ਪੰਜਾਬ ਦੇ ਸੰਗਰੂਰ ''ਚ ਇਨਸਾਨੀਅਤ ਸ਼ਰਮਸਾਰ, ਇਸ ਪਿੰਡ ''ਚ ਕੀਤਾ ਗਿਆ ਦਲਿਤਾਂ ਦਾ ਬਾਈਕਾਟ

Thursday, Aug 03, 2017 - 07:00 PM (IST)

ਪੰਜਾਬ ਦੇ ਸੰਗਰੂਰ ''ਚ ਇਨਸਾਨੀਅਤ ਸ਼ਰਮਸਾਰ, ਇਸ ਪਿੰਡ ''ਚ ਕੀਤਾ ਗਿਆ ਦਲਿਤਾਂ ਦਾ ਬਾਈਕਾਟ

ਸੰਗਰੂਰ— ਪੰਜਾਬ ਦੇ ਜ਼ਿਲੇ ਸੰਗਰੂਰ ਦੇ ਪਿੰਡ ਧੰਦੀਵਾਲ ਵਿਚ ਦਲਿਤਾਂ ਦਾ ਬਾਈਕਾਟ ਕਰ ਦਿੱਤਾ ਗਿਆ ਹੈ। ਇਕ ਪਾਸੇ ਜਿੱਥੇ ਦੇਸ਼ ਆਪਣਾ 70ਵਾਂ ਆਜ਼ਾਦੀ ਦਿਹਾੜਾ ਮਨਾਉਣ ਦੀਆਂ ਤਿਆਰੀਆਂ ਕਰ ਰਿਹਾ ਹੈ, ਉੱਥੇ ਦਲਿਤਾਂ ਦੇ ਬਾਈਕਾਟ ਦਾ ਐਲਾਨ ਇਹ ਸਾਬਤ ਕਰਦਾ ਹੈ ਕਿ ਲੋਕ ਅਜੇ ਵੀ ਆਪਣੀ ਸੋਚ ਦੀਆਂ ਜੰਜ਼ੀਰਾਂ ਵਿਚ ਬੱਝੇ ਹੋਏ ਹਨ। ਧੂਰੀ ਦੇ ਪਿੰਡ ਧੰਦੀਵਾਲ ਵਿਚ ਦਲਿਤਾਂ ਨੂੰ ਰੁਜ਼ਗਾਰ ਦੇਣ ਜਾਂ ਕਿਸੇ ਵੀ ਤਰ੍ਹਾਂ ਦਾ ਸਾਮਾਨ ਦੇਣ ਦੀ ਸਜ਼ਾ ਵਜੋਂ 5000 ਦੇ ਜ਼ੁਰਮਾਨੇ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਪਿੰਡ ਦੇ ਜ਼ਿੰਮੀਂਦਾਰਾਂ ਨੇ ਕੀਤਾ ਹੈ। 
ਜ਼ਿੰਮੀਂਦਾਰਾਂ ਦੀ ਇਸ ਧੱਕੇਸ਼ਾਹੀ ਖਿਲਾਫ ਪਿੰਡ ਦੇ ਦਲਿਤਾਂ ਨੇ ਇਸ ਸੰਬੰਧੀ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਪਰ ਐੱਸ. ਡੀ. ਐੱਸ. ਧੂਰੀ ਦੀ ਪਹਿਲ ਤੋਂ ਬਾਅਦ ਵੀ ਜ਼ਿੰਮੀਂਦਾਰ ਨਹੀਂ ਮੰਨੇ। ਦਲਿਤਾਂ ਨੇ ਇਸ ਨਾਇਨਸਾਫੀ ਖਿਲਾਫ ਜ਼ਮੀਨ ਪ੍ਰਾਪਤੀ ਸੰਘਰਸ਼ ਕੰਮੇਟੀ ਦੀ ਅਗਵਾਈ ਵਿਚ ਸੰਘਰਸ਼ ਕਰਨ ਦਾ ਐਲਾਨ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਢਾਈ ਹਜ਼ਾਰ ਦੀ ਆਬਾਦੀ ਵਾਲੇ ਇਸ ਪਿੰਡ ਵਿਚ 500 ਦੇ ਕਰੀਬ ਦਲਿਤ ਪਰਿਵਾਰ ਰਹਿ ਰਹੇ ਹਨ। 
ਦਲਿਤਾਂ ਦਾ ਕਹਿਣਾ ਹੈ ਕਿ ਖੇਤਾਂ ਵਿਚ 12-12 ਘੰਟੇ ਕੰਮ ਕਰਵਾ ਕੇ ਉਨ੍ਹਾਂ ਨੂੰ 250 ਰੁ. (ਮਰਦ) ਅਤੇ 220 ਰੁ. (ਔਰਤ) ਦਿਹਾੜੀ ਦਿੱਤੀ ਜਾ ਰਹੀ ਹੈ। ਦਲਿਤ ਪਰਿਵਾਰਾਂ ਦੀ ਮੰਗ ਹੈ ਕਿ ਮਹਿੰਗਾਈ ਦੇ ਇਸ ਦੌਰ ਵਿਚ ਉਨ੍ਹਾਂ ਦੀ ਦਿਹਾੜੀ ਵਧਾ ਕੇ 300 ਰੁਪਏ ਕਰ ਦਿੱਤੀ ਜਾਵੇ ਪਰ ਜ਼ਿੰਮੀਂਦਾਰਾਂ ਨੇ ਉਨ੍ਹਾਂ ਦੀ ਦਿਹਾੜੀ ਵਧਾਉਣੀ ਤਾਂ ਕੀ ਸੀ ਸਗੋਂ ਉਨ੍ਹਾਂ ਦਾ ਦਾਣਾ-ਪਾਣੀ ਹੀ ਬੰਦ ਕਰ ਦਿੱਤਾ। ਉਨ੍ਹਾਂ ਨੇ ਐਲਾਨ ਕਰ ਦਿੱਤਾ ਕਿ ਇਨ੍ਹਾਂ ਲੋਕਾਂ ਨੂੰ ਨਾ ਤਾਂ ਖੇਤਾਂ ਵਿਚ ਵੜਨ ਦਿੱਤਾ ਜਾਵੇ ਅਤੇ ਨਾ ਹੀ ਇਨ੍ਹਾਂ ਦੀਆਂ ਔਰਤਾਂ ਨੂੰ ਕੋਈ ਆਪਣੇ ਘਰਾਂ ਵਿਚ ਵਾੜੇ। ਇੰਨਾਂ ਹੀ ਨਹੀਂ ਕੋਈ ਦੁਕਾਨਦਾਰ ਇਨ੍ਹਾਂ ਨੂੰ ਦੁੱਧ ਜਾਂ ਫਿਰ ਦੂਜਾ ਸਾਮਾਨ ਵੀ ਨਾ ਦੇਵੇ। ਪਿੰਡ ਦੇ ਸਰਪੰਚ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਬਾਈਕਾਟ ਮਾਮਲੇ ਵਿਚ ਦੋਹਾਂ ਪੱਖਾਂ ਵਿਚ ਹਾਲੇ ਤੱਕ ਕੋਈ ਸਮਝੌਤਾ ਨਹੀਂ ਹੋਇਆ ਹੈ। 

ਕੀ ਕਹਿਣਾ ਹੈ ਕਿ ਜ਼ਿੰਮੀਂਦਾਰਾਂ ਦਾ— ਜ਼ਿੰਮੀਂਦਾਰਾਂ ਦਾ ਕਹਿਣਾ ਹੈ ਕਿ ਇਸ ਵਿਵਾਦ ਦੀ ਸ਼ੁਰੂਆਤ ਦਲਿਤਾਂ ਨੇ ਖੁਦ ਕੀਤੀ ਹੈ। ਉਨ੍ਹਾਂ ਨੇ ਖੁਦ ਹੀ ਕਿਸੀ ਜ਼ਿੰਮੀਂਦਾਰ ਦਾ ਕੰਮ ਕਰਨ ਵਾਲੇ ਦਲਿਤਾਂ 'ਤੇ ਤਿੰਨ ਹਜ਼ਾਰ ਦਾ ਜੁਰਮਾਨਾ ਲਗਾਉਣ ਦਾ ਐਲਾਨ ਕੀਤਾ ਸੀ। ਉਨ੍ਹਾਂ ਦੱਸਿਆ ਕਿ ਸਰਕਾਰ ਦੀ ਨੀਤੀ ਦੇ ਮੁਤਾਬਕ ਮਜ਼ਦੂਰਾਂ ਨੂੰ 303 ਰੁਪਏ ਬਿਨਾਂ ਖਾਣੇ ਦੇ ਮਜ਼ਦੂਰਾਂ ਨੂੰ ਦੇਣ ਨੂੰ ਤਿਆਰ ਹਨ, ਜਦੋਂ ਕਿ ਦਲਿਤ ਚਾਹੁੰਦੇ ਹਨ ਕਿ 273 ਰੁਪਏ ਮਜ਼ਦੂਰੀ ਦੇ ਨਾਲ ਉਨ੍ਹਾਂ ਨੂੰ ਖਾਣਾ ਵੀ ਦਿੱਤਾ ਜਾਵੇ। ਫਿਲਹਾਲ ਇਹ ਮਾਮਲਾ ਕਿੱਥੇ ਜਾ ਕੇ ਸੁਲਝਦਾ ਹੈ, ਇਹ ਵੱਖਰੀ ਗੱਲ ਹੈ, ਪਰ ਅੱਜ ਦੇ ਸਮੇਂ ਵਿਚ ਇਸ ਤਰ੍ਹਾਂ ਦਾ ਧੱਕਾ ਕਿਸੀ ਵੀ ਕੌਮ ਦੇ ਲੋਕਾਂ ਨਾਲ ਕਰਨਾ ਸਰਾਸਰ ਗਲਤ ਹੈ।


Related News