ਪਾਕਿ ਤੋਂ ਆਏ ਸਿੱਖ ਸ਼ਰਧਾਲੂਆਂ ਕੋਲ ਅਫੀਮ ਹੀ ਸੀ, ਡਾਇਰੀ ਤੋਂ ਗੋਪਾਲ ਚਾਵਲਾ ਦਾ ਨੰਬਰ ਵੀ ਮਿਲਿਆ

11/16/2019 1:19:38 PM

ਅੰਮ੍ਰਿਤਸਰ (ਨੀਰਜ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਮਨਾ ਕੇ ਵੀਰਵਾਰ ਨੂੰ ਭਾਰਤ ਪਰਤੇ ਸਿੱਖ ਸ਼ਰਧਾਲੂਆਂ ਜਰਨੈਲ ਸਿੰਘ ਅਤੇ ਬਲਦੇਵ ਸਿੰਘ ਨੂੰ ਕਸਟਮ ਵਿਭਾਗ ਦੀ ਟੀਮ ਨੇ ਸ਼ੁੱਕਰਵਾਰ ਨੂੰ ਕਸਟਮ ਐਕਟ 1962 ਅਧੀਨ ਗ੍ਰਿਫਤਾਰ ਕਰ ਲਿਆ। ਜੁਆਇੰਟ ਚੈੱਕ ਪੋਸਟ ਅਟਾਰੀ 'ਤੇ ਦੋਵੇਂ ਦੋਸ਼ੀਆਂ ਤੋਂ ਸ਼ਿਲਾਜੀਤ ਅਤੇ ਹੋਰ ਇਤਰਾਜ਼ਯੋਗ ਸਾਮਾਨ ਹੋਣ ਦੀ ਸੰਭਾਵਨਾ ਤੋਂ ਬਾਅਦ ਕਸਟਮ ਵਿਭਾਗ ਦੀ ਟੀਮ ਨੇ ਦੋਵੇਂ ਦੋਸ਼ੀਆਂ ਦਾ ਸਾਮਾਨ ਐਕਸਰੇ ਮਸ਼ੀਨਾਂ ਰਾਹੀਂ ਕੱਢਿਆ, ਜਿਸ 'ਚ ਦੋਵਾਂ ਦੇ ਬੈਗ 'ਚ ਕੁਝ ਕੈਵੇਟੀਜ਼ ਨਜ਼ਰ ਆਈ। ਇਸ ਕੈਵੇਟੀਜ਼ ਨੂੰ ਜਦੋਂ ਕਸਟਮ ਵਿਭਾਗ ਦੀ ਟੀਮ ਨੇ ਖੰਗਾਲਿਆ ਤਾਂ ਉਸ 'ਚੋਂ 728 ਗ੍ਰਾਮ ਅਫੀਮ ਅਤੇ 292 ਗ੍ਰਾਮ ਭੁੱਕੀ ਬਰਾਮਦ ਹੋਈ। ਗ੍ਰਿਫਤਾਰ ਕੀਤੇ ਗਏ ਦੋਵੇਂ ਦੋਸ਼ੀਆਂ ਤੋਂ ਮਿਲੀ ਸ਼ੱਕੀ ਡਾਇਰੀ 'ਚੋਂ ਕਸਟਮ ਵਿਭਾਗ ਪਾਕਿਸਤਾਨ 'ਚ ਬੈਠੇ ਖਾਲਿਸਤਾਨੀ ਸਮਰਥਕ ਗੋਪਾਲ ਸਿੰਘ ਚਾਵਲਾ ਦਾ ਮੋਬਾਇਲ ਨੰਬਰ ਮਿਲਿਆ ਹੈ।

ਇਹ ਖੁਲਾਸਾ ਹੁੰਦਿਆਂ ਹੀ ਜੇ. ਸੀ. ਪੀ. ਅਟਾਰੀ ਸਣੇ ਪੂਰੇ ਸੂਬੇ ਦੀ ਸੁਰੱਖਿਆ ਏਜੰਸੀਆਂ ਨੂੰ ਭਾਜੜਾਂ ਪੈ ਗਈਆਂ। ਕਸਟਮ ਕਮਿਸ਼ਨਰ ਦੀਪਕ ਕੁਮਾਰ ਗੁਪਤਾ ਅਨੁਸਾਰ ਜਰਨੈਲ ਸਿੰਘ ਦੇ ਬੈਗ 'ਚੋਂ 247 ਗ੍ਰਾਮ ਭੂਰੇ ਰੰਗ ਦਾ ਪਦਾਰਥ ਮਿਲਿਆ, ਜਿਸ ਦੀ ਨਾਰਕੋਟਿਕਸ ਟੈਸਟਿੰਗ ਕਿੱਟ 'ਚ ਅਫੀਮ ਪਾਈ ਗਈ ਅਤੇ 292 ਗ੍ਰਾਮ ਹੋਰ ਪਦਾਰਥ ਮਿਲਿਆ, ਜੋ ਕਿ ਭੁੱਕੀ ਸੀ। ਇਸ ਪ੍ਰਕਾਰ ਦੋਸ਼ੀ ਬਲਦੇਵ ਸਿੰਘ ਦੇ ਬੈਗ 'ਚੋਂ ਵੀ ਟੈਸਟਿੰਗ ਕਿੱਟ 'ਚ 481 ਗ੍ਰਾਮ ਭੂਰੇ ਰੰਗ ਦਾ ਪਦਾਰਥ 'ਅਫੀਮ' ਪਾਈ ਗਈ। ਉਨ੍ਹਾਂ ਦੱਸਿਆ ਕਿ ਦੋਸ਼ੀ ਜਰਨੈਲ ਸਿੰਘ ਕੋਲੋਂ ਇਕ ਛੋਟੀ ਡਾਇਰੀ ਵੀ ਮਿਲੀ ਹੈ, ਜਿਸ 'ਚ ਕੁਝ ਪਾਕਿਸਤਾਨੀਆਂ ਦੇ ਸ਼ੱਕੀ ਨੰਬਰ ਮਿਲੇ ਹਨ। ਇਸ ਦੀ ਵੀ ਵੱਖਰੀ ਜਾਂਚ ਕੀਤੀ ਜਾ ਰਹੀ ਹੈ।

ਦੋਵੇਂ ਦੋਸ਼ੀ ਫਾਜ਼ਿਲਕਾ ਜ਼ਿਲੇ ਦੇ ਪਿੰਡ ਝੁਰੜ ਖੇੜਾ ਦੇ ਰਹਿਣ ਵਾਲੇ ਹਨ ਅਤੇ ਇਨ੍ਹਾਂ ਦਾ ਵੀਜ਼ਾ ਫਿਰੋਜ਼ਪੁਰ ਦੀ ਧਾਰਮਿਕ ਸੰਸਥਾ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੋਸਾਇਟੀ ਵੱਲੋਂ ਲਾਇਆ ਗਿਆ ਸੀ। ਫਿਲਹਾਲ ਸੋਸਾਇਟੀ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ। ਦੋਵੇਂ ਦੋਸ਼ੀ 6 ਨਵੰਬਰ ਨੂੰ 10 ਦਿਨਾਂ ਦੇ ਵੀਜ਼ੇ 'ਤੇ ਪਾਕਿਸਤਾਨ ਗਏ ਸਨ।


Anuradha

Content Editor

Related News