ਲੁਧਿਆਣਾ ''ਚ ਸਭ ਤੋਂ ਜ਼ਿਆਦਾ ''ਸਾਈਬਰ ਫ੍ਰਾਡ'' ਹੋਣ ਦੇ ਬਾਵਜੂਦ ਵੀ ਹੈਰਾਨ ਕਰਦੀ ਗੱਲ ਆਈ ਸਾਹਮਣੇ
Monday, Dec 21, 2020 - 01:50 PM (IST)
ਲੁਧਿਆਣਾ (ਰਿਸ਼ੀ) : ਬੀਤੇ ਦਿਨੀਂ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨ. ਸੀ. ਆਰ. ਬੀ.) ਵੱਲੋਂ ਜਾਰੀ ਕੀਤੀ ਗਈ ਆਪਣੀ ਸੂਚੀ ’ਚ ਇਸ ਗੱਲ ਦਾ ਖ਼ੁਲਾਸਾ ਕੀਤਾ ਗਿਆ ਹੈ ਕਿ ਪੰਜਾਬ ’ਚ ਸਭ ਤੋਂ ਜ਼ਿਆਦਾ ਲੁਧਿਆਣਾ ’ਚ ਸਾਈਬਰ ਫ੍ਰਾਡ ਦੇ ਮਾਮਲੇ ਸਾਹਮਣੇ ਆ ਰਹੇ ਹਨ ਇਸ ਦੇ ਬਾਵਜੂਦ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ ਕਿ ਸ਼ਹਿਰ ’ਚ ਇਕ ਵੀ ਸਾਈਬਰ ਪੁਲਸ ਸਟੇਸ਼ਨ ਨਹੀਂ ਹੈ, ਹਾਲਾਂਕਿ ਮੋਹਾਲੀ ’ਚ ਸਾਈਬਰ ਪੁਲਸ ਸਟੇਸ਼ਨ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਕਮਿਸ਼ਨਰੇਟ ਪੁਲਸ ਵੱਲੋਂ ਸਾਈਬਰ ਸੈੱਲ ਦਾ ਗਠਨ ਹੋਇਆ ਹੈ। ਸੈੱਲ ’ਚ ਲਗਭਗ 20 ਮੁਲਾਜ਼ਮਾਂ ਦੀ ਇਕ ਟੀਮ ਹੈ, ਜੋ ਸਾਈਬਰ ਕ੍ਰਾਈਮ ਦੀਆਂ ਸ਼ਿਕਾਇਤਾਂ ਦੀ ਜਾਂਚ ਕਰਦੀ ਹੈ ਪਰ ਇੰਨੇ ਵੱਡੇ ਸ਼ਹਿਰ ’ਚ ਸਾਈਬਰ ਪੁਲਸ ਸਟੇਸ਼ਨ ਨਾ ਹੋਣਾ ਇਕ ਵੱਡੀ ਗੱਲ ਹੈ।
ਅੰਕੜਿਆਂ ਦੀ ਗੱਲ ਕਰੀਏ ਤਾਂ ਰੋਜ਼ਾਨਾ ਸਾਈਬਰ ਫ੍ਰਾਡ ਦੀ ਇਕ ਸ਼ਿਕਾਇਤ ਪੁਲਸ ਕਮਿਸ਼ਨਰ ਦਫ਼ਤਰ ਪਹੁੰਚਦੀ ਹੈ, ਉੱਥੇ ਹੀ 2000 ਤੋਂ ਵੱਧ ਪੁਰਾਣੀਆਂ ਸ਼ਿਕਾਇਤਾਂ ਦੀ ਜਾਂਚ ਹੁਣ ਤੱਕ ਪੂਰੀ ਨਹੀਂ ਹੋ ਸਕੀ। ਜੇਕਰ ਇੰਝ ਹੀ ਚੱਲਦਾ ਰਿਹਾ ਤਾਂ ਆਉਣ ਵਾਲੇ ਦਿਨਾਂ ’ਚ ਸਾਈਬਰ ਫ੍ਰਾਡ ਦੇ ਮਾਮਲਿਆਂ ਨੂੰ ਨਜਿੱਠਣ ’ਚ ਪੁਲਸ ਨੂੰ ਮਹੀਨਿਆਂ ਦਾ ਸਫਰ ਸਾਲਾਂ ’ਚ ਤੈਅ ਕਰਨਾ ਪਵੇਗਾ। ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਵੱਲੋਂ ਲੋਕਾਂ ਨੂੰ ਸਾਈਬਰ ਫ੍ਰਾਡ ਪ੍ਰਤੀ ਜਾਗਰੂਕ ਕਰਨ ਲਈ ਬੀਤੀ 5 ਦਸੰਬਰ ਤੋਂ ਇਕ ਮੁਹਿੰਮ ਚਲਾ ਕੇ ਰੋਜ਼ਾਨਾ ਜਿੱਥੇ ਸਾਈਬਰ ਫ੍ਰਾਡ ਦਾ ਇਕ ਮਾਮਲਾ ਦਰਜ ਕੀਤਾ ਜਾ ਰਿਹਾ ਹੈ, ਉਥੇ ਲੋਕਾਂ ਨੂੰ ਵੀ ਜਾਗਰੂਕ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਸੀਤ ਲਹਿਰ ਦਾ ਕਹਿਰ, 'ਸ਼ਿਮਲਾ' ਨਾਲੋਂ ਵੀ ਠੰਡੇ ਪੰਜਾਬ ਤੇ ਦਿੱਲੀ, ਰਾਹਤ ਦੀ ਕੋਈ ਸੰਭਾਵਨਾ ਨਹੀਂ
ਸਾਲ 2019 ’ਚ ਦਰਜ ਹੋਏ ਸਾਈਬਰ ਕ੍ਰਾਈਮ ਦੇ ਪੰਜਾਬ ’ਚ ਮਾਮਲੇ
ਲੁਧਿਆਣਾ 'ਚ ਸਾਈਬਰ ਕ੍ਰਾਈਮ ਦੇ 37 ਮਾਮਲੇ, ਸੰਗਰੂਰ 'ਚ 20, ਐੱਸ. ਏ. ਐੱਸ. ਨਗਰ 'ਚ 18, ਜਲੰਧਰ 'ਚ 17, ਅੰਮ੍ਰਿਤਸਰ 'ਚ 11, ਮਾਨਸਾ 'ਚ 11, ਮੋਗਾ 'ਚ 11 ਅਤੇ ਪਟਿਆਲਾ 'ਚ 15 ਮਾਮਲੇ ਦਰਜ ਕੀਤੇ ਗਏ ਹਨ।
ਨੋਟ : ਪੰਜਾਬ 'ਚ ਵੱਧ ਰਹੇ ਸਾਈਬਰ ਕ੍ਰਾਈਮ ਦੇ ਮਾਮਲਿਆਂ ਸਬੰਧੀ ਕੁਮੈਂਟ ਬਾਕਸ 'ਚ ਦਿਓ ਰਾਏ