ਦੋ ਹਫ਼ਤਿਆਂ ਦਾ ਡੇਅਰੀ ਫਾਰਮਿੰਗ ਸਿਖਲਾਈ ਪ੍ਰੋਗਰਾਮ 18 ਦਸੰਬਰ ਤੋਂ

Saturday, Dec 16, 2023 - 05:43 PM (IST)

ਦੋ ਹਫ਼ਤਿਆਂ ਦਾ ਡੇਅਰੀ ਫਾਰਮਿੰਗ ਸਿਖਲਾਈ ਪ੍ਰੋਗਰਾਮ 18 ਦਸੰਬਰ ਤੋਂ

ਚੰਡੀਗੜ੍ਹ : ਦੁੱਧ ਉਤਪਾਦਨ ਅਤੇ ਸੂਬੇ ਦੇ ਕਿਸਾਨਾਂ ਦੀ ਆਮਦਨ ਵਿਚ ਵਾਧਾ ਕਰਨ ਦੇ ਉਦੇਸ਼ ਨਾਲ ਡੇਅਰੀ ਵਿਕਾਸ ਵਿਭਾਗ ਵੱਲੋਂ 18 ਤੋਂ 29 ਦਸੰਬਰ 2023 ਤੱਕ ਦੋ ਹਫ਼ਤਿਆਂ ਦੇ ਡੇਅਰੀ ਫਾਰਮਿੰਗ ਸਿਖਲਾਈ ਪ੍ਰੋਗਰਾਮ ਲਈ ਨਵਾਂ ਬੈਚ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਸਿਖਲਾਈ ਤੋਂ ਬਾਅਦ ਜਨਰਲ ਸ਼੍ਰੇਣੀ ਦੇ ਕਿਸਾਨ ਵਿਭਾਗ ਦੀ ਸਕੀਮ ਅਧੀਨ 2 ਤੋਂ 20 ਪਸ਼ੂਆਂ ਦਾ ਡੇਅਰੀ ਯੂਨਿਟ ਸਥਾਪਤ ਕਰਨ ਲਈ ਹਰੇਕ ਦੁਧਾਰੂ ਪਸ਼ੂ 'ਤੇ 17,500 ਰੁਪਏ ਸਬਸਿਡੀ ਦਾ ਲਾਭ ਲੈਣ ਦੇ ਯੋਗ ਹੋਣਗੇ। ਇਸੇ ਤਰ੍ਹਾਂ ਅਨੁਸੂਚਿਤ ਜਾਤੀ (ਐਸ.ਸੀ.) ਵਰਗ ਨਾਲ ਸਬੰਧਤ ਡੇਅਰੀ ਕਿਸਾਨਾਂ ਨੂੰ ਅਜਿਹੇ ਹੀ ਯੂਨਿਟ ਦੀ ਸਥਾਪਨਾ ਲਈ ਹਰੇਕ ਦੁਧਾਰੂ ਪਸ਼ੂ 'ਤੇ 23100 ਰੁਪਏ ਸਬਸਿਡੀ ਮਿਲਣਯੋਗ ਹੋਵੇਗੀ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਕਿਸਾਨ ਮਾਡਲ ਕੈਟਲ ਸ਼ੈੱਡ, ਦੁੱਧ ਚੁਆਈ ਵਾਲੀਆਂ (ਮਿਲਕਿੰਗ) ਮਸ਼ੀਨਾਂ ਅਤੇ ਚਾਰਾ ਵੱਢਣ ਵਾਲੀਆਂ ਮਸ਼ੀਨਾਂ (ਫੌਡਰ ਹਾਰਵੈਸਟਰ) ਸਮੇਤ ਹੋਰ ਮਸ਼ੀਨਰੀ 'ਤੇ ਵੀ ਸਬਸਿਡੀ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪੇਂਡੂ ਖੇਤਰ ਨਾਲ ਸਬੰਧਤ 18 ਤੋਂ 55 ਸਾਲ ਦੀ ਉਮਰ ਦੇ ਡੇਅਰੀ ਫਾਰਮਰ, ਜਿਨ੍ਹਾਂ ਨੇ ਘੱਟੋ-ਘੱਟ 5ਵੀਂ ਪਾਸ ਕੀਤੀ ਹੋਵੇ ਅਤੇ ਹਰਾ ਚਾਰਾ ਉਗਾਉਣ ਲਈ ਆਪਣੀ ਜ਼ਮੀਨ ਹੋਵੇ ਤਾਂ ਉਹ ਆਪਣੇ ਨੇੜਲੇ ਜ਼ਿਲ੍ਹਾ ਡਿਪਟੀ ਡਾਇਰੈਕਟਰ, ਡੇਅਰੀ ਵਿਕਾਸ ਦਫ਼ਤਰ ਵਿਖੇ ਆਪਣਾ ਸਿੱਖਿਆ ਯੋਗਤਾ ਸਰਟੀਫਿਕੇਟ, ਆਧਾਰ ਕਾਰਡ ਅਤੇ ਪਾਸਪੋਰਟ ਸਾਈਜ਼ ਫੋਟੋ ਜਮ੍ਹਾਂ ਕਰਵਾ ਕੇ ਇਸ ਸਿਖਲਾਈ ਵਾਸਤੇ ਆਪਣਾ ਨਾਮ ਦਰਜ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਿਖਲਾਈ ਦੌਰਾਨ ਡੇਅਰੀ ਫਾਰਮਰਾਂ ਨੂੰ ਦੁਧਾਰੂ ਪਸ਼ੂਆਂ ਦੇ ਪਾਲਣ ਪੋਸ਼ਣ, ਖੁਰਾਕ, ਬਿਮਾਰੀਆਂ ਤੋਂ ਬਚਾਅ, ਨਸਲ ਸੁਧਾਰ, ਸਾਰਾ ਸਾਲ ਹਰਾ ਚਾਰਾ ਪੈਦਾ ਕਰਨ, ਦੁੱਧ ਤੋਂ ਹੋਰ ਉਤਪਾਦ ਬਣਾਉਣ ਆਦਿ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇਗੀ। ‎


author

Gurminder Singh

Content Editor

Related News