ਦੁਬਈ ਤੋਂ ਆਈ ਅੌਰਤ 1164 ਗ੍ਰਾਮ ਸੋਨੇ ਸਮੇਤ ਚੰਡੀਗਡ਼੍ਹ ਏਅਰਪੋਰਟ ’ਤੇ ਗ੍ਰਿਫਤਾਰ
Tuesday, Jul 03, 2018 - 05:29 AM (IST)

ਲੁਧਿਆਣਾ(ਬਹਿਲ)-ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਇੰਡੀਗੋ ਦੀ ਫਲਾਈਟ ਨੰਬਰ 6 ਈ-56 ਵਿਚ ਦੁਬਈ ਤੋਂ ਆਈ ਇਕ ਅੌਰਤ ਯਾਤਰੀ ਨੂੰ 1164 ਗ੍ਰਾਮ ਸੋਨੇ ਸਮੇਤ ਚੰਡੀਗਡ਼੍ਹ ਇੰਟਰਨੈਸ਼ਨਲ ਏਅਰਪੋਰਟ ਮੋਹਾਲੀ ਤੋਂ ਗ੍ਰਿਫਤਾਰ ਕੀਤਾ ਹੈ। ਅੌਰਤ ਯਾਤਰੀ ਫਲਾਈਟ ਤੋਂ ਉਤਰਨ ਤੋਂ ਬਾਅਦ ਜਦੋਂ ਗ੍ਰੀਨ ਚੈਨਲ ਤੋਂ ਗੁਜ਼ਰਨ ਲੱਗੀ ਤਾਂ ਉਸ ਦੇ ਇਕ ਬੈਗ ਵਿਚ ਕ੍ਰਾਸ ਦਾ ਨਿਸ਼ਾਨ ਉਕਰਿਆ ਹੋਣ ’ਤੇ ਕਸਟਮ ਅਧਿਕਾਰੀਆਂ ਨੂੰ ਸ਼ੱਕ ਹੋਇਆ। ਬੈਗ ਵਿਚ ਕਿਸੇ ਤਰ੍ਹਾਂ ਦੀ ਪਾਬੰਦੀਸ਼ੁਦਾ ਚੀਜ਼ ਹੋਣ ਸਬੰਧੀ ਪੁੱਛੇ ਜਾਣ ’ਤੇ ਅੌਰਤ ਨੇ ਇਨਕਾਰ ਕਰ ਦਿੱਤਾ। ਲੁਧਿਆਣਾ ਕਸਟਮ ਕਮਿਸ਼ਨਰ ਏ. ਐੱਸ. ਰੰਗਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਐਕਸਰੇ ਮਸ਼ੀਨ ਵਿਚ ਬੈਗ ਦੀ ਜਾਂਚ ਕੀਤੀ ਗਈ ਤਾਂ ਉਸ ਵਿਚ ਤਾਰ ਦੀ ਸ਼ਕਲ ਵਿਚ ਸੋਨੇ ਦੀ ਮੌਜੂਦਗੀ ਪਾਈ ਗਈ। ਬੈਗ ਨੂੰ ਸਕਰੂ ਡਰਾਈਵਰ ਨਾਲ ਖੋਲ੍ਹਣ ’ਤੇ ਉਸ ਵਿਚੋਂ 24 ਕੈਰੇਟ ਵ੍ਹਾਈਟ ਨਿੱਕਲ ਕੋਟਿਡ ਸ਼ੁੱਧ ਸੋਨੇ ਦੀਆਂ 2 ਤਾਰਾਂ ਦੇ 1164 ਗ੍ਰਾਮ ਵਜ਼ਨ ਦੇ ਟੋਟੇ ਬਰਾਮਦ ਹੋਏ, ਜਿਨ੍ਹਾਂ ਦੀ ਬਾਜ਼ਾਰੀ ਕੀਮਤ 35,50,200 ਰੁਪਏ ਦੱਸੀ ਗਈ ਹੈ। ਕਮਿਸ਼ਨਰ ਰੰਗਾ ਨੇ ਕਿਹਾ ਕਿ ਕਸਟਮਸ ਐਕਟ-1962 ਦੀ ਵਿਵਸਥਾ ਮੁਤਾਬਕ ਪਹਿਲਾਂ ਅੌਰਤ ਨੂੰ ਹਿਰਾਸਤ ਵਿਚ ਲਿਆ ਗਿਆ ਅਤੇ ਬਾਅਦ ਵਿਚ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ।