ਬਲੇਡ ਨਾਲ ਪਰਸ ਕੱਟ ਕੇ ਕੱਢੀ ਨਕਦੀ, ਮੁਲਜ਼ਮ ਕਾਬੂ
Sunday, Aug 13, 2017 - 04:35 PM (IST)
ਚੰਡੀਗੜ੍ਹ(ਸੁਸ਼ੀਲ)-ਸੈਕਟਰ-19 ਸਥਿਤ ਦੁਕਾਨ ਵਿਚੋਂ ਸਾਮਾਨ ਖਰੀਦ ਰਹੀ ਔਰਤ ਦਾ ਪਰਸ ਬਲੇਡ ਨਾਲ ਕੱਟ ਕੇ ਨਕਦੀ ਕੱਢਣ ਵਾਲੀ ਔਰਤ ਤੇ ਨੌਜਵਾਨ ਨੂੰ ਲੋਕਾਂ ਨੇ ਦਬੋਚ ਕੇ ਪੁਲਸ ਹਵਾਲੇ ਕਰ ਦਿੱਤਾ। ਮੁਲਜ਼ਮਾਂ ਦੀ ਸਾਰੀ ਕਰਤੂਤ ਦੁਕਾਨ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਮੁਲਜ਼ਮ ਔਰਤ ਦੀ ਪਛਾਣ ਮੇਰਠ ਨਿਵਾਸੀ ਮਹਿਨਾਜ ਤੇ ਅਦਨਾਨ ਖਾਨ ਦੇ ਰੂਪ ਵਿਚ ਹੋਈ ਹੈ।
ਦੁਕਾਨ ਦੇ ਕਰਮਚਾਰੀ ਬਲਜੀਤ ਸਿੰਘ ਦੀ ਸ਼ਿਕਾਇਤ 'ਤੇ ਪੁਲਸ ਨੇ ਔਰਤ ਤੇ ਲੜਕੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਸੈਕਟਰ-29 ਨਿਵਾਸੀ ਬਲਜੀਤ ਸਿੰਘ ਨੇ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਸੈਕਟਰ-19 ਵਿਚ ਇਕ ਦੁਕਾਨ 'ਤੇ ਕੰਮ ਕਰਦਾ ਹੈ। ਸ਼ੁੱਕਰਵਾਰ ਸ਼ਾਮ ਨੂੰ ਕੁਝ ਔਰਤਾਂ ਉਨ੍ਹਾਂ ਦੀ ਦੁਕਾਨ 'ਤੇ ਸਾਮਾਨ ਖਰੀਦ ਰਹੀਆਂ ਸਨ, ਇੰਨੇ ਵਿਚ ਹੀ ਇਕ ਲੜਕਾ ਤੇ ਇਕ ਔਰਤ ਵੀ ਆ ਕੇ ਸਾਮਾਨ ਖਰੀਦਣ ਲੱਗੇ।
ਦੋਵੇਂ ਮਿਲ ਕੇ ਬਲੇਡ ਨਾਲ ਹੋਰ ਔਰਤਾਂ ਦੇ ਪਰਸ ਕੱਟ ਕੇ ਪੈਸੇ ਕੱਢਣ ਲੱਗੇ। ਇੰਨੇ ਵਿਚ ਹੀ ਦੁਕਾਨ ਦੇ ਬਾਹਰ ਖੜ੍ਹੇ ਵਿਅਕਤੀ ਨੇ ਇਹ ਦੇਖ ਕੇ ਰੌਲਾ ਪਾ ਦਿੱਤਾ, ਜਿਸ ਮਗਰੋਂ ਲੋਕਾਂ ਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਤੇ ਪੁਲਸ ਹਵਾਲੇ ਕਰ ਦਿੱਤਾ। ਪਹਿਲਾਂ ਤਾਂ ਦੋਵੇਂ ਵਾਰਦਾਤ ਤੋਂ ਇਨਕਾਰ ਕਰ ਰਹੇ ਸਨ ਪਰ ਬਾਅਦ ਵਿਚ ਸੀ. ਸੀ. ਟੀ. ਵੀ. ਦੀ ਫੁਟੇਜ ਦੇਖਣ ਤੋਂ ਬਾਅਦ ਉਨ੍ਹਾਂ ਦੀ ਹਰਕਤ ਸਾਹਮਣੇ ਆ ਗਈ।
