂਦੇ ਸਨ ਅਤੇ ਅੱਜ ਵੀ ਪੰਚਾਇਤ ਰਾਜ਼ੀਨਾਮਾ ਕਰਨ ਤੋਂ ਬਾਅਦ ਲੈ ਕੇ ਗਈ ਹੈ। 
ਦਿਹਾਤੀ ਮਜ਼ਦੂਰ ਸਭਾ ਨੇ ਕੀਤਾ ਰੋਸ ਮੁਜ਼ਾਹਰਾ ਦਿੱਤੀ ਲਗਾਤਾਰ ਧਰਨੇ ਦੀ ਚਿਤਾਵਨੀ  
ਸ੍ਰੀ ਮੁਕਤਸਰ ਸਾਹਿਬ,  (ਪਵਨ ਤਨੇਜਾ, ਸੁਖਪਾਲ ਢਿੱਲੋਂ )-ਦਿਹਾਤੀ ਮਜ਼ਦੂਰ ਸਭਾ ਵੱਲੋਂ ਪਿੰਡ ਥਾਂਦੇਵਾਲਾ ਵਿਚ ਉਪਰੋਕਤ ਮਾਮਲੇ ਨੂੰ ਲੈ ਕੇ ਵੀਰਵਾਰ ਨੂੰ  ਰੋਹ ਭਰਪੂਰ ਰੋਸ ਮੁਜ਼ਾਹਰਾ ਕੀਤਾ ਗਿਆ।  ਇਸ ਨੂੰ ਸੰਬੋਧਨ ਕਰਦਿਆਂ ਸਭਾ ਦੇ ਸੂਬਾ ਸੰਯੁਕਤ ਸਕੱਤਰ ਜਗਜੀਤ ਸਿੰਘ ਜੱਸੇਆਣਾ, ਜ਼ਿਲਾਪ੍ਰਧਾਨ ਹਰਜੀਤ ਸਿੰਘ ਮਦਰੱਸਾ, ਜ਼ਿਲਾ ਵਿੱਤ ਸਕੱਤਰ ਜਸਵਿੰਦਰ ਸਿੰਘ ਸੰਗੂਧੋਣ, ਜਨਵਾਦੀ ਇਸਤਰੀ ਸਭਾ ਦੀ ਜ਼ਿਲਾ ਪ੍ਰਧਾਨ ਪਰਮਜੀਤ ਕੌਰ ਸੰਗਰਾਣਾ, ਮਜ਼ਦੂਰ ਆਗੂ ਕਿਸਮਤ ਸਿੰਘ ਚੱਕ ਦੂਹੇਵਾਲਾ, ਸੰਤੋਖ ਸਿੰਘ ਫੌਜੀ ਆਦਿ ਆਗੂਆਂ ਨੇ ਦਲਿਤ ਮਜ਼ਦੂਰ 'ਤੇ ਕੀਤੇ ਗਏ ਬੇਤਹਾਸਾ ਤਸੱਦਦ ਦੀ ਜ਼ੋਰਦਾਰ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਦੋਸ਼ੀ ਵਿਅਕਤੀਆਂ 'ਤੇ ਬਣਦੀਆਂ ਧਾਰਾਵਾਂ ਲਾ ਕੇ ਅਤੇ ਐੱਸ. ਐੱਸ.ਟੀ  ਧਾਰਾ ਸਮੇਤ ਪਰਚਾ ਦਰਜ ਕੀਤਾ ਜਾਵੇ ਤੇ ਉਨ੍ਹਾਂ  ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।  ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਥਿਤ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਜਥੇਬੰਦੀ ਪੁਲਸ ਖਿਲਾਫ ਲਗਾਤਾਰ ਧਰਨੇ ਲਾਉਣ ਤੋਂ ਗੁਰੇਜ਼ ਨਹੀਂ ਕਰੇਗੀ।


Related News