ਪੰਜਾਬ ਸਰਕਾਰ ਡਾ. ਦਲੀਪ ਕੌਰ ਟਿਵਾਣਾ ਦੇ ਇਲਾਜ ਦਾ ਚੁੱਕੇਗੀ ਖਰਚਾ
Thursday, Jan 16, 2020 - 02:16 PM (IST)
ਮੋਹਾਲੀ— ਮੈਕਸ ਹਸਪਤਾਲ ਮੋਹਾਲੀ ਵਿਖੇ ਇਲਾਜ ਕਰਵਾ ਰਹੇ ਡਾ. ਦਲੀਪ ਕੌਰ ਟਿਵਾਣਾ ਦੇ ਇਲਾਜ ਦਾ ਪੂਰਾ ਖਰਚਾ ਪੰਜਾਬ ਸਰਕਾਰ ਚੁੱਕੇਗੀ। ਇਸ ਦੀ ਜਾਣਕਾਰੀ ਉਚੇਰੀ ਸਿੱਖਿਆ ਮੰਤਰੀ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਦਿੱਤੀ। ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅੱਜ ਮੈਕਸ ਹਸਪਤਾਲ ਮੋਹਾਲੀ ਵਿਖੇ ਡਾ. ਟਿਵਾਣਾ ਦਾ ਹਾਲ ਜਾਣਨ ਪਹੁੰਚੇ ਸਨ।
ਜ਼ਿਕਰਯੋਗ ਹੈ ਕਿ ਪੰਜਾਬੀ ਦੀ ਉੱਘੀ ਕਹਾਣੀ ਲੇਖਕ, ਨਾਵਲਕਾਰ ਅਤੇ ਸਰਸਵਤੀ ਐਵਾਰਡ ਸਮੇਤ ਪਦਮ ਸ੍ਰੀ ਐਵਾਰਡ ਜੇਤੂ ਦਲੀਪ ਕੌਰ ਟਿਵਾਣਾ ਮੋਹਾਲੀ ਦੇ ਮੈਕਸ ਹਸਪਤਾਲ ਵਿਖੇ ਸਾਹ ਲੈਣ ਦੀ ਤਕਲੀਫ ਕਾਰਨ ਜ਼ੇਰੇ ਇਲਾਜ ਹਨ। ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਹਸਪਤਾਲ ਪਹੁੰਚ ਕੇ ਉਨ੍ਹਾਂ ਦਾ ਹਾਲ ਚਾਲ ਪੁੱਛਿਆ ਸੀ ਅਤੇ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਸੀ ਕਿ ਬੀਬੀ ਦਲੀਪ ਕੌਰ ਟਿਵਾਣਾ ਦੀ ਬਿਮਾਰੀ ਦਾ ਸਾਰਾ ਖਰਚਾ ਪੰਜਾਬ ਸਰਕਾਰ ਚੁੱਕੇ।
ਦੱਸਣਯੋਗ ਹੈ ਕਿ ਟਿਵਾਣਾ ਨੂੰ ਦੋ ਦਿਨ ਪਹਿਲਾਂ ਪਟਿਆਲਾ ਤੋਂ ਮੋਹਾਲੀ ਦੇ ਮੈਕਸ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ ਹੈ। ਜ਼ਿਆਦਾ ਸਰਦੀ ਲੱਗਣ ਕਾਰਨ ਉਨ੍ਹਾਂ ਦੇ ਫੇਫੜਿਆਂ ਵਿਚ ਤਕਲੀਫ ਹੋ ਗਈ ਸੀ, ਜਿਸ ਕਰਕੇ ਉਨ੍ਹਾਂ ਨੂੰ ਸਾਹ ਲੈਣ 'ਚ ਮੁਸ਼ਕਿਲ ਆ ਰਹੀ ਸੀ। ਇਸ ਕਰਕੇ ਉਨ੍ਹਾਂ ਨੂੰ ਮੈਕਸ ਹਸਪਤਾਲ 'ਚ ਆਈ. ਸੀ. ਯੂ. ਵਿਖੇ ਰੱਖਿਆ ਗਿਆ ਹੈ।