ਦੂਲੋ ਵਲੋਂ ਦਲਿਤ ਭਾਈਚਾਰੇ ਨੂੰ ਆਜ਼ਾਦੀ ਦਿਵਸ ''ਚ ਸ਼ਾਮਲ ਨਾ ਹੋਣ ਦਾ ਸੱਦਾ

08/14/2019 11:19:12 PM

ਚੰਡੀਗੜ੍ਹ,(ਭੁੱਲਰ): ਰਾਜ ਸਭਾ ਮੈਂਬਰ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਨੇ ਦਿੱਲੀ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਾਚੀਨ ਮੰਦਰ ਨੂੰ ਢਾਹੇ ਜਾਣ ਦੇ ਵਿਰੋਧ 'ਚ ਦਲਿਤ ਭਾਈਚਾਰੇ ਨੂੰ 15 ਅਗਸਤ ਨੂੰ ਆਜ਼ਾਦੀ ਦਿਵਸ ਸਮਾਰੋਹਾਂ 'ਚ ਸ਼ਾਮਲ ਨਾ ਹੋਣ ਦਾ ਸੱਦਾ ਦਿੱਤਾ। ਦੂਲੋ ਨੇ ਜਿਥੇ ਦਲਿਤ ਭਾਈਚਾਰੇ ਨੂੰ 15 ਅਗਸਤ ਦੇ ਸਮਾਰੋਹਾਂ 'ਚ ਸ਼ਾਮਲ ਨਾ ਹੋਣ ਦਾ ਸੱਦਾ ਦਿੱਤਾ ਹੈ, ਉਥੇ ਨਾਲ ਹੀ ਦਲਿਤ ਵਰਗ ਨਾਲ ਸਬੰਧਤ ਸਾਂਸਦਾਂ, ਵਿਧਾਇਕਾਂ, ਕੌਂਸਲਰਾਂ ਤੋਂ ਇਲਾਵਾ ਡੇਰਾ ਬੱਲਾਂ ਦੀ ਮੈਨੇਜਮੈਂਟ ਕਮੇਟੀ ਨੂੰ ਵੀ ਕਿਹਾ ਕਿ ਉਹ ਵੀ ਆਪਣਾ ਰੋਸ ਉਜਾਗਰ ਕਰਨ ਲਈ ਆਜ਼ਾਦੀ ਦਿਵਸ 'ਤੇ ਹੋਣ ਵਾਲੇ ਪ੍ਰੋਗਰਾਮਾਂ 'ਚ ਹਿੱਸਾ ਨਾ ਲੈਣ। ਕਾਂਗਰਸੀ ਆਗੂ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਦਿੱਲੀ 'ਚ ਹੋਰਨਾਂ ਧਰਮਾਂ ਦੇ ਵੀ ਧਾਰਮਿਕ ਸਥਾਨ ਸਰਕਾਰੀ ਜ਼ਮੀਨਾਂ ਉਪਰ ਬਣੇ ਹੋਏ ਹਨ ਪਰ ਸਿਰਫ਼ ਸ੍ਰੀ ਗੁਰੂ ਰਵਿਦਾਸ ਜੀ ਨਾਲ ਸਬੰਧਤ ਧਾਰਮਿਕ ਸਥਾਨ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਹੈ। ਇਸ ਨਾਲ ਪੂਰੇ ਦੇਸ਼ 'ਚ ਦਲਿਤ ਵਰਗ ਦੇ ਕਰੋੜਾਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚੀ ਹੈ।

ਉਨ੍ਹਾਂ ਕਿਹਾ ਕਿ ਉਹ ਸ੍ਰੀ ਗੁਰੂ ਰਵਿਦਾਸ ਮੰਦਰ ਨੂੰ ਢਾਹੇ ਜਾਣ ਦਾ ਮਾਮਲਾ ਸ਼ਡਿਊਲਡ ਕਾਸਟ ਐਂਡ ਸ਼ਡਿਊਲਡ ਟ੍ਰਾਈਬ ਦੇ ਫੋਰਮ ਰਾਹੀਂ ਪ੍ਰਧਾਨ ਮੰਤਰੀ ਤੇ ਕੇਂਦਰ ਸਰਕਾਰ ਕੋਲ ਉਠਾ ਕੇ ਮੰਦਰ ਦੇ ਪੁਨਰ ਨਿਰਮਾਣ ਲਈ ਦਬਾਅ ਬਣਾਉਣਗੇ। ਦੂਲੋ ਨੇ ਕਿਹਾ ਕਿ ਪਿਛਲੇ ਸੰਸਦ ਸੈਸ਼ਨ ਦੌਰਾਨ ਵੀ ਉਨ੍ਹਾਂ ਨੇ ਇਹ ਮਾਮਲਾ ਕੇਂਦਰ ਸਰਕਾਰ ਕੋਲ ਉਠਾਇਆ ਸੀ ਪਰ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਆਜ਼ਾਦੀ ਦੇ 70 ਸਾਲ ਬਾਅਦ ਵੀ ਦੇਸ਼ ਵਿਚ ਦਲਿਤਾਂ ਨੂੰ ਧਾਰਮਿਕ, ਸਿਆਸੀ ਤੇ ਆਰਥਿਕ ਆਜ਼ਾਦੀ ਪ੍ਰਾਪਤ ਨਹੀਂ ਤੇ ਉਨ੍ਹਾਂ ਨਾਲ ਅੱਜ ਵੀ ਵਿਤਕਰਾ ਕੀਤਾ ਜਾਂਦਾ ਹੈ। ਰਿਜ਼ਰਵੇਸ਼ਨ ਦੀ ਡਾ. ਬੀ.ਆਰ. ਅੰਬੇਦਕਰ ਦੀ ਬਦੌਲਤ ਪ੍ਰਾਪਤੀ ਹੋਈ ਹੈ।


Related News