ਡੀ. ਏ. ਪੀ. ਖਾਦ ਦੇ ਸੰਕਟ ਲਈ ਮੋਦੀ ਤੇ ਚੰਨੀ ਸਰਕਾਰ ਜ਼ਿੰਮੇਵਾਰ : ਹਰਪਾਲ ਸਿੰਘ ਚੀਮਾ
Thursday, Nov 11, 2021 - 08:21 PM (IST)
ਚੰਡੀਗੜ੍ਹ (ਬਿਊਰੋ)-ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕਾਂ ਨੇ ਸੂਬੇ ’ਚ ਡੀ. ਏ. ਪੀ. ਖਾਦ ਦੇ ਡੂੰਘੇ ਹੋ ਰਹੇ ਸੰਕਟ ਨੂੰ ਲੈ ਕੇ ਕੇਂਦਰ ਦੀ ਮੋਦੀ ਅਤੇ ਪੰਜਾਬ ਦੀ ਚੰਨੀ ਸਰਕਾਰ ਵਿਰੁੱਧ ਰੋਸ ਮਾਰਚ ਕੀਤਾ। ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਸਥਾਨਕ ਸੈਕਟਰ- 4 ਸਥਿਤ ਐੱਮ. ਐੱਲ. ਏ. ਹੋਸਟਲ ’ਚ ਬੈਠਕ ਕਰਨ ਉਪਰੰਤ ‘ਆਪ’ ਵਿਧਾਇਕਾਂ ਨੇ ਪੈਦਲ ਹੀ ਵਿਧਾਨ ਸਭਾ ਵੱਲ ਕੂਚ ਕੀਤਾ। ‘ਆਪ’ ਵਿਧਾਇਕਾਂ ’ਚ ਕੁਲਤਾਰ ਸਿੰਘ ਸੰਧਵਾਂ, ਵਿਰੋਧੀ ਧਿਰ ਦੀ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ, ਅਮਨ ਅਰੋੜਾ, ਮੀਤ ਹੇਅਰ, ਪ੍ਰਿੰਸੀਪਲ ਬੁੱਧਰਾਮ, ਕੁਲਵੰਤ ਸਿੰਘ ਪੰਡੋਰੀ, ਮਨਜੀਤ ਸਿੰਘ ਬਿਲਾਸਪੁਰ, ਜੈ ਸਿੰਘ ਰੋੜੀ ਅਤੇ ਅਮਰਜੀਤ ਸਿੰਘ ਸੰਦੋਆ ਪ੍ਰਮੁੱਖ ਸਨ। ਹੱਥਾਂ ’ਚ ਚੰਨੀ ਅਤੇ ਮੋਦੀ ਸਰਕਾਰ ਖਿਲਾਫ਼ ਤਖ਼ਤੀਆਂ ਅਤੇ ਡੀ. ਏ. ਪੀ. ਖਾਦ ਦੇ ਖਾਲੀ ਥੈਲੇ ਫੜ ਕੇ 'ਆਪ' ਵਿਧਾਇਕਾਂ ਨੇ ਜਿੱਥੇ ਕੇਂਦਰ ਦੀ ਮੋਦੀ ਸਰਕਾਰ ਉੱਤੇ ਪੰਜਾਬ ਦੇ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਦੇ ਦੋਸ਼ ਲਾਏ, ਉਥੇ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹੁਣ ਤੱਕ ਦਾ ਸਭ ਤੋਂ ਕਮਜ਼ੋਰ ਮੁੱਖ ਮੰਤਰੀ ਕਰਾਰ ਦਿੱਤਾ ਅਤੇ ਦੋਸ਼ ਲਾਇਆ ਕਿ ਚੰਨੀ ਨੇ ਕੁਰਸੀ ਅਤੇ ਕਮਜ਼ੋਰੀ ਕਾਰਨ ਕੇਂਦਰ ਦੀ ਮੋਦੀ ਸਰਕਾਰ ਮੂਹਰੇ ਆਤਮਸਮਰਪਣ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਬਿਕਰਮ ਮਜੀਠੀਆ ਦਾ CM ਚੰਨੀ ਤੇ ਸਿੱਧੂ ’ਤੇ ਪਲਟਵਾਰ, ਕਹੀਆਂ ਵੱਡੀਆਂ ਗੱਲਾਂ
ਮੀਡੀਆ ਨਾਲ ਗੱਲਬਾਤ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਦੋਂ ਕੇਂਦਰ ਦੀ ਸਰਕਾਰ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਨਾਲ ਬਦਲੇ ਦੀ ਭਾਵਨਾ ’ਚ ਸ਼ਰੇਆਮ ਕਿੜ੍ਹ ਕੱਢ ਰਹੀ ਹੈ, ਤਾਂ ਚੰਨੀ ਸਰਕਾਰ ਕੀ ਕਰ ਰਹੀ ਹੈ? ਚੀਮਾ ਨੇ ਕਿਹਾ ਕਿ ਕੇਂਦਰ ਦੀਆਂ ਜ਼ਿਆਦਤੀਆਂ ਮੂਹਰੇ ਗੋਡੇ ਟੇਕ ਕੇ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਨਹੀਂ ਕੀਤੀ ਜਾ ਸਕਦੀ। ਇਸ ਲਈ ਪੰਜਾਬ ਨੂੰ ਇਕ ਮਜ਼ਬੂਤ ਅਤੇ ਸਥਿਰ ਸਰਕਾਰ ਦੀ ਜ਼ਰੂਰਤ ਹੈ, ਜੋ ਸਿਰਫ਼ ਆਮ ਆਦਮੀ ਪਾਰਟੀ ਹੀ ਦੇ ਸਕਦੀ ਹੈ। ਇਸ ਮੌਕੇ ਕੁਲਤਾਰ ਸਿੰਘ ਸੰਧਵਾਂ ਅਤੇ ਅਮਨ ਅਰੋੜਾ ਨੇ ਕਿਹਾ ਕਿ ਅੱਜ ਕਣਕ ਦੀ ਬੀਜਾਈ ਦਾ ਸਮਾਂ ਸਿਖ਼ਰਾਂ ’ਤੇ ਹੈ ਪਰ ਸੂਬੇ ਦੀਆਂ ਸਹਿਕਾਰੀ ਸਭਾਵਾਂ ਅਤੇ ਪ੍ਰਾਈਵੇਟ ਡੀਲਰਾਂ ਨੂੰ ਅਜੇ ਤੱਕ 40- 42 ਫ਼ੀਸਦੀ ਹੀ ਡੀ. ਏ. ਪੀ. ਖਾਦ ਦੀ ਸਪਲਾਈ ਪ੍ਰਾਪਤ ਹੋਈ ਹੈ। 'ਆਪ' ਵਿਧਾਇਕਾਂ ਨੇ ਦੋਸ਼ ਲਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ਲਈ ਪੰਜਾਬ ਨੂੰ ਡੀ.ਏ.ਪੀ. ਖਾਦ ਦੀ ਸਪਲਾਈ ’ਚ ਜਾਣਬੁੱਝ ਕੇ ਰੁਕਾਵਟਾਂ ਪਾ ਰਹੀ ਹੈ, ਜਦਕਿ ਗੁਆਂਢੀ ਸੂਬਿਆਂ ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ’ਚ ਪੰਜਾਬ ਨਾਲੋਂ ਦੁੱਗਣੀ- ਚੌਗੁਣੀ ਸਪਲਾਈ ਕੀਤੀ ਜਾ ਰਹੀ ਹੈ ਪਰ ਇੰਨਾ ਧੱਕਾ ਹੋਣ ਦੇ ਬਾਵਜੂਦ ਚੰਨੀ ਸਰਕਾਰ ਹੱਥ 'ਤੇ ਹੱਥ ਧਰੀ ਬੈਠੀ ਹੈ, ਜਿਸ ਕਾਰਨ ਸੂਬੇ ਦੇ ਕਿਸਾਨਾਂ 'ਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਇਸ ਦੌਰਾਨ ਹਾਈਕੋਰਟ ਚੌਕ ’ਤੇ ਚੰਡੀਗੜ੍ਹ ਪੁਲਸ ਵੱਲੋਂ ਕੀਤੀ ਬੈਰੀਕੇਡਿੰਗ ਉੱਤੇ ਪੁਲਸ ਨੇ ‘ਆਪ’ ਵਿਧਾਇਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ 'ਆਪ' ਵਿਧਾਇਕ ਹੱਥਾਂ ’ਚ ਤੱਖਤੀਆਂ ਸਮੇਤ ਵਿਧਾਨ ਸਭਾ ਕੰਪਲੈਕਸ ਅੰਦਰ ਜਾਣ ’ਚ ਕਾਮਯਾਬ ਹੋ ਗਏ।
ਸਮੇਂ ਤੋਂ ਪਹਿਲਾਂ ਮੰਡੀਆਂ ਕਿਉਂ ਬੰਦ ਕਰ ਰਹੀ ਹੈ ਚੰਨੀ ਸਰਕਾਰ : ‘ਆਪ’ ਦਾ ਸਵਾਲ
'ਆਪ' ਨੇ ਪੰਜਾਬ ਸਰਕਾਰ ਵੱਲੋਂ ਫ਼ਸਲ ਬਾਕੀ ਹੋਣ ਦੇ ਬਾਵਜੂਦ ਮੰਡੀਆਂ ’ਚੋਂ ਸਰਕਾਰੀ ਖ਼ਰੀਦ ਬੰਦ ਕੀਤੇ ਜਾਣ ਦਾ ਮੁੱਦਾ ਵੀ ਚੁੱਕਿਆ। ਸੂਬੇ ਦੀਆਂ ਮੰਡੀਆਂ ’ਚੋਂ ਖ਼ਰੀਦ ਬੰਦ ਕੀਤੇ ਜਾਣ ਦੇ ਫ਼ੈਸਲੇ ’ਤੇ ਹਰਪਾਲ ਸਿੰਘ ਚੀਮਾ ਨੇ ਇਸ ਨੂੰ ਤੁਗ਼ਲਕੀ ਫ਼ਰਮਾਨ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਅਜੇ ਵੀ 15-20 ਫ਼ੀਸਦੀ ਝੋਨਾ ਮੰਡੀਆਂ ’ਚ ਆਉਣਾ ਬਾਕੀ ਹੈ, ਫਿਰ ਕਿਸ ਆਧਾਰ ’ਤੇ ਸੂਬਾ ਸਰਕਾਰ ਖ਼ਰੀਦ ਬੰਦ ਕਰ ਰਹੀ ਹੈ, ਜਦਕਿ ਕੇਂਦਰ ਸਰਕਾਰ ਵੱਲੋਂ ਝੋਨੇ ਦੀ ਖ਼ਰੀਦ ਨੂੰ 30 ਨਵੰਬਰ ਤੱਕ ਮਨਜ਼ੂਰੀ ਦਿੱਤੀ ਹੋਈ ਹੈ।
ਅਮਲ ਨਹੀਂ, ਸਿਰਫ਼ ਐਲਾਨ ਕਰਨ ’ਚ ਮਾਹਿਰ ਹੈ ਚੰਨੀ ਸਰਕਾਰ : ਚੀਮਾ
ਆਮ ਆਦਮੀ ਪਾਰਟੀ ਨੇ ਦੋਸ਼ ਲਾਇਆ ਕਿ ਚੰਨੀ ਸਰਕਾਰ ਦੀ ਕਥਨੀ ਅਤੇ ਕਰਨੀ ’ਚ ਦਿਨ-ਰਾਤ ਜਿੰਨਾ ਅੰਤਰ ਹੈ। ਮੀਡੀਆਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਚੰਨੀ ਸਰਕਾਰ ਨੇ ਸਿਰਫ਼ ਐਲਾਨ ਕਰਨ ’ਚ ਮੁਹਾਰਤ ਹਾਸਲ ਕੀਤੀ ਹੈ ਪਰ ਐਲਾਨਾਂ ਉੱਤੇ ਅਮਲ ਕਰਨਾ ਨਾ ਇਨ੍ਹਾਂ (ਕਾਂਗਰਸੀਆਂ) ਦੀ ਨੀਤੀ ਹੈ ਅਤੇ ਨਾ ਹੀ ਨੀਅਤ ’ਚ ਹੈ। ਚੀਮਾ ਨੇ ਮੀਡੀਆ ਕਰਮੀਆਂ ਨੂੰ ਪੁੱਛਿਆ ਕਿ ਸਰਬ ਪਾਰਟੀ ਬੈਠਕ ਵਿੱਚ 'ਆਪ' ਵੱਲੋਂ ਉਠਾਏ ਮੁੱਦੇ 'ਤੇ ਚਰਨਜੀਤ ਸਿੰਘ ਚੰਨੀ ਨੇ ਭਰੋਸਾ ਦਿੱਤਾ ਸੀ ਕਿ ਇਸ ਵਾਰ ਸਾਰਾ ਮੀਡੀਆ ਕੈਮਰਿਆਂ ਸਮੇਤ ਵਿਧਾਨ ਸਭਾ ਕੰਪਲੈਕਸ ਦੇ ਅੰਦਰ ਤੱਕ ਪਹੁੰਚ ਰੱਖੇਗਾ, ਕੀ ਅਜਿਹਾ ਹੋ ਸਕਿਆ ਹੈ? ਤੁਸੀਂ ਮੀਡੀਆ ਕਰਮੀ ਅੱਜ ਵੀ ਬਾਹਰ ਹੀ ਖੜ੍ਹੇ ਹੋ। ਇਸੇ ਤਰ੍ਹਾਂ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਬੀ. ਏ. ਸੀ. ਦੀ ਬੈਠਕ ’ਚ ਭਰੋਸਾ ਦਿੱਤਾ ਸੀ ਕਿ ਲੰਬਿਤ ਮਾਨਸੂਨ ਇਜਲਾਸ 15-20 ਦਿਨਾਂ ’ਚ ਬੁਲਾ ਲਿਆ ਜਾਵੇਗਾ, ਕੀ ਅਜਿਹਾ ਹੋ ਸਕਿਆ ਹੈ? ਨਹੀਂ ਹੋ ਸਕਿਆ। ਇਸੇ ਤਰ੍ਹਾਂ ਸਰਕਾਰ ਇਜਲਾਸ ਦੀ ਕਾਰਵਾਈ ਦੇ ਸਿੱਧੇ ਪ੍ਰਸਾਰਣ ਦੀ ਗੱਲ ਤੋਂ ਵੀ ਭੱਜ ਗਈ। ਇਹੋ ਹਾਲ ਸਰਕਾਰ ਵੱਲੋਂ ਚੋਣਾ ਦੇ ਮੱਦੇਨਜ਼ਰ ਕੀਤੇ ਜਾ ਰਹੇ ਸਾਰੇ ਛੋਟੇ- ਵੱਡੇ ਐਲਾਨਾਂ ਦਾ ਹੋਣਾ ਹੈ।
ਲੋਕ ਮੁੱਦਿਆਂ ਦੇ ਹੱਲ ਲਈ 15 ਦਿਨ ਲਗਾਤਾਰ ਚੱਲੇ ਇਜਲਾਸ : 'ਆਪ'
ਵਿਧਾਨ ਸਭਾ ਇਜਲਾਸ ਦੌਰਾਨ 'ਆਪ' ਦੇ ਵਿਧਾਇਕਾਂ ਨੇ ਪੰਜਾਬ ਅਤੇ ਪੰਜਾਬ ਦੇ ਲੋਕਾਂ ਨੂੰ ਦੁਰਪੇਸ਼ ਢੇਰਾਂ ਮੁੱਦਿਆਂ ਦੇ ਪੱਕੇ ਹੱਲ ਲਈ ਘੱਟੋ- ਘੱਟ 15 ਦਿਨ ਦੇ ਲਗਾਤਾਰ ਇਜਲਾਸ ਦੀ ਮੰਗ ਕੀਤੀ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਰੌਲੇ-ਰੱਪੇ ’ਚ 2-4 ਮਿੰਟ ਦੀ ਬਹਿਸ ਨਾਲ ਪੰਜਾਬ ਦੇ ਵੱਡੇ ਮਸਲੇ ਕਿਵੇਂ ਹੱਲ ਹੋ ਸਕਦੇ ਹਨ? ਉਨ੍ਹਾਂ ਬੇਰੁਜ਼ਗਾਰੀ, ਕਿਸਾਨੀ-ਕਰਜ਼ੇ, ਹਜ਼ਾਰਾਂ ਆਊਟਸੋਰਸਿੰਗ ਕਾਮੇ, ਮੁਲਾਜ਼ਮ ਅਤੇ ਪੈਨਸ਼ਨਰ, ਸਰਕਾਰੀ ਕਾਲਜਾਂ ਦੇ ਗੈਸਟ ਫ਼ੈਕਲਟੀ ਟੀਚਰਾਂ ਸਮੇਤ ਬੇਅਦਬੀ, ਬਹਿਬਲ ਕਲਾਂ, ਨਸ਼ੇ ਅਤੇ ਬਹੁ-ਭਾਂਤੀ ਮਾਫ਼ੀਆ ਨੂੰ ਪੰਜਾਬ ਦੇ ਭਖਵੇਂ ਮੁੱਦੇ ਦੱਸਿਆ।
ਨੋਟ-ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦੱਸੋ।