1 ਹਜ਼ਾਰ ਕਰੋੜ ਦੇ ਕਰਜ਼ੇ ''ਚ ਡੁੱਬਿਆ ਸਾਈਕਲ ਉਦਯੋਗ

01/12/2019 2:46:12 PM

ਲੁਧਿਆਣਾ (ਧੀਮਾਨ) : ਪੰਜਾਬ ਦਾ ਸਾਈਕਲ ਉਦਯੋਗ 1000 ਕਰੋੜ ਰੁਪਏ ਤੋਂ ਜ਼ਿਆਦਾ ਦੇ ਕਰਜ਼ 'ਚ ਡੁੱਬ ਗਿਆ ਹੈ। ਅਜਿਹੀਆਂ 32 ਕੰਪਨੀਆਂ ਦੇ ਨਾਂ ਸਾਹਮਣੇ ਆਏ ਹਨ ਜੋ ਸਮੇਂ 'ਤੇ ਲੋਨ ਨਾ ਚੁਕਾ ਸਕਣ ਕਾਰਨ ਵੱਖ-ਵੱਖ ਬੈਂਕਾਂ ਦੀ ਐੱਨ. ਪੀ. ਏ. (ਨਾਨ ਪਰਫਾਰਮਿੰਗ ਐਸੇਟ) ਦੀ ਲਿਸਟ 'ਚ ਸ਼ਾਮਲ ਹੋ ਗਈਆਂ। ਇਨ੍ਹਾਂ 'ਚੋਂ ਕੁਝ ਕੰਪਨੀਆਂ ਦੇ ਕੇਸ ਐੱਲ. ਸੀ. ਐੱਲ. ਟੀ. (ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ) 'ਚ ਵੀ ਲੱਗੇ ਹੋਏ ਹਨ। ਸਾਈਕਲ ਇੰਡਸਟਰੀ ਦੀ ਹਾਲਤ ਇਸ ਤਰ੍ਹਾਂ ਪਤਲੀ ਹੋ ਗਈ ਹੈ ਕਿ ਕਈ ਨਾਮੀ ਕੰਪਨੀਆਂ ਵਿਕਣ ਕੰਢੇ ਹਨ। ਹਰ ਸਾਲ 1.50 ਕਰੋੜ ਦੇ ਆਸ-ਪਾਸ ਸਾਈਕਲ ਬਣਦੇ ਹਨ। ਇਨ੍ਹਾਂ ਦਾ ਨਿਰਮਾਣ ਕਰਨ ਵਾਲੀਆਂ ਕੰਪਨੀਆਂ ਤੇ ਪਾਰਟਸ ਬਣਾਉਣ ਵਾਲੀਆਂ 90 ਫੀਸਦੀ ਕੰਪਨੀਆਂ ਲੁਧਿਆਣਾ 'ਚ ਹਨ।
ਕਈ ਕੰਪਨੀਆਂ ਵਿਕਣ ਲਈ ਬਾਜ਼ਾਰ 'ਚ ਆਈਆਂ
ਡਿਫਾਲਟਰ ਹੋਣ ਕਾਰਨ ਕਈ ਵੱਡੀਆਂ ਕੰਪਨੀਆਂ ਵਿਕਣ ਲਈ ਬਾਜ਼ਾਰ 'ਚ ਆ ਗਈਆਂ ਹਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਾਈਕਲ ਦੇ ਇਕ ਵੱਡੇ ਬ੍ਰਾਂਡ ਵੇਚਣ ਲਈ ਮੁੰਬਈ ਦੀ ਇਕ ਫਰਮ ਨੇ ਦਲਾਲੀ ਕਰਦੇ ਹੋਏ 300 ਕਰੋੜ ਦੀ ਪੇਸ਼ਕਸ਼ ਸਾਈਕਲ ਕੰਪਨੀਆਂ ਨੂੰ ਭੇਜੀ, ਜਦੋਂ ਕਿ ਇਸ ਕੰਪਨੀ 'ਤੇ 200 ਕਰੋੜ ਦਾ ਲੋਨ ਖੜ੍ਹਾ ਹੈ। ਇਸ ਨੂੰ ਖਰੀਦਣ ਲਈ 250 ਕਰੋੜ ਤੱਕ ਦੀ ਪੇਸ਼ਕਸ਼ ਲੱਗੀ। ਇਸੇ ਤਰ੍ਹਾਂ ਸਾਈਕਲ ਪਾਰਟਸ ਬਣਾਉਣ ਵਾਲੀਆਂ 15 ਕੰਪਨੀਆਂ ਦੇ ਨਾਂ ਸਾਹਮਣੇ ਆਏ ਹਨ, ਜਿਨ੍ਹਾਂ ਨੇ ਘਾਟੇ ਕਾਰਨ ਕੰਪਨੀਆਂ ਨੂੰ ਵੇਚਣਾ ਲਾਇਆ ਹੋਇਆ ਹੈ।
ਐੱਨ. ਸੀ. ਐੱਲ. ਟੀ. 'ਚ ਕੇਸ ਲਾ ਕੇ ਸਸਤੇ 'ਚ ਛੁੱਟ ਰਹੀਆਂ ਹਨ ਕੰਪਨੀਆਂ
ਫੋਪਸੀਆ ਦੇ ਪ੍ਰਧਾਨ ਬਦੀਸ਼ ਜਿੰਦਲ ਦੇ ਮੁਤਾਬਕ ਡਿਫਾਲਟ ਕਰਨ ਵਾਲੀਆਂ ਕੰਪਨੀਆਂ ਨੇ ਹੁਣ ਐੱਨ. ਸੀ. ਐੱਲ. ਟੀ. (ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ) 'ਚ ਕੇਸ ਲਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਵਿਚ ਲੱਗਣ ਵਾਲੇ ਕੇਸਾਂ ਦਾ ਨਿਪਟਾਰਾ 25 ਤੋਂ 30 ਫੀਸਦੀ ਅਦਾਇਗੀ ਦੇ ਕੇ ਹੋ ਰਿਹਾ ਹੈ। ਇਸ ਸਬੰਧੀ ਜਦੋਂ ਬੈਂਕਾਂ ਤੋਂ ਆਰ. ਟੀ. ਆਈ. ਰਾਹੀਂ ਲਿਸਟ ਮੰਗੀ ਗਈ ਤਾਂ ਉਨ੍ਹਾਂ ਨੇ ਦੇਣ ਤੋਂ ਇਨਕਾਰ ਕਰ ਦਿੱਤਾ। ਇਹੀ ਇਕ ਕਾਰਨ ਹੈ ਕਿ ਦੇਸ਼ ਦੇ ਵੱਡੇ ਬੈਂਕ ਵੀ ਕਰਜ਼ੇ 'ਚ ਡੁੱਬਦੇ ਜਾ ਰਹੇ ਹਨ। ਬੈਂਕਾਂ ਦੀ ਮਿਲੀਭੁਗਤ ਨਾਲ ਪਹਿਲਾਂ ਲੋਨ ਦੇ ਦਿੱਤੇ ਜਾਂਦੇ ਹਨ, ਫਿਰ ਸਸਤੇ 'ਚ ਨਿਪਟਾਰਾ ਐੱਨ. ਸੀ. ਐੱਲ. ਟੀ. ਰਾਹੀਂ ਬੈਂਕ ਹੀ ਕਰਵਾ ਦਿੰਦੇ ਹਨ। ਸਟੀਲ ਦੀ ਇਕ ਵੱਡੀ ਕੰਪਨੀ ਦਾ ਕਰਜ਼ ਕਰੀਬ 250 ਕਰੋੜ ਸੀ, ਜਿਸ ਨੇ ਸਿਰਫ 70 ਕਰੋੜ ਅਦਾ ਕਰ ਕੇ ਛੁਟਕਾਰਾ ਪਾ ਲਿਆ।


Babita

Content Editor

Related News