ਪੰਜਾਬ 'ਚ ਚੱਕਰਵਾਤੀ ਤੂਫ਼ਾਨ ਨੇ ਮਚਾਈ ਤਬਾਹੀ, ਇਕ ਦੀ ਮੌਤ, ਜੜ੍ਹੋਂ ਪੁੱਟੇ ਗਏ ਦਰੱਖ਼ਤ (ਵੀਡੀਓ)
Sunday, Mar 03, 2024 - 10:00 AM (IST)
ਭਗਤਾ ਭਾਈ (ਪਰਵੀਨ,ਢਿੱਲੋਂ) : ਇੱਥੇ ਬੀਤੀ ਬਾਅਦ ਦੁਪਹਿਰ ਆਏ ਚੱਕਰਵਰਤੀ ਤੂਫ਼ਾਨ ਅਤੇ ਭਾਰੀ ਗੜ੍ਹੇਮਾਰੀ ਨੇ ਤਬਾਹੀ ਮਚਾਈ। ਇਸ ਤੂਫ਼ਾਨ ਨੇ ਇਕ ਵਿਅਕਤੀ ਨੂੰ ਕਾਲ ਦਾ ਗ੍ਰਾਸ ਬਣਾ ਦਿੱਤਾ ਅਤੇ ਕਈਆਂ ਨੂੰ ਜ਼ਖਮੀ ਕਰ ਦਿੱਤਾ। ਇਸ ਤੂਫ਼ਾਨ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਇਹ ਤੂਫ਼ਾਨ ਇੰਨਾ ਭਿਆਨਕ ਸੀ ਕਿ ਭਾਰੇ ਦਰੱਖਤ ਵੀ ਜੜ੍ਹਾਂ ’ਚੋਂ ਪੁੱਟੇ ਗਏ ਅਤੇ ਕਈ ਮੋਟਰ ਗੱਡੀਆਂ ਵੀ ਪਲਟੀਆਂ ਖਾਂਦੀਆਂ ਦੇਖੀਆਂ ਗਈਆਂ। ਇਸ ਤੂਫ਼ਾਨ ਨੇ ਸ਼ਹਿਰ ਦੇ ਇਕ ਰਾਈਸ ਸ਼ੈਲਰ, ਡੇਰਾ ਰਾਧਾ ਸੁਆਮੀ ਬਿਆਸ ਦੇ ਸਤਿਸੰਗ ਘਰ ਅਤੇ ਇਕ ਵਰਕਸ਼ਾਪ ਮੁਕੰਮਲ ਤਹਿਸ-ਨਹਿਸ ਕਰ ਕੇ ਰੱਖ ਦਿੱਤਾ। ਇਸ ਤੋਂ ਇਲਾਵਾ ਇਸ ਤੂਫ਼ਾਨ ਕਾਰਨ ਇਕ ਪੈਟਰੋਲ ਪੰਪ ਦਾ ਵੀ ਕਾਫੀ ਨੁਕਸਾਨ ਹੋਇਆ ਅਤੇ ਕਿਸਾਨਾਂ ਵੱਲੋਂ ਪੁੱਤਰਾਂ ਵਾਂਗ ਪਾਲੀ ਗਈ ਕਣਕ ਦਾ ਵੀ ਭਾਰੀ ਨੁਕਸਾਨ ਹੋਇਆ। ਇਸ ਤੂਫ਼ਾਨ ’ਚ ਇਕ ਰਾਈਸ ਸ਼ੈਲਰ ਨੂੰ ਭਾਰੀ ਨੁਕਸਾਨ ਪੁੱਜਾ ਅਤੇ ਉਸ ਦੀ ਮਸ਼ੀਨਰੀ ਅਤੇ ਮਸ਼ੀਨਰੀ ਰੂਮ ਢਹਿ-ਢੇਰੀ ਹੋ ਗਏ। ਤੂਫ਼ਾਨ ਦੀ ਲਪੇਟ ’ਚ ਬਬਲੂ ਨਾਮਕ ਨੌਜਵਾਨ ਵੀ ਆ ਗਿਆ ਅਤੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਲੁਧਿਆਣਾ ਲੋਕ ਸਭਾ ਸੀਟ ਨੂੰ ਲੈ ਕੇ ਭਾਜਪਾ ਨੇ ਖਿੱਚੀ ਤਿਆਰੀ, ਉਤਾਰ ਸਕਦੀ ਹੈ ਹਿੰਦੂ ਚਿਹਰਾ
ਸ਼ੈਲਰ ’ਚ ਚਾਰ ਵਿਅਕਤੀਆਂ ਜ਼ਖਮੀ ਵੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸ਼ਹਿਰ ਦੇ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਜਿੱਥੋਂ ਕਿ ਇਕ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਬਠਿੰਡਾ ਦੇ ਇਕ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੇ ਕਿ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾਂਦੀ ਹੈ। ਸ਼ੈਲਰ ਦੇ ਮਾਲਕ ਮੁਕੇਸ਼ ਕੁਮਾਰ ਅਨੁਸਾਰ ਇਸ ਤੂਫ਼ਾਨ ਕਾਰਨ ਉਸ ਦਾ 2 ਕਰੋੜ ਤੋਂ ਵਧੇਰੇ ਦਾ ਨੁਕਸਾਨ ਹੋ ਗਿਆ। ਸ਼ਹਿਰ ਵਿਚਲੇ ਡੇਰਾ ਰਾਧਾ ਸੁਆਮੀ ਬਿਆਸ ਦੇ ਸਤਿਸੰਗ ਘਰ ਦੇ ਸ਼ੈੱਡ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਅਤੇ ਉਹ ਪੂਰੀ ਤਰ੍ਹਾਂ ਮਲੀਆਮੇਟ ਹੋ ਗਿਆ। ਸਤਿਸੰਗ ਘਰ ’ਚ ਸੇਵਾ ਕਰ ਰਹੀਆਂ ਚਾਰ ਔਰਤਾਂ ਵੀ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਘਰ ਭੇਜ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਸਤਿਸੰਗ ਘਰ ਦੇ ਵਿਹੜੇ ’ਚ ਖੜ੍ਹੀਆਂ ਗੱਡੀਆਂ ਇਸ ਚੱਕਰਵਰਤੀ ਤੂਫ਼ਾਨ ਕਾਰਨ ਕਲਾਬਾਜ਼ੀਆਂ ਖਾਂਦੀਆਂ ਹੋਈਆਂ ਦੂਰ ਜਾ ਡਿੱਗੀਆਂ।
ਇਹ ਵੀ ਪੜ੍ਹੋ : ਪੰਜਾਬ 'ਚ ਰੱਦ ਕੀਤੇ ਹਜ਼ਾਰਾਂ ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖ਼ਬਰ, ਸਰਕਾਰ ਨੇ ਫਿਰ ਦਿੱਤੀ ਖ਼ੁਸ਼ਖ਼ਬਰੀ
ਇਸ ਤੂਫ਼ਾਨ ’ਚ ਇਕ ਵਰਕਸ਼ਾਪ ਵੀ ਮੁਕੰਮਲ ਰੂਪ ਵਿਚ ਢਹਿ ਢੇਰੀ ਹੋ ਗਈ। ਵਰਕਸ਼ਾਪ ਦੇ ਮਾਲਕ ਬੇਅੰਤ ਸਿੰਘ ਨੇ ਦੱਸਿਆ ਕਿ ਉਸ ਦਾ ਕਰੀਬ 25 ਲੱਖ ਤੋਂ ਵਧੇਰੇ ਦਾ ਨੁਕਸਾਨ ਹੋ ਗਿਆ। ਤੂਫ਼ਾਨ ਕਾਰਨ ਵਰਕਸ਼ਾਪ ’ਚ ਕੇਵਲ ਇਕੋ ਕਮਰਾ ਬਚਿਆ ਅਤੇ ਬਾਕੀ ਸਾਰੀ ਇਮਾਰਤ ਦਾ ਨਾਮੋਂ ਨਿਸ਼ਾਨ ਮਿਟ ਗਿਆ। ਸ਼ਹਿਰ ਦੇ ਬਰਨਾਲਾ ਰੋਡ ਉੱਪਰ ਸਥਿਤ ਇਕ ਪੈਟਰੋਲ ਪੰਪ ਵੀ ਇਸ ਤੂਫਾਨ ਦੀ ਮਾਰ ਹੇਠ ਆ ਗਿਆ ਅਤੇ ਪੰਪ ਉੱਪਰ ਤੇਲ ਪਾਉਣ ਲਈ ਲੱਗੀਆਂ ਮਸ਼ੀਨਾਂ ਵੀ ਇਸ ਤੂਫਾਨ ਨੇ ਪੁੱਟ ਦਿੱਤੀਆਂ। ਪੰਪ ਮਾਲਕ ਬਲ ਬਹਾਦਰ ਸਿੰਘ ਅਨੁਸਾਰ ਪੈਟਰੋਲ ਪੰਪ ਦਾ ਬੀਮਾ ਹੋਣ ਦੇ ਬਾਵਜੂਦ ਵੀ ਉਸ ਦਾ ਕਰੀਬ 5 ਲੱਖ ਰੁਪਏ ਦਾ ਨੁਕਸਾਨ ਹੋ ਗਿਆ।
ਇਸ ਤੋਂ ਇਲਾਵਾ ਇਸ ਤੂਫਾਨ ਕਾਰਨ ਕਈ ਘਰਾਂ, ਦਰੱਖਤਾਂ ਅਤੇ ਬਿਜਲੀ ਦੀਆਂ ਲਾਈਨਾਂ ਆਦਿ ਨੂੰ ਵੀ ਜ਼ਬਰਦਸਤ ਹਾਨੀ ਪਹੁੰਚੀ। ਇਲਾਕੇ ’ਚ ਹੋਏ ਨੁਕਸਾਨ ਦੀ ਖ਼ਬਰ ਮਿਲਦੇ ਹੀ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਮੌਕੇ ’ਤੇ ਪਹੁੰਚੇ ਅਤੇ ਹਾਲਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਪੰਜਾਬ ਸਰਕਾਰ ਇਸ ਨੁਕਸਾਨ ਦਾ ਜਾਇਜ਼ਾ ਲੈਣ ਉਪਰੰਤ ਪੀੜਤਾਂ ਦੀ ਮਾਲੀ ਮਦਦ ਕਰੇਗੀ। ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਪਹਿਲਾਂ ਤੋਂ ਹੀ ਆਰਥਿਕ ਮੰਦੀ ਦੀ ਮਾਰ ਝੱਲ ਰਹੀ ਕਿਸਾਨੀ ਦੇ ਨਾਲ-ਨਾਲ ਵਪਾਰੀ ਵਰਗ ਦਾ ਵੀ ਬਹੁਤ ਨੁਕਸਾਨ ਹੋਇਆ ਹੈ ਅਤੇ ਪੰਜਾਬ ਸਰਕਾਰ ਨੂੰ ਇਸ ਸਬੰਧੀ ਸਹਾਇਤਾ ਰਾਸ਼ੀ ਜਾਰੀ ਕੀਤੀ ਜਾਣੀ ਚਾਹੀਦੀ ਹੈ। ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਗੜ੍ਹੇਮਾਰੀ ਕਾਰਨ ਹੋਏ ਨੁਕਸਾਨ ਦੀ ਤਰੁੰਤ ਸਪੈਸ਼ਲ ਗਿਰਦਾਵਰੀ ਕਰਵਾ ਕਿ ਪੀੜਤ ਕਿਸਾਨਾਂ ਨੂੰ ਤਰੁੰਤ ਮੁਆਵਜ਼ਾ ਦਿੱਤਾ ਜਾਵੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8