ਡੀ. ਸੀ. ਦਫਤਰ ਦੇ ਕਰਮਚਾਰੀਆਂ ਨੇ ਗੇਟ ਰੈਲੀ ਦੌਰਾਨ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ

05/03/2018 6:58:49 AM

ਕਪੂਰਥਲਾ, (ਗੁਰਵਿੰਦਰ ਕੌਰ)- ਡੀ. ਸੀ. ਦਫਤਰ ਇੰਪਲਾਈਜ਼ ਯੂਨੀਅਨ ਦੇ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਅੱਜ ਦੂਸਰੇ ਦਿਨ ਵੀ ਜ਼ਿਲਾ ਪ੍ਰਧਾਨ ਨਰਿੰਦਰ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਕਲਮਛੋੜ ਹੜਤਾਲ ਤੇ ਗੇਟ ਰੈਲੀ ਕੀਤੀ ਗਈ। ਇਸ ਮੌਕੇ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਸਬੰਧੀ ਜਮ ਕੇ ਨਾਅਰੇਬਾਜ਼ੀ ਕੀਤੀ।  ਜ਼ਿਲਾ ਪ੍ਰਧਾਨ ਨਰਿੰਦਰ ਸਿੰਘ ਚੀਮਾ ਤੇ ਸੂਬਾ ਖਜ਼ਾਨਚੀ ਸਤਬੀਰ ਸਿੰਘ ਚੰਦੀ ਨੇ ਦੱਸਿਆ ਕਿ ਉਪਰੋਕਤ ਹੜਤਾਲ ਸੂਬਾ ਬਾਡੀ ਵਲੋਂ ਪੰਜਾਬ ਦੇ ਸਾਰੇ ਜ਼ਿਲਿਆਂ ਦੀ ਲੀਡਰਸ਼ਿਪ ਕੋਲ ਵਿਚਾਰ ਲੈਣ ਉਪਰੰਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਡੀ. ਸੀ. ਫਿਰੋਜ਼ਪੁਰ ਵਲੋਂ ਪਿਛਲੇ ਲੰਬੇ ਸਮੇਂ ਤੋਂ ਸੂਬਾ ਜਨਰਲ ਸਕੱਤਰ ਜੋਗਿੰਦਰ ਕੁਮਾਰ ਜ਼ੀਰਾ ਨੂੰ ਕਥਿਤ ਤੌਰ 'ਤੇ ਜਾਤੀ ਰੰਜਿਸ਼ ਕੱਢਣ ਲਈ ਤੰਗ ਪ੍ਰੇਸ਼ਾਨ ਕੀਤਾ ਗਿਆ ਹੈ ਤੇ ਬਿਨਾਂ ਕਿਸੇ ਕਾਰਨ ਉਨ੍ਹਾਂ ਦਾ ਬਹੁਤ ਦੂਰ ਤਬਾਦਲਾ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਮਾਲ ਵਿਭਾਗ ਨਾਲ 19 ਫਰਵਰੀ 2018 ਨੂੰ ਸੂਬਾ ਬਾਡੀ ਦੇ ਅਹੁਦੇਦਾਰਾਂ ਨਾਲ ਹੋਈ ਮੀਟਿੰਗ 'ਚ ਫੈਸਲਾ ਕੀਤਾ ਗਿਆ ਸੀ ਕਿ ਸਰਕਾਰ ਵਲੋਂ ਉਨ੍ਹਾਂ ਦੀਆਂ ਮੰਨੀਆਂ ਮੰਗਾਂ ਨੂੰ 30 ਅਪ੍ਰੈਲ 2018 ਤਕ ਲਾਗੂ ਕੀਤਾ ਜਾਵੇ, ਜਿਹੜੀਆਂ ਕਿ ਅਜੇ ਤਕ ਲਾਗੂ ਨਹੀਂ ਕੀਤੀਆਂ ਗਈਆਂ ਹਨ, ਇਸ ਲਈ ਕਰਮਚਾਰੀਆਂ ਨੂੰ ਮਜਬੂਰਨ ਹੜਤਾਲ ਕਰਨੀ ਪੈ ਰਹੀ ਹੈ। 
ਉਨ੍ਹਾਂ ਕਿਹਾ ਕਿ 3 ਮਈ ਨੂੰ ਡੀ. ਸੀ. ਦਫਤਰ ਦੇ ਅਧੀਨ ਆਉਂਦੇ ਕਰਮਚਾਰੀ ਸਮੂਹਿਕ ਛੁੱਟੀ ਲੈ ਕੇ ਡੀ. ਸੀ. ਦਫਤਰ ਫਿਰੋਜ਼ਪੁਰ ਵਿਖੇ ਕੀਤੀ ਜਾ ਰਹੀ ਰੋਸ ਰੈਲੀ 'ਚ ਸ਼ਾਮਿਲ ਹੋਣਗੇ, ਜਿਸ 'ਚ ਹੋਰ ਵੀ ਕਈ ਜਥੇਬੰਦੀਆਂ ਸ਼ਾਮਿਲ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਇਸ ਨਾਲ ਆਮ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਇਸਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। 
ਇਸ ਮੌਕੇ ਰੀਡਰ ਤਹਿਸੀਲਦਾਰ ਹਰਪ੍ਰੀਤ ਸਿੰਘ ਸੰਧੂ, ਜ਼ਿਲਾ ਜਨਰਲ ਸਕੱਤਰ ਰਜਵਾਨ ਖਾਨ, ਜਗਤਾਰ ਸਿੰਘ, ਤੇਜਵੰਤ ਸਿੰਘ ਆਹਲੂਵਾਲੀਆ, ਨੀਲਮ ਕੁਮਾਰੀ, ਬਲਵੰਤ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।
ਫਗਵਾੜਾ ਵਿਖੇ ਡੀ. ਸੀ. ਦਫ਼ਤਰ ਕਰਮਚਾਰੀ ਯੂਨੀਅਨ ਨੇ ਦੂਜੇ ਦਿਨ ਵੀ ਕੰਮ ਰੱਖਿਆ ਠੱਪ 
ਫਗਵਾੜਾ, (ਹਰਜੋਤ)-ਡਿਪਟੀ ਕਮਿਸ਼ਨਰ ਦਫ਼ਤਰ ਕਰਮਚਾਰੀ ਯੂਨੀਅਨ ਕਪੂਰਥਲਾ ਵੱਲੋਂ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਵੱਲੋਂ ਯੂਨੀਅਨ ਦੇ ਸੂਬਾ ਸਕੱਤਰ ਜੋਗਿੰਦਰ ਕੁਮਾਰ ਜ਼ੀਰਾ ਨੂੰ ਝੂਠੇ ਕੇਸ 'ਚ ਫਸਾਉਣ ਦੇ ਰੋਸ ਵਜੋਂ ਏ. ਡੀ. ਸੀ. ਅਤੇ ਐੱਸ. ਡੀ. ਐੱਮ. ਤਹਿਸੀਲ ਦਫ਼ਤਰ 'ਚ ਅੱਜ ਦੂਜੇ ਦਿਨ ਵੀ ਕਲਮ-ਛੋੜ ਹੜਤਾਲ ਕੀਤੀ ਗਈ। 
ਸੰਬੋਧਨ ਕਰਦਿਆਂ ਯੂਨੀਅਨ ਦੇ ਆਗੂ ਪ੍ਰਸ਼ੋਤਮ ਲਾਲ, ਹਰਜੀਤ ਸਿੰਘ, ਸੁਮਨ ਸ਼ਰਮਾ, ਸੁਨੀਤਾ ਰਾਣੀ ਨੇ ਕਿਹਾ ਕਿ ਉਕਤ ਆਗੂਆਂ ਦੀਆਂ ਪੜਤਾਲਾਂ ਹੋਣ ਦੇ ਬਾਵਜੂਦ ਉਸ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 3 ਮਈ ਨੂੰ ਸਾਰੇ ਜ਼ਿਲੇ ਦੇ ਕਰਮਚਾਰੀ ਸਮੂਹਿਕ ਛੁੱਟੀ ਲੈ ਕੇ ਫ਼ਿਰੋਜ਼ਪੁਰ 'ਚ ਕੀਤੇ ਜਾ ਰਹੇ ਸੂਬਾ ਪੱਧਰੀ ਧਰਨੇ 'ਚ ਹਿੱਸਾ ਲੈਣਗੇ।


Related News