ਮਾਛੀਵਾੜਾ 'ਚ ਸਿਲੰਡਰ ਫਟਣ ਕਾਰਨ ਜ਼ਬਰਦਸਤ ਧਮਾਕਾ, ਹਵਾ 'ਚ ਉੱਛਲਦਾ ਸੜਕ 'ਤੇ ਡਿਗਿਆ ਸ਼ਟਰ (ਤਸਵੀਰਾਂ)
Wednesday, Jun 15, 2022 - 02:16 PM (IST)
ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਸ਼ਹਿਰ ਵਿਖੇ ਰੋਪੜ ਰੋਡ ’ਤੇ ਇੱਕ ਫਰੂਟ ਵਿਕਰੇਤਾ ਦੀ ਦੁਕਾਨ ਵਿਚ ਸਵੇਰੇ ਕਰੀਬ 5 ਵਜੇ ਜ਼ਬਰਦਸਤ ਧਮਾਕਾ ਹੋਇਆ, ਜਿਸ ਨਾਲ ਆਸ-ਪਾਸ ਘਰਾਂ ਵਿਚ ਰਹਿੰਦੇ ਲੋਕ ਸਹਿਮ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਰੋਪੜ ਰੋਡ ’ਤੇ ਫਰੂਟ ਦੀ ਦੁਕਾਨ ਕਰਦੇ ਰਾਕੇਸ਼ ਕੁਮਾਰ ਅਤੇ ਵਿੱਕੀ ਕੁਮਾਰ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਬੀਤੀ ਰਾਤ ਵੀ 10 ਵਜੇ ਦੁਕਾਨ ਬੰਦ ਕਰਕੇ ਘਰ ਚਲੇ ਗਏ ਸਨ।
ਇਹ ਵੀ ਪੜ੍ਹੋ : ਦਿੱਲੀ ਏਅਰਪੋਰਟ ਨੂੰ ਅੱਜ ਰਵਾਨਾ ਹੋਣਗੀਆਂ ਸਰਕਾਰੀ ਬੱਸਾਂ, CM ਮਾਨ ਤੇ ਕੇਜਰੀਵਾਲ ਦੇਣਗੇ ਹਰੀ ਝੰਡੀ
ਸਵੇਰ ਤੜਕਸਾਰ ਉਨ੍ਹਾਂ ਨੂੰ ਕਿਸੇ ਨੇ ਫੋਨ ਕਰਕੇ ਜਾਣਕਾਰੀ ਦਿੱਤੀ ਕਿ ਦੁਕਾਨ ’ਚੋਂ ਧੂੰਆਂ ਨਿਕਲ ਰਿਹਾ ਹੈ ਪਰ ਜਦੋਂ ਤੱਕ ਉਹ ਉੱਥੇ ਪਹੁੰਚਦੇ, ਉਦੋਂ ਤੱਕ ਦੁਕਾਨ ਵਿਚ ਪਿਆ ਸਿਲੰਡਰ ਫਟਣ ਨਾਲ ਹੋਏ ਧਮਾਕੇ ’ਚ ਸਾਰਾ ਸਮਾਨ ਤਹਿਸ-ਨਹਿਸ ਹੋ ਚੁੱਕਾ ਸੀ। ਵਿੱਕੀ ਕੁਮਾਰ ਨੇ ਦੱਸਿਆ ਕਿ ਉਹ ਫਰੂਟ ਵੇਚਣ ਦੇ ਨਾਲ ਦੁਕਾਨ ਦੇ ਬਾਹਰ ਵੀ ਰੇਹੜੀ ਲਗਾ ਕੇ ਫਾਸਟ ਫੂਡ ਦਾ ਕੰਮ ਵੀ ਕਰਦਾ ਸੀ, ਜਿਸ ਲਈ ਉਸਨੇ ਸਿਲੰਡਰ ਰੱਖਿਆ ਹੋਇਆ ਸੀ।
ਸਿਲੰਡਰ ਫਟਣ ਕਾਰਨ ਧਮਾਕਾ ਇੰਨਾ ਜ਼ਬਰਦਸਤ ਹੋਇਆ ਕਿ ਦੁਕਾਨ ਦਾ ਸ਼ਟਰ ਹਵਾ ਵਿਚ ਉਛਲਦਾ ਹੋਇਆ ਸੜਕ ’ਤੇ ਜਾ ਡਿਗਿਆ। ਦੁਕਾਨ ਅੰਦਰ ਪਿਆ ਸਮਾਨ ਜਿਸ ’ਚ 2 ਫਰਿੱਜ਼, ਸਾਈਕਲ, ਫਰੂਟ, ਕੋਲਡ ਡ੍ਰਿੰਕ ਦੀਆਂ ਬੋਤਲਾਂ ਅਤੇ ਇੱਕ ਟੈਲੀਵਿਜ਼ਨ ਸਾਰੇ ਤਬਾਹ ਹੋ ਗਏ। ਸਿਲੰਡਰ ਫਟਣ ਕਾਰਨ ਦੁਕਾਨਦਾਰ ਦਾ ਕਰੀਬ 3 ਲੱਖ ਰੁਪਏ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ। ਦੁਕਾਨ ਅੰਦਰ ਪਏ ਸਿਲੰਡਰ ਫਟਣ ਦੇ ਕਾਰਨਾਂ ਦੀ ਕੋਈ ਸਪੱਸ਼ਟ ਜਾਣਕਾਰੀ ਨਹੀਂ ਮਿਲ ਸਕੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ