ਸ਼ਰਾਬ ਦੇ ਠੇਕੇਦਾਰਾਂ ਦੀ ਦਾਦਾਗਿਰੀ

Tuesday, Sep 19, 2017 - 12:09 AM (IST)

ਸ਼ਰਾਬ ਦੇ ਠੇਕੇਦਾਰਾਂ ਦੀ ਦਾਦਾਗਿਰੀ

ਨਿਹਾਲ ਸਿੰਘ ਵਾਲਾ/ਬਿਲਾਸਪੁਰ,   (ਬਾਵਾ, ਜਗਸੀਰ)-  ਸ਼ਰਾਬ ਦੇ ਠੇਕੇਦਾਰਾਂ ਦੀ ਦਾਦਾਗਿਰੀ ਦੇ ਕਿੱਸੇ ਹਰ ਰੋਜ਼ ਅਖਬਾਰਾਂ ਦੀਆਂ ਸੁਰਖੀਆਂ ਬਣਦੇ ਰਹਿੰਦੇ ਹਨ, ਜਿੱਥੇ ਆਮ ਆਦਮੀ ਨੂੰ ਮਾਮੂਲੀ ਗਲਤੀ ਕਰਨ 'ਤੇ ਲੈਣੇ ਦੇ ਦੇਣੇ ਪੈਂਦੇ ਹਨ, ਉੱਥੇ ਹੀ ਪੁਲਸ ਪ੍ਰਸ਼ਾਸਨ ਨੇ ਠੇਕੇਦਾਰਾਂ ਦੀ ਦਾਦਾਗਿਰੀ ਅੱਗੇ ਪੂਰੀ ਤਰ੍ਹਾਂ ਆਤਮ-ਸਮਰਪਣ ਕੀਤਾ ਹੋਇਆ ਹੈ, ਜਿਸ ਨੂੰ ਰੋਕਣ ਲਈ ਅੱਜ ਤੱਕ ਕੋਈ ਸਖ਼ਤ ਕਾਰਵਾਈ ਅਮਲ 'ਚ ਨਹੀਂ ਲਿਆਂਦੀ ਗਈ।  ਬੀਤੀ ਸ਼ਾਮ ਨਾਜਾਇਜ਼ ਸ਼ਰਾਬ ਫੜਨ ਲਈ ਠੇਕੇਦਾਰਾਂ ਵੱਲੋਂ ਕਾਨੂੰਨ ਨੂੰ ਆਪਣੇ ਹੱਥ 'ਚ ਲੈਂਦਿਆਂ ਬਗੈਰ ਪੁਲਸ ਮੁਲਾਜ਼ਮਾਂ ਦੇ ਆਪਣੇ ਕਰਿੰਦਿਆਂ ਨੂੰ ਨਾਲ ਲੈ ਕੇ ਨਿਹਾਲ ਸਿੰਘ ਵਾਲਾ-ਬਾਘਾਪੁਰਾਣਾ ਰੋਡ 'ਤੇ ਨਾਕਾ ਲਾਇਆ ਹੋਇਆ ਸੀ। ਇਸ ਮੌਕੇ ਇਕ ਗੱਡੀ ਨੂੰ ਉਨ੍ਹਾਂ ਰੁਕਣ ਦਾ ਇਸ਼ਾਰਾ ਕੀਤਾ ਪਰ ਗੱਡੀ ਮਾਲਕ ਨੇ ਲੁੱਟ-ਖੋਹ ਦੇ ਡਰ ਕਾਰਨ ਗੱਡੀ ਨੂੰ ਰੋਕਣ ਦੀ ਬਜਾਏ ਉਸ ਨੂੰ ਤੇਜ਼ ਕਰ ਲਿਆ। 
ਠੇਕੇਦਾਰਾਂ ਦੀ ਟੀਮ ਵੱਲੋਂ ਵੀ ਉਸ ਦੇ ਪਿੱਛੇ ਆਪਣੀ ਗੱਡੀ ਲਾ ਲਈ ਗਈ, ਜਿਸ ਨਾਲ ਗੱਡੀ ਚਾਲਕ ਅੰਦਰ ਹੋਰ ਵੀ ਡਰ ਪੈਦਾ ਹੋ ਗਿਆ ਅਤੇ ਉਸ ਨੇ ਗੱਡੀ ਹੋਰ ਤੇਜ਼ ਕਰ ਦਿੱਤੀ, ਜੋ ਕਿ ਨਿਹਾਲ ਸਿੰਘ ਵਾਲਾ ਬਾਜ਼ਾਰ 'ਚ ਇਕ ਹੋਰ ਗੱਡੀ ਨਾਲ ਟਕਰਾਅ ਗਈ, ਜਿਸ ਨਾਲ ਦੂਸਰੀ ਗੱਡੀ 'ਚ ਸਵਾਰ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। 
ਇਸ ਸਬੰਧੀ ਠੇਕੇਦਾਰਾਂ 'ਤੇ ਪਰਚਾ ਦਰਜ ਕਰਵਾਉਣ ਦੀ ਮੰਗ ਨੂੰ ਲੈ ਕੇ ਵਿਧਾਇਕ ਦਰਸ਼ਨ ਸਿੰਘ ਬਰਾੜ ਥਾਣਾ ਮੁਖੀ ਨਿਹਾਲ ਸਿੰਘ ਵਾਲਾ ਦੇ ਮੁਖੀ ਨੂੰ ਮਿਲੇ। ਉਨ੍ਹਾਂ ਕਿਹਾ ਕਿ ਸ਼ਰਾਬ ਦੇ ਠੇਕੇਦਾਰ ਕਾਨੂੰਨ ਨੂੰ ਆਪਣੇ ਹੱਥ ਵਿਚ ਲੈ ਕੇ ਅਮਨ ਪਸੰਦ ਸ਼ਹਿਰੀਆਂ ਨੂੰ ਤੰਗ-ਪ੍ਰੇਸ਼ਾਨ ਕਰ ਰਹੇ ਹਨ। ਉਨ੍ਹਾਂ ਦੀ ਨਾਲਾਇਕੀ ਨਾਲ ਨਿਹਾਲ ਸਿੰਘ ਵਾਲਾ ਵਿਖੇ ਵੱਡਾ ਹਾਦਸਾ ਵਾਪਰ ਸਕਦਾ ਸੀ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਗੱਡੀ ਸਵਾਰਾਂ ਨੂੰ ਠੇਕੇਦਾਰਾਂ ਨੇ ਪਿਸਤੌਲ ਦਿਖਾਇਆ, ਜਿਸ ਕਰ ਕੇ ਉਨ੍ਹਾਂ ਡਰ ਦੇ ਮਾਰੇ ਗੱਡੀ ਭਜਾਈ। 
ਉਹ ਠੇਕੇਦਾਰਾਂ 'ਤੇ ਮਾਮਲਾ ਦਰਜ ਕਰਵਾ ਕੇ ਹੀ ਸਾਹ ਲੈਣਗੇ। ਪੀੜਤ ਧਿਰ ਨੇ ਠੇਕੇਦਾਰਾਂ ਖਿਲਾਫ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਸ਼ਿਕਾਇਤ ਪੱਤਰ ਦਿੱਤਾ ਪਰ ਪੁਲਸ ਵੱਲੋਂ ਦੋਵਾਂ ਧਿਰਾਂ ਦਾ ਰਾਜ਼ੀਨਾਮਾ ਕਰਵਾਉਣ ਲਈ ਕੋਸ਼ਿਸ਼ਾਂ ਜਾਰੀ ਹਨ। 
ਕੀ ਕਹਿਣਾ ਹੈ ਥਾਣਾ ਮੁਖੀ ਦਾ 
ਇਸ ਬਾਰੇ ਥਾਣਾ ਨਿਹਾਲ ਸਿੰਘ ਵਾਲਾ ਦੇ ਮੁਖੀ ਇੰਸਪੈਕਟਰ ਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਐਕਸਾਈਜ਼ ਵਿਭਾਗ ਕੋਲੋਂ ਸੂਚਨਾ ਮਿਲੀ ਸੀ ਕਿ ਸ਼ੱਕੀ ਹਾਲਾਤ 'ਚ ਆਈ-20 ਕਾਰ ਬਾਘਾਪੁਰਾਣਾ ਵੱਲੋਂ ਆ ਰਹੀ ਹੈ, ਜਿਸ ਨੂੰ ਪੁਲਸ ਮੁਲਾਜ਼ਮਾਂ ਨੇ ਰੁਕਣ ਦਾ ਇਸ਼ਾਰਾ ਕੀਤਾ ਪਰ ਉਨ੍ਹਾਂ ਥਾਣੇ ਅੱਗਿਓਂ ਕਾਰ ਭਜਾ ਲਈ, ਜੋ ਕਿ ਇਕ ਮਾਰੂਤੀ ਗੱਡੀ 'ਚ ਵੱਜ ਕੇ ਸਫੈਦੇ ਨਾਲ ਜਾ ਟਕਰਾਈ, ਉਨ੍ਹਾਂ ਕਿਹਾ ਕਿ ਉਹ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ।


Related News