ਡੀ.ਐੱਮ.ਯੂ. ਥੱਲੇ ਆਇਆ ਸਾਨ੍ਹ, ਕੱਢਣ ਦੀ ਕੋਸ਼ਿਸ਼ ''ਚ ਟਰੇਨ ਪੱਟੜੀ ਤੋਂ ਉਤਰੀ
Wednesday, Feb 14, 2018 - 01:42 AM (IST)

ਜਲੰਧਰ (ਗੁਲਸ਼ਨ)- ਮੰਗਲਵਾਰ ਨੂੰ ਰਾਤ ਫਿਰੋਜ਼ਪੁਰ ਤੋਂ ਜਲੰਧਰ ਆ ਰਹੇ ਡੀ. ਐੱਮ. ਯੂ. ਦੇ ਹੇਠਾਂ ਸਾਨ੍ਹ ਆ ਗਿਆ, ਨਾਗਰਾ ਫਾਟਕ ਕੋਲ ਵਾਪਰੀ ਇਸ ਘਟਨਾ 'ਚ ਮੁਲਾਜ਼ਮਾਂ ਨੇ ਸਾਨ੍ਹ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਅਚਾਨਕ ਟਰੇਨ ਹੀ ਪਟੜੀ ਤੋਂ ਹੇਠਾਂ ਆ ਗਈ। ਜਾਣਕਾਰੀ ਅਨੁਸਾਰ ਜਲੰਧਰ ਸਟੇਸ਼ਨ ਤੋਂ ਪਹਿਲਾਂ ਡੀ. ਏ. ਵੀ. ਕਾਲਜ ਹਾਲਟ ਨੇੜੇ ਪੈਂਦੇ ਨਾਗਰਾ ਫਾਟਕ 'ਤੇ ਰਾਤ ਨੂੰ ਫਿਰੋਜ਼ਪੁਰ ਤੋਂ ਜਲੰਧਰ ਆਉਣ ਵਾਲੇ ਡੀ. ਐੱਮ. ਯੂ. ਹੇਠਾਂ ਸਾਨ੍ਹ ਆ ਗਿਆ।
ਸੂਤਰਾਂ ਮੁਤਾਬਕ ਟਰੇਨ ਦੇ ਡਰਾਈਵਰ ਨੇ ਟਰੇਨ ਨੂੰ ਅੱਗੇ-ਪਿੱਛੇ ਕਰ ਕੇ ਗੱਡੀ ਹੇਠਾਂ ਫਸੇ ਸਾਨ੍ਹ ਨੂੰ ਕੱਢਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਸਾਨ੍ਹ ਤਾਂ ਨਹੀਂ ਨਿਕਲਿਆ ਥੋੜ੍ਹਾ ਅੱਗੇ ਜਾ ਕੇ ਇਕ ਪੁਲੀ ਨੇੜੇ ਟਰੇਨ ਪਟੜੀ ਤੋਂ ਹੇਠਾਂ ਉਤਰ ਗਈ। ਟਰੇਨ ਦੇ ਗਾਰਡ ਨੇ ਘਟਨਾ ਦੀ ਜਾਣਕਾਰੀ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ।
ਸੂਚਨਾ ਮਿਲਣ 'ਤੇ ਜਲੰਧਰ ਤੋਂ ਇਲਾਵਾ ਕਪੂਰਥਲਾ ਸੈਕਸ਼ਨ ਦੇ ਅਧਿਕਾਰੀ ਅਤੇ ਆਰ. ਪੀ. ਐੱਫ. ਦੇ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਘਟਨਾ ਦੀ ਜਾਂਚ ਸ਼ੁਰੂ ਕੀਤੀ। ਰਾਤ ਲਗਭਗ 11 ਵਜੇ ਜਲੰਧਰ ਤੋਂ ਕੈਰੇਜ ਐਂਡ ਵੈਗਨ ਦੇ ਸਟਾਫ ਨਾਲ ਰਿਲੀਫ ਟਰੇਨ ਨੂੰ ਵੀ ਮੌਕੇ 'ਤੇ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਰਾਹਤ ਕਾਰਜ ਸ਼ੁਰੂ ਹੋਏ। ਦੇਰ ਰਾਤ ਤੱਕ ਰੇਲਵੇ ਅਧਿਕਾਰੀਆਂ ਦੀ ਨਿਗਰਾਨੀ 'ਚ ਟਰੇਨ ਨੂੰ ਪਟੜੀ 'ਤੇ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ।