ਡੀ. ਟੀ. ਐੱਫ. ਅਧਿਆਪਕਾਂ ਨੇ ਸਿੱਖਿਆ ਮੰਤਰੀ ਦਾ ਪੁਤਲਾ ਫੂਕਿਆ

08/19/2017 6:45:50 AM

ਕਪੂਰਥਲਾ, (ਮਲਹੋਤਰਾ)- ਸ਼ਾਲੀਮਾਰ ਬਾਗ 'ਚ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ (ਡੀ. ਟੀ. ਐੱਫ.) ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਇਕ ਵਿਸ਼ਾਲ ਰੋਸ ਪ੍ਰਦਰਸ਼ਨ ਕਨਵੀਨਰ ਕਰਮ ਸਿੰਘ ਦੀ ਅਗਵਾਈ 'ਚ ਕੀਤਾ ਗਿਆ। ਡੀ. ਟੀ. ਐੱਫ. ਦੇ ਕਨਵੀਨਰ ਕਰਮ ਸਿੰਘ ਨੇ ਕਿਹਾ ਕਿ ਸਿੱਖਿਆ ਵਿਭਾਗ ਜਾਇਜ਼ ਮੰਗਾਂ ਨੂੰ ਲੈਕੇ ਗੰਭੀਰ ਨਹੀਂ ਹੈ। ਉਨ੍ਹਾਂ ਨੇ ਕਿਹਾ ਤਬਾਦਲੇ ਦੌਰਾਨ ਹੋਏ ਅਨਿਆ ਤੇ ਧਾਂਦਲੀਆਂ ਦੀ ਹਾਈਕੋਰਟ ਦੇ ਸਿਟਿੰਗ ਜੱੱਜ ਵਲੋਂ ਜਾਂਚ ਕਰਵਾਈ ਜਾਣੀ ਚਾਹੀਦੀ।
ਨੇਤਾਵਾਂ ਨੇ ਕਿਹਾ ਕਿ ਐੱਸ. ਐੱਸ. ਏ., ਰਮਸਾ, ਸਿੱਖਿਆ ਪ੍ਰੋਵਾਈਡਰ, ਈ. ਜੀ. ਐੱਸ., ਏ. ਆਈ. ਈ., ਐੱਸ. ਟੀ. ਆਰ., ਆਈ. ਈ. ਵੀ. ਤੇ ਆਦਰਸ਼ ਸਕੂਲ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿਚ ਪੂਰੇ ਤਨਖਾਹ ਸਕੇਲ 'ਤੇ ਲਿਆ ਕੇ ਰੈਗੂਲਰ ਨਾ ਕਰਨ ਅਤੇ ਅਧਿਆਪਕਾਂ ਨੂੰ ਬੀਮਾਰ ਹੋਣ ਦੀ ਸੂਰਤ ਵਿਚ 15 ਦਿਨ ਦੀ ਜਬਰੀ ਮੈਡੀਕਲ ਛੁੱਟੀ ਲੈਣ ਲਈ ਮਜਬੂਰ ਕਰਕੇ ਅਧਿਆਪਕਾਂ ਦੇ ਨਾਲ-ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦੇ ਹੋ ਰਹੇ ਨੁਕਸਾਨ ਨੂੰ ਰੋਕਣ ਲਈ ਸਿੱਖਿਆ ਮੰਤਰੀ ਵੱਲੋਂ ਸੁਹਿਰਦ ਯਤਨ ਨਹੀਂ ਕੀਤੇ ਜਾ ਰਹੇ ਹਨ।  
ਰੋਸ਼ ਪ੍ਰਦਰਸ਼ਨ ਦੌਰਾਨ ਡੀ. ਟੀ. ਐੱਫ. ਆਗੂਆਂ ਨੇ ਸ਼ਾਲੀਮਾਰ ਬਾਗ 'ਚ ਰੈਲੀ ਕਰਨ ਉਪਰੰਤ ਸ਼ਹਿਰ ਦੇ ਬਾਜ਼ਾਰਾਂ 'ਚ ਦੀ ਮਾਰਚ ਕਰਦਿਆਂ ਭਗਤ ਸਿੰਘ ਚੌਕ ਵਿਖੇ ਸਿੱਖਿਆ ਮੰਤਰੀ ਦੀ ਅਰਥੀ ਫੂਕਣ ਉਪਰੰਤ ਆਗੂਆਂ ਵਲੋਂ ਡੀ. ਸੀ. ਕਪੂਰਥਲਾ ਰਾਹੀਂ ਮੁੱਖ ਮੰਤਰੀ ਦੇ ਨਾਂ ਅਧਿਆਪਕ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਸੁਖਦੇਵ ਸਿੰਘ ਸੀਨੀਅਰ, ਅਸ਼ਵਨੀ ਟਿੱਬਾ, ਮਲਕੀਤ ਸਿੰਘ, ਤਜਿੰਦਰ ਸਿੰਘ, ਅਵਤਾਰ ਸਿੰਘ, ਸੁਰਿੰਦਰਪਾਲ ਸਿੰਘ, ਨਰਿੰਦਰ ਔਜਲਾ, ਜੈਮਲ ਸਿੰਘ, ਬਲਵਿੰਦਰ ਭੰਡਾਲ, ਪ੍ਰਮੋਦ ਸ਼ਰਮਾ, ਐੱਸ. ਐੱਸ. ਏ./ਰਮਸਾ ਆਗੂ ਹਰਵਿੰਦਰ ਸਿੰਘ ਆਲੂਵਾਲ, ਸੁੱਖਵਿੰਦਰ ਸਿੰਘ ਚੀਮਾ, ਜੋਗਿੰਦਰ ਸਿੰਘ ਅਮਾਨੀਪੁਰ, ਸਰਵਣ ਔਜਲਾ, 5178 ਅਧਿਆਪਕ ਯੂਨੀਅਨ ਦੇ ਆਗੂ ਕੁਸ਼ਲ ਕੁਮਾਰ, ਬਲਜੀਤ ਸਿੰਘ ਬੱਬਾ, ਪੰਕਜ ਧੀਰ, ਚਰਨਜੀਤ ਸਿੰਘ, ਗੁਰਦਿਆਲ ਸਿੰਘ ਪੱਡਾ, ਦਵਿੰਦਰ ਵਾਲੀਆ, ਦਿਨੇਸ਼ ਸਿੰਘ, ਪਵਨ ਕੁਮਾਰ , ਅਨਿਲ ਕੁਮਾਰ, ਹਰਜਿੰਦਰ ਹੈਰੀ, ਗੁਰਮੁੱਖ ਸਿੰਘ, ਹਰਭਜਨ ਸਿੰਘ, ਗੁਰਦੀਪ ਧੰਮ, ਸਾਧੂ ਸਿੰਘ, ਜਸਬੀਰ ਸੂਜੋਕਾਲੀਆ, ਅਪਾਰ ਸਿੰਘ, ਸਿੱਖਿਆ ਪ੍ਰੋਵਾਈਡਰ ਯੂਨੀਅਨ ਦੇ ਆਗੂ ਪੰਕਜ ਬਾਬੂ ਆਦਿ ਹਾਜ਼ਰ ਸਨ।


Related News