ਚੌਕੀਦਾਰਾਂ ਨੂੰ ਬੰਧਕ ਬਣਾ ਕੇ 9 ਲੱਖ ਦੇ ਚੌਲ ਟਰੱਕਾਂ ''ਚ ਲੈ ਗਏ

Friday, Mar 02, 2018 - 05:27 AM (IST)

ਚੌਕੀਦਾਰਾਂ ਨੂੰ ਬੰਧਕ ਬਣਾ ਕੇ 9 ਲੱਖ ਦੇ ਚੌਲ ਟਰੱਕਾਂ ''ਚ ਲੈ ਗਏ

ਸਾਹਕੋਟ/ਮਲਸੀਆਂ, (ਮਰਵਾਹਾ, ਤ੍ਰੇਹਨ)- ਪਿੰਡ ਕੋਟਲੀ ਗਾਜਰਾਂ ਰੇਲਵੇ ਲਾਈਨ ਨਜ਼ਦੀਕ ਸਥਿਤ ਪੰਜਾਬ ਵੇਅਰ ਹਾਊਸ ਦੇ ਗੋਦਾਮਾਂ 'ਚੋਂ ਦੇਰ ਰਾਤ ਖੁਦ ਨੂੰ ਪੁਲਸ ਮੁਲਾਜ਼ਮ ਦੱਸਣ ਵਾਲੇ ਹਥਿਆਰਬੰਦ ਲੁਟੇਰੇ ਡਿਊਟੀ 'ਤੇ ਤਾਇਨਾਤ ਬਜ਼ੁਰਗ ਚੌਕੀਦਾਰਾਂ ਨੂੰ ਬੰਧਕ ਬਣਾ ਕੇ ਕਰੀਬ 9 ਲੱਖ ਰੁਪਏ ਦੇ ਚੌਲ ਲੁੱਟ ਕੇ ਫਰਾਰ ਹੋ ਗਏ। 
ਮੌਕੇ 'ਤੇ ਮੌਜੂਦ ਬਜ਼ੁਰਗ ਚੌਕੀਦਾਰਾਂ ਮੱਖਣ ਸਿੰਘ ਪੁੱਤਰ ਜਾਗਰ ਸਿੰਘ ਵਾਸੀ ਪਿੰਡ ਸੈਦਪੁਰ ਝਿੜੀ ਅਤੇ ਫਕੀਰ ਚੰਦ ਪੁੱਤਰ ਕਰਮਚੰਦ ਵਾਸੀ ਪਿੰਡ ਸਾਰੰਗਵਾਲ ਨੇ ਦੱਸਿਆ ਕਿ ਦੇਰ ਰਾਤ ਸਮਾਂ ਕਰੀਬ ਸਾਢੇ 11 ਵਜੇ ਉਹ ਦੋਵੇਂ ਗੋਦਾਮਾਂ ਦਾ ਚੱਕਰ ਲਾ ਕੇ ਮੇਨ ਗੇਟ ਦੇ ਕੋਲ ਆ ਕੇ ਬੈਠ ਗਏ। ਉਸੇ ਸਮੇਂ ਕਰੀਬ 10 ਹਥਿਆਰਬੰਦ ਨਕਾਬਪੋਸ਼ ਨੌਜਵਾਨ ਗੋਦਾਮਾਂ ਦਾ ਗੇਟ ਟੱਪ ਕੇ ਅੰਦਰ ਆ ਗਏ ਤੇ ਖੁਦ ਨੂੰ ਪੁਲਸ ਮੁਲਾਜ਼ਮ ਦੱਸਣ ਲੱਗੇ। ਮੁਲਜ਼ਮ ਉਨ੍ਹਾਂ ਨੂੰ ਬੋਲੇ, ''ਤੁਸੀਂ ਗੋਦਾਮਾਂ 'ਚੋਂ ਅਨਾਜ ਚੋਰੀ ਕਰਦੇ ਹੋ, ਇਸ ਲਈ ਅਸੀਂ ਚੈਕਿੰਗ ਕਰਨ ਲਈ ਆਏ ਹਾਂ।'' ਲੁਟੇਰਿਆਂ ਨੇ ਚੌਕੀਦਾਰਾਂ ਦੇ ਮੋਬਾਇਲ ਵੀ ਖੋਹ ਲਏ। ਜਦੋਂ ਤੱਕ ਉਨ੍ਹਾਂ ਨੂੰ ਕੁਝ ਸਮਝ ਆਉਂਦੀ ਲੁਟੇਰਿਆਂ ਨੇ ਗਲੇ ਤੋਂ ਫੜ ਲਿਆ ਤੇ ਮਾਰਕੁੱਟ ਕਰਨ ਲੱਗੇ। ਉਨ੍ਹਾਂ ਚੌਕੀਦਾਰਾਂ ਨੂੰ ਉੱਥੇ ਪਏ ਮੰਜਿਆਂ ਨਾਲ ਬੰਨ੍ਹ ਦਿੱਤਾ।  ਲੁਟੇਰਿਆਂ ਨੇ ਗੋਦਾਮਾਂ ਦੇ ਮੇਨ ਗੇਟ ਦਾ ਤਾਲਾ ਤੋੜ ਦਿੱਤਾ, ਜਿਸ ਤੋਂ ਕੁਝ ਸਮੇਂ ਬਾਅਦ ਉਥੇ ਇਕ ਖਾਲੀ ਟਰੱਕ ਆ ਗਿਆ। ਟਰੱਕ ਅੰਦਰ ਆਉਣ ਤੋਂ ਬਾਅਦ ਲੁਟੇਰਿਆਂ ਨੇ ਉਨ੍ਹਾਂ ਦੋਹਾਂ ਨੂੰ ਗੋਦਾਮਾਂ ਦੇ ਦਫਤਰ 'ਚ ਲਿਜਾ ਕੇ ਬੰਨ੍ਹ ਦਿੱਤਾ ਤੇ ਟਰੱਕ 'ਚ ਚੌਲ ਲੱਦ ਕੇ ਲੈ ਗਏ। 
ਇਕ ਭਰਨ ਤੋਂ ਬਾਅਦ ਗੋਦਾਮਾਂ 'ਚ ਆਇਆ ਦੂਜਾ ਟਰੱਕ
ਪਹਿਲੇ ਟਰੱਕ ਦੇ ਜਾਣ ਤੋਂ ਕੁਝ ਸਮੇਂ ਬਾਅਦ ਇਕ ਹੋਰ ਟਰੱਕ  ਗੋਦਾਮਾਂ ਅੰਦਰ ਦਾਖਲ ਹੋ ਗਿਆ। ਦੂਜੇ ਟਰੱਕ 'ਚ ਵੀ ਲੁਟੇਰਿਆਂ ਨੇ ਚੌਲ ਭਰ ਲਏ ਤੇ ਫਰਾਰ ਹੋ ਗਏ। ਸਵੇਰੇ ਕਰੀਬ ਸਾਢੇ ਤਿੰਨ ਵਜੇ ਤੱਕ ਲੁਟੇਰੇ ਬੜੇ ਆਰਾਮ ਨਾਲ ਬਿਨਾਂ ਕਿਸੇ ਡਰ ਤੋਂ ਵਾਰਦਾਤ ਨੂੰ ਅੰਜਾਮ ਦਿੰਦੇ ਰਹੇ। 
ਇਲਾਕੇ ਦੀ ਕੀਤੀ ਰੇਕੀ
ਪੁਲਸ ਇਸ ਗੱਲ ਦੀ ਪੜਤਾਲ ਕਰ ਰਹੀ ਹੈ ਕਿ ਇਸ ਵਾਰਦਾਤ 'ਚ ਕੋਈ ਅਜਿਹਾ ਵਿਅਕਤੀ ਵੀ ਸ਼ਾਮਲ ਹੋ ਸਕਦਾ ਹੈ, ਜਿਸ ਨੂੰ ਗੋਦਾਮਾਂ ਸਬੰਧੀ ਪੂਰੀ ਜਾਣਕਾਰੀ ਹੋਵੇਗੀ ਜਾਂ ਲੁਟੇਰਿਆਂ ਨੇ ਪਹਿਲਾਂ ਇਲਾਕੇ ਦੀ ਪੂਰੀ ਰੇਕੀ ਵੀ ਕੀਤੀ ਹੋਵੇਗੀ। ਇੰਨੀਆਂ ਬੋਰੀਆਂ ਨੂੰ ਟਰੱਕਾਂ 'ਚ ਲੱਦਣ ਲਈ ਲੁਟੇਰਿਆਂ ਦੀ ਗਿਣਤੀ 10 ਤੋਂ ਵੀ ਕਿਤੇ ਜ਼ਿਆਦਾ ਹੋ ਸਕਦੀ ਹੈ। ਲੁਟੇਰਿਆਂ 'ਚ ਕਈ ਅਜਿਹੇ ਲੋਕ ਵੀ ਸ਼ਾਮਲ ਹੋਣਗੇ, ਜੋ ਕਿ ਬੋਰੀਆਂ ਲੱਦਣ ਦੇ ਕੰਮ ਨਾਲ ਪਹਿਲਾਂ ਹੀ ਜੁੜੇ ਹੋਣ। 
ਚੌਕੀਦਾਰ ਮੱਖਣ ਸਿੰਘ ਦੇ ਬਿਆਨ 'ਤੇ ਕੇਸ ਦਰਜ
ਐੱਸ. ਐੱਚ. ਓ. ਪਰਮਿੰਦਰ ਸਿੰਘ ਬਾਜਵਾ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆ ਕਿ ਦੇਰ ਰਾਤ ਲੁਟੇਰੇ ਚੌਕੀਦਾਰਾਂ ਨੂੰ ਬੰਨ੍ਹ ਕੇ 668 ਬੋਰੀਆਂ ਚੌਲ ਲੈ ਗਏ, ਜਿਨ੍ਹਾਂ ਦੀ ਕੀਮਤ ਕਰੀਬ 9 ਲੱਖ ਰੁਪਏ ਦੱਸੀ ਜਾ ਰਹੀ ਹੈ। ਫਿਲਹਾਲ ਪੁਲਸ ਨੇ ਚੌਕੀਦਾਰ ਮੱਖਣ ਸਿੰਘ ਦੇ ਬਿਆਨਾਂ 'ਤੇ ਅਣਪਛਾਤੇ ਲੁਟੇਰਿਆਂ ਵਿਰੁੱਧ ਕੇਸ ਦਰਜ ਕਰਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। 
ਕਰੋੜਾਂ ਰੁਪਏ ਦੇ ਅਨਾਜ ਦੀ ਰਾਖੀ ਸਿਰਫ 2 ਬਜ਼ੁਰਗ ਚੌਕੀਦਾਰਾਂ ਹਵਾਲੇ
ਸ਼ਾਹਕੋਟ ਤੇ ਮਲਸੀਆਂ ਵਿਚਕਾਰ ਸਥਿਤ ਪਿੰਡ ਕੋਟਲੀ ਗਾਜਰਾਂ ਕੋਲੋਂ ਲੰਘਣ ਵਾਲੀ ਰੇਲਵੇ ਲਾਈਨ ਦੇ ਕਿਨਾਰੇ 'ਤੇ ਸਥਿਤ ਪੰਜਾਬ ਵੇਅਰ ਹਾਊਸ ਦੇ ਇਨ੍ਹਾਂ ਗੋਦਾਮਾਂ 'ਚ ਕਰੀਬ 37 ਕਰੋੜ ਦਾ ਅਨਾਜ ਸਟੋਰ ਕੀਤਾ ਹੋਇਆ ਸੀ। ਇਨ੍ਹਾਂ ਗੋਦਾਮਾਂ ਦੀ ਰਾਖੀ ਲਈ ਸਿਰਫ 2 ਬਜ਼ੁਰਗ ਚੌਕੀਦਾਰ ਹੀ ਤਾਇਨਾਤ ਹਨ। ਲੁਟੇਰਿਆਂ ਨੇ ਇਸੇ ਗੱਲ ਦਾ ਫਾਇਦਾ ਚੁਕ ਕੇ ਬੜੇ ਆਰਾਮ ਨਾਲ ਬੇਖੌਫ਼ ਹੋ ਕੇ ਵਾਰਦਾਤ ਨੂੰ ਅੰਜਾਮ ਦਿੱਤਾ।
ਮੱਖਣ ਸਿੰਘ ਨੇ ਖੁਦ ਨੂੰ ਆਜ਼ਾਦ ਕਰਵਾ ਕੇ ਸਟਾਕ ਇੰਚਾਰਜ ਨੂੰ ਦਿੱਤੀ ਜਾਣਕਾਰੀ
ਲੁਟੇਰਿਆਂ ਦੇ ਜਾਣ ਤੋਂ ਬਾਅਦ ਮੱਖਣ ਸਿੰਘ ਨੇ ਖੁਦ ਨੂੰ ਆਜ਼ਾਦ ਕਰਵਾ ਕੇ ਆਪਣੇ ਸਾਥੀ ਚੌਕੀਦਾਰ ਫਕੀਰ ਚੰਦ ਨੂੰ ਵੀ ਸਾਫਿਆਂ ਦੇ ਬੰਧਨ ਤੋਂ ਮੁਕਤ ਕਰਵਾਇਆ। ਮੱਖਣ ਸਿੰਘ ਹੌਸਲਾ ਕਰ ਕੇ ਆਪਣੇ ਸਾਈਕਲ 'ਤੇ ਨਜ਼ਦੀਕੀ ਪਿੰਡ ਸੈਦਪੁਰ ਪੁੱਜਾ ਜਿਥੇ ਕਿ ਉਸ ਨੇ ਸਟਾਕ ਇੰਚਾਰਜ ਅਮਰੀਕ ਸਿੰਘ ਨੂੰ ਵਾਰਦਾਤ ਸਬੰਧੀ ਜਾਣਕਾਰੀ ਦਿੱਤੀ। ਅਮਰੀਕ ਸਿੰਘ ਨੇ ਆਪਣੇ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਪੁਲਸ ਨੂੰ ਸੂਚਿਤ ਕੀਤਾ। ਐੱਸ. ਪੀ. ਇਨਵੈਸਟੀਗੇਸ਼ਨ ਬਲਕਾਰ ਸਿੰਘ, ਐੱਸ. ਐੱਚ. ਓ. ਪਰਮਿੰਦਰ ਸਿੰਘ ਬਾਜਵਾ, ਸੀ. ਆਈ. ਏ. ਸਟਾਫ ਜਲੰਧਰ ਦੇ ਇੰਸਪੈਕਟਰ ਹਰਵਿੰਦਰ ਸਿੰਘ ਭਾਰੀ ਪੁਲਸ ਫੋਰਸ ਨਾਲ ਮੌਕੇ 'ਤੇ ਪਹੁੰਚ ਗਏ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ।


Related News