ਯੂਨਿਟ ਦੇ ਸੀਨੀਅਰ ਅਫਸਰ ਨੇ ਇੰਸਪੈਕਟਰ ਤੇ ਡੀ. ਐੱਸ. ਪੀ. ਨੂੰ ਕਿਹਾ ‘ਗਧਾ’
Thursday, Aug 02, 2018 - 02:37 AM (IST)

ਚੰਡੀਗਡ਼੍ਹ, (ਸੁਸ਼ੀਲ)- ਚੰਡੀਗਡ਼੍ਹ ਪੁਲਸ ਦੇ ਇਕ ਇੰਸਪੈਕਟਰ ਨੇ ਐੱਸ. ਐੱਸ. ਪੀ. ਰੈਂਕ ਦੇ ਅਧਿਕਾਰੀ ’ਤੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਉਨ੍ਹਾਂ ਦੀ ਯੂਨਿਟ ਦੇ ਇਕ ਸੀਨੀਅਰ ਅਫਸਰ ਨੇ ਡੀ. ਐੱਸ. ਪੀ. ਤੇ ਉਨ੍ਹਾਂ ਨੂੰ ‘ਗਧਾ’ ਕਿਹਾ।
ਇੰਸਪੈਕਟਰ ਨੇ ਇਸਦੀ ਸ਼ਿਕਾਇਤ ਚੰਡੀਗਡ਼੍ਹ ਪੁਲਸ ਦੇ ਵਟਸਐਪ ਗਰੁੱਪ ’ਤੇ ਪੁਲਸ ਵਿਭਾਗ ਦੇ ਸੀਨੀਅਰ ਅਫਸਰਾਂ ਨੂੰ ਕੀਤੀ ਹੈ। ਗਰੁੱਪ ’ਤੇ ਭੇਜੇ ਮੈਸੇਜ ’ਚ ਇੰਸਪੈਕਟਰ ਨੇ ਕਿਹਾ ਕਿ ਸੀਨੀਅਰ ਅਫਸਰ ਵਲੋਂ ਬੇਇੱਜ਼ਤੀ ਕੀਤੇ ਜਾਣ ਕਾਰਨ ਮੈਂ ਕਾਫ਼ੀ ਨਿਰਾਸ਼ ਹਾਂ। ਇੰਸਪੈਕਟਰ ਨੇ ਕਿਹਾ ਕਿ ਉਹ ਹਰ ਰੋਜ਼ 10 ਤੋਂ 15 ਘੰਟੇ ਕੰਮ ਕਰਦਾ ਹੈ। ਮੇਰੀ ਉਮਰ 54 ਸਾਲ ਹੈ ਤੇ ਪੁਲਸ ਵਿਭਾਗ ’ਚ ਨੌਕਰੀ ਕਰਦੇ ਹੋਏ 30 ਸਾਲ ਹੋ ਚੁੱਕੇ ਹਨ। ਇਸ ਉਮਰ ’ਚ ਅਫਸਰਾਂ ਦੀ ਅਜਿਹੀ ਭਾਸ਼ਾ ਸਹਿਣ ਨਹੀਂ ਹੁੰਦੀ।
ਯੂਨਿਟ ਦੇ ਸੀਨੀਅਰ ਅਫਸਰ ਨੇ ਇੰਸਪੈਕਟਰ ਤੋਂਂ ਪੁੱਛਿਆ ਕਿ ਕਿਸ ਗਧੇ ਇੰਸਪੈਕਟਰ ਤੇ ਡੀ. ਐੱਸ. ਪੀ. ਨੇ ਨਗਰ ਨਿਗਮ ਯੂਨਿਟ ’ਚ ਟਰਾਂਸਫਰ ਹੋਏ ਐੱਸ. ਆਈ. ਤੇ ਦੋ ਕਾਂਸਟੇਬਲਾਂ ਨੂੰ ਰਿਲੀਵ ਕੀਤਾ ਹੈ। ਇੰਸਪੈਕਟਰ ਨੇ ਕਿਹਾ ਕਿ ਤਿੰਨਾਂ ਪੁਲਸ ਕਰਮਚਾਰੀਆਂ ਨੂੰ ਡੀ. ਜੀ. ਪੀ. ਦੇ ਹੁਕਮਾਂ ਤੋਂ ਬਾਅਦ ਹੀ ਰਿਲੀਵ ਕੀਤਾ ਗਿਆ ਹੈ।
ਇੰਸਪੈਕਟਰ ਨੇ ਵਟਸਐਪ ਗਰੁੱਪ ’ਚ ਕੀਤੇ ਮੈਸੇਜ ’ਚ ਕਿਹਾ ਕਿ ਇਸ ਉਮਰ ’ਚ ਮੈਂ ਇਕ ਸਹੁਰਾ ਹਾਂ, ਇਕ ਦਾਦਾ ਹਾਂ ਤੇ ਆਪਣੀ 30 ਸਾਲਾਂ ਦੀ ਸਰਵਿਸ ’ਚ ਗਧੇ ਵਰਗਾ ਸ਼ਬਦ ਸੁਣਨਾ ਕਾਫ਼ੀ ਭੈਡ਼ਾ ਲੱਗਾ ਹੈ। ਇਕ ਐੱਸ. ਐੱਸ. ਪੀ. ਰੈਂਕ ਦਾ ਅਫਸਰ ਸੀਨੀਅਰ ਇੰਸਪੈਕਟਰ ਨੂੰ ਬਿਨਾਂ ਕਿਸੇ ਕਾਰਨ ਬੇਇੱਜ਼ਤ ਕਰ ਰਿਹਾ ਹੈ। ਮੈਂ ਕਿਸ ਤਰ੍ਹਾਂ ਆਪਣੀ ਨੌਕਰੀ ਤਣਾਅ ’ਚ ਕਰ ਸਕਦਾ ਹਾਂ। ਇੰਸਪੈਕਟਰ ਨੇ ਕਿਹਾ ਕਿ ਮੈਂ ਇਸ ਹਾਲਾਤ ’ਚ ਸਬੰਧਤ ਯੂਨਿਟ ’ਚ ਕੰਮ ਨਹੀਂ ਕਰ ਸਕਦਾ ਤੇ ਮੇਰਾ ਜ਼ਮੀਰ ਗਾਲ੍ਹਾਂ ਨਹੀਂ ਸੁਣ ਸਕਦਾ।
ਇੰਸਪੈਕਟਰ ਪਹਿਲਾਂ ਵੀ ਦੇ ਚੁੱਕਾ ਹੈ ਕਈ ਸ਼ਿਕਾਇਤਾਂ
ਐੱਸ. ਐੱਸ. ਪੀ. ’ਤੇ ਬੇਇੱਜ਼ਤੀ ਕਰਨ ਦੇ ਦੋਸ਼ ਲਾਉਣ ਵਾਲਾ ਇੰਸਪੈਕਟਰ ਇਸ ਤੋਂ ਪਹਿਲਾਂ ਵੀ ਇਕ ਡੀ. ਐੱਸ. ਪੀ. ਤੇ ਇੰਸਪੈਕਟਰ ਦੀ ਸ਼ਿਕਾਇਤ ਦੇ ਚੁੱਕਾ ਹੈ। ਦੋ ਮਹੀਨੇ ਪਹਿਲਾਂ ਹੀ ਦੋਸ਼ ਲਾਉਣ ਵਾਲੇ ਇੰਸਪੈਕਟਰ ਨੇ ਇਕ ਥਾਣਾ ਇੰਚਾਰਜ ’ਤੇ ਕੇਸ ਦਰਜ ਕਰਨ ਦੀ ਸ਼ਿਕਾਇਤ ਡੀ. ਜੀ. ਪੀ. ਨੂੰ ਦਿੱਤੀ ਸੀ। ਉਥੇ ਹੀ ਦੋਸ਼ ਲਾਉਣ ਵਾਲੇ ਇੰਸਪੈਕਟਰ ਨੇ ਇਕ ਡੀ. ਐੱਸ. ਪੀ. ਦੀ ਗੱਲਬਾਤ ਰਿਕਾਰਡ ਕਰ ਕੇ ਸ਼ਿਕਾਇਤ ਕੈਟ ਵਿਚ ਵੀ ਕੀਤੀ ਸੀ।
ਮੈਸੇਜ ਤੋਂ ਬਾਅਦ ਹੜਕੰਪ
ਇੰਸਪੈਕਟਰ ਵਲੋਂ ਆਪਣੀ ਹੀ ਯੂਨਿਟ ਦੇ ਐੱਸ. ਐੱਸ. ਪੀ. ’ਤੇ ਬੇਇੱਜ਼ਤੀ ਕਰਨ ਦਾ ਦੋਸ਼ ਲਾਉਣ ਦਾ ਮੈਸੇਜ ਵਟਸਐਪ ਗਰੁੱਪ ’ਤੇ ਚੱਲਦਿਆਂ ਹੀ ਹੜਕੰਪ ਮਚ ਗਿਆ। ਗਰੁੱਪ ਵਿਚ ਐਡ ਸਾਰੇ ਡੀ. ਐੱਸ. ਪੀਜ਼ ਤੇ ਇੰਸਪੈਕਟਰ ਮੈਸੇਜ ਸਬੰਧੀ ਘੁਸਰ-ਮੁਸਰ ਕਰਦੇ ਰਹੇ।