ਮਾਮਲਾ ਸਿਲੰਡਰ ਫੱਟਣ ਦਾ, ਬਜ਼ੁਰਗ ਸਮੇਤ ਤਿੰਨ ਬੱਚਿਆਂ ਦੀਆਂ ਕੱਟੀਆਂ ਲੱਤਾਂ

Sunday, Feb 25, 2018 - 05:20 PM (IST)

ਅੰਮ੍ਰਿਤਸਰ (ਦਲਜੀਤ ਸ਼ਰਮਾ) - ਡੇਰਾ ਬਾਬਾ ਦਰਸ਼ਨ ਸਿੰਘ ਕੁਲੀ ਵਾਲਿਆਂ ਵਿਖੇ ਬੀਤੇ ਦਿਨੀਂ ਸਮਾਗਮ ਦੌਰਾਨ ਸਿਲੰਡਰ ਫੱਟਣ ਨਾਲ ਜ਼ਖਮੀ ਹੋਏ 10 ਬੱਚਿਆਂ ਵਿਚੋਂ ਗੁਬਾਰੇ ਵੇਚਣ ਵਾਲੇ ਬਜ਼ੁਰਗ ਸਮੇਤ 3 ਬੱਚਿਆਂ ਦੀ ਅੱਜ ਆਪ੍ਰੇਸ਼ਨ ਦੌਰਾਨ ਡਾਕਟਰਾਂ ਨੇ ਲੱਤ ਕੱਟ ਦਿੱਤੀ ਹੈ। ਜਦਕਿ 2 ਬੱਚਿਆਂ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਜ਼ਖਮੀ ਸਾਰੇ ਬੱਚੇ 6 ਤੋਂ 13 ਸਾਲ ਦੀ ਉਮਰ ਦੇ ਵਿਚਕਾਰ ਹਨ ਤੇ ਗਰੀਬ ਪਰਿਵਾਰਾਂ ਨਾਲ ਸਬੰਧਤ ਹਨ।
ਜਾਣਕਾਰੀ ਅਨੁਸਾਰ ਛੇਹਰਟਾ ਘਣੂਪੁਰ ਕਾਲੇ ਸਥਿਤ ਡੇਰਾ ਬਾਬਾ ਦਰਸ਼ਨ ਸਿੰਘ ਕੁਲੀ ਵਾਲਿਆਂ ਦਾ ਧਾਰਮਿਕ ਸਮਾਗਮ ਚੱਲ ਰਿਹਾ ਸੀ। ਅਚਾਨਕ ਗੈਸੀ ਗੁਬਾਰੇ ਵੇਚਣ ਵਾਲਾ ਸਿਲੰਡਰ ਫੱਟ ਗਿਆ, ਜਿਸ ਨਾਲ ਗੁਬਾਰੇ ਵੇਚਣ ਵਾਲੇ ਸਮੇਤ 10 ਬੱਚੇ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਲੋਕਾਂ ਦੀ ਮਦਦ ਨਾਲ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਡਾਕਟਰਾਂ ਵੱਲੋਂ ਐਤਵਾਰ ਆਪਰੇਸ਼ਨ ਦੌਰਾਨ ਗੁਬਾਰੇ ਵੇਚਣ ਵਾਲੇ ਸਤਨਾਮ ਸਿੰਘ ਸਮੇਤ ਗੁਰਪ੍ਰੀਤ ਸਿੰਘ (13), ਨਵਦੀਪ ਸਿੰਘ (12), ਜਸਨਪ੍ਰੀਤ ਸਿੰਘ (10) ਦੀ ਲੱਤ ਕੱਟਣੀ ਪਈ ਜਦਕਿ ਅਕਾਸ਼ਦੀਪ ਸਿੰਘ (14) ਤੇ ਲਵਪ੍ਰੀਤ ਸਿੰਘ (13) ਦੀਆਂ ਦੋਵਾਂ ਲੱਤਾਂ ਦਾ ਸਾਰਾ ਮਾਸ ਤੇ ਹੱਡੀਆਂ ਬਾਹਰ ਆਉਣ ਕਾਰਨ ਅਜੇ ਵੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ਖਮੀ ਬੱਚਿਆਂ ਨੂੰ ਨਿੱਜੀ ਹਸਪਤਾਲ ਦੇ ਆਈ. ਸੀ. ਯੂ. ਵਿਚ ਰੱਖਿਆ ਗਿਆ ਹੈ। ਘਟਨਾ ਵਾਪਰਨ ਤੋਂ ਬਾਅਦ ਬੱਚਿਆਂ ਦੇ ਰਿਸ਼ਤੇਦਾਰ ਹਸਪਤਾਲ 'ਚ ਵੱਡੀ ਗਿਣਤੀ 'ਚ ਪੁੱਜੇ ਰਹੇ ਹਨ, ਜਿਨ੍ਹਾਂ ਬੱਚਿਆਂ ਦੀਆਂ ਲੱਤਾਂ ਕੱਟੀਆਂ ਗਈਆਂ ਹਨ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਰੌ-ਰੌ ਕੇ ਬੁਰਾ ਹਾਲ ਹੈ।
ਜ਼ਖਮੀ ਬੱਚਿਆਂ ਦੇ ਲਈ ਖੂਨ ਦੀ ਪੂਰਤੀ ਕਰ ਰਹੇ ਹਨ ਨੌਜਵਾਨ
ਜ਼ਖਮੀ ਬੱਚਿਆਂ ਨੂੰ ਹੁਣ ਤੱਕ 31 ਤੋਂ ਵੱਧ ਬੋਤਲਾਂ ਖੂਨ ਦੀਆਂ ਡਾਕਟਰਾਂ ਵੱਲੋਂ ਚੜਾਈਆਂ ਜਾ ਚੁੱਕੀਆਂ ਹਨ। ਪਿੰਡ ਕਾਲੇ ਦੇ ਨੌਜਵਾਨ ਸਿੰਘ ਸਭਾ ਦੇ ਮੈਂਬਰਾਂ ਵੱਲੋਂ ਦਿਨ ਰਾਤ ਬੱਚਿਆਂ ਲਈ ਖੂਨ ਉਪਲੱਬਧ ਕਰਵਾਇਆ ਜਾ ਰਿਹਾ ਹੈ। ਡਾਕਟਰਾਂ ਅਨੁਸਾਰ ਆਉਣ ਵਾਲੇ ਸਮੇਂ ਵਿਚ ਹੋਰ ਖੂਨ ਦੀ ਵੀ ਜ਼ਰੂਰਤ ਪੈ ਸਕਦੀ ਹੈ। ਨੌਜਵਾਨਾਂ ਵੱਲੋਂ ਪਹਿਲਾਂ ਹੀ ਖੂਨ ਦਾ ਇਤਜ਼ਾਮ ਕੀਤਾ ਜਾ ਰਿਹਾ ਹੈ। 
ਗਰੀਬ ਪਰਿਵਾਰਾਂ ਨਾਲ ਸਬੰਧਤ ਹਨ ਜ਼ਖਮੀ ਬੱਚੇ
ਗੈਸ ਸਿਲੰਡਰ ਹਾਦਸੇ 'ਚ ਜ਼ਖਮੀ ਹੋਏ ਸਾਰੇ ਬੱਚੇ ਗਰੀਬ ਪਰਿਵਾਰਾਂ ਨਾਲ ਸਬੰਧਤ ਹਨ। ਇਕ ਬੱਚਾ ਤਾਂ ਅਜਿਹਾ ਵੀ ਹੈ ਜਿਸ ਦੇ ਮਾਂ ਬਾਪ ਨਹੀਂ ਹਨ ਤੇ ਦਾਦਾ ਹੀ ਉਸ ਦਾ ਪਾਲਣ ਪੋਸ਼ਣ ਕਰ ਰਿਹਾ ਹੈ, ਜਿਨ੍ਹਾਂ 2 ਬੱਚਿਆਂ ਦੀ ਲੱਤ ਕੱਟੀ ਗਈ ਹੈ, ਉਨ੍ਹਾਂ ਦਾ ਪਰਿਵਾਰ ਕਿਰਾਏ 'ਤੇ ਰਹਿ ਰਿਹਾ ਹੈ। ਪੀੜਤ ਪਰਿਵਾਰਾਂ ਸਰਕਾਰ ਵੱਲ ਤਰਸ ਭਰੀ ਨਜ਼ਰਾਂ ਨਾਲ ਸਹਾਇਤਾ ਦੀ ਉਮੀਦ ਲਗਾਈ ਬੈਠੇ ਹਨ।
ਮੇਲੇ 'ਚ ਦੋ ਸਿਲੰਡਰ ਲੈ ਕੇ ਪੁੱਜਾ ਸੀ ਸਤਨਾਮ 
ਗੈਸੀ ਗੁਬਾਰੇ ਵੇਚਣ ਵਾਲੇ ਜ਼ਖਮੀ ਸਤਨਾਮ ਸਿੰਘ ਦੇ ਪੁੱਤਰ ਨੇ ਦੱਸਿਆ ਕਿ ਪਿਛਲੇ 30 ਸਾਲਾਂ ਤੋਂ ਉਸ ਦਾ ਬਾਪ ਗੈਸੀ ਗੁਬਾਰੇ ਵੇਚਦਾ ਸੀ। ਮੇਲੇ 'ਚ ਆਮਦਨ ਜ਼ਿਆਦਾ ਹੋਵੇਗੀ। ਇਸੇ ਕਰਕੇ ਉਹ ਬੀਤੇ ਦਿਨੀਂ 2 ਸਿਲੰਡਰ ਗੈਸੀ ਗੁਬਾਰੇ ਵਾਲੇ ਲੈ ਕੇ ਗਿਆ ਪਰ ਉਸ ਦੇ ਬਾਪ ਨੂੰ ਕੀ ਪਤਾ ਸੀ ਕਿ ਆਮਦਨ ਦਾ ਜਰੀਆ ਵਾਲਾ ਸਿਲੰਡਰ ਹੀ ਉਸ ਦੀ ਜਾਨ ਦਾ ਖਤਰਾ ਬਣ ਜਾਵੇਗਾ। 
ਸਮਾਜ ਸੇਵਕ ਸੰਧੂ ਰਣੀਕੇ ਨੇ ਪੀੜਤ ਪਰਿਵਾਰਾਂ ਦੀ ਕੀਤੀ ਮਾਲੀ ਸਹਾਇਤਾ
ਗੈਸ ਸਿਲੰਡਰ ਫੱਟਣ ਨਾਲ ਜ਼ਖਮੀ ਹੋਏ ਬੱਚਿਆਂ ਦੀ ਸਾਰ ਲੈਣ ਵੱਖ-ਵੱਖ ਪਾਰਟੀਆਂ ਦੇ ਸਿਆਸੀ ਲੀਡਰ ਪਰਿਵਾਰਾਂ ਨੂੰ ਦਿਲਾਸਾ ਦੇਣ ਲਈ ਤਾਂ ਹਸਪਤਾਲ ਪੁੱਜ ਰਹੇ ਹਨ ਪਰ ਅਜੇ ਤੱਕ ਕਿਸੇ ਵੀ ਲੀਡਰ ਨੇ ਮਾਲੀ ਸਹਾਇਤਾ ਨਹੀਂ ਦਿੱਤੀ ਹੈ। ਉਘੇ ਸਮਾਜ ਸੇਵਕ ਪੂਰਨ ਸਿੰਘ ਸੰਧੂ ਰਣੀਕੇ ਨੇ ਅੱਜ ਹਸਪਤਾਲ 'ਚ ਬੱਚਿਆਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਤੇ ਆਪਣੀ ਜੇਬ 'ਚੋਂ 2 ਲੱਖ ਰੁਪਏ ਦਿੱਤੇ। ਸੰਧੂ ਰਣੀਕੇ ਇਸ ਤੋਂ ਪਹਿਲਾਂ ਵੀ ਸੈਂਕੜੇ ਨਸ਼ੇ 'ਚ ਡੁੱਬੇ ਨੌਜਵਾਨ ਨੂੰ ਪੈਰਾ 'ਤੇ ਖੜਾ ਕਰਨ ਲਈ ਲੱਖਾ ਰੁਪਿਆ ਦੀ ਮਾਲੀ ਸਹਾਇਤਾ ਦੇ ਚੁੱਕੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਗੁਰਿੰਦਰਪਾਲ ਸਿੰਘ ਲਾਲੀ ਵੀ ਮੌਜੂਦ ਸਨ। 


Related News