ਕਰੰਟ ਲੱਗਣ ਨਾਲ ਕਿਸਾਨ ਦੀ ਮੌਤ
Friday, Jun 22, 2018 - 05:27 AM (IST)

ਜੰਡਿਆਲਾ ਗੁਰੂ, (ਸੁਰਿੰਦਰ, ਸ਼ਰਮਾ)- ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪਾਵਰਕਾਮ ਦੀ ਲਾਪ੍ਰਵਾਹੀ ਕਾਰਨ ਕਿਸਾਨ ਦੀ ਹੋਈ ਮੌਤ ਨੂੰ ਲੈ ਕੇ ਪਾਵਰਕਾਮ ਦਫਤਰ ਜੰਡਿਆਲਾ ਗੁਰੂ ਦੀ ਗਰਾਊਂਡ ’ਚ ਧਰਨਾ ਦਿੱਤਾ ਗਿਆ। ਜਾਣਕਾਰੀ ਅਨੁਸਾਰ ਪਿੰਡ ਸਰਲੀ ਜ਼ਿਲਾ ਤਰਨਤਾਰਨ ਦੇ ਰਹਿਣ ਵਾਲੇ ਕਿਸਾਨ ਵਰਿਆਮ ਸਿੰਘ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਸੀ, ਕਿਸਾਨ ਸੰੰਘਰਸ਼ ਕਮੇਟੀ ਪੰਜਾਬ ਨੇ ਸਬੰਧਤ ਵਿਭਾਗ ਨੂੰ ਮੰਗ ਪੱਤਰ ਦਿੰਦਿਆਂ ਕਿਹਾ ਕਿ ਬਿਜਲੀ ਨਾਲ ਸਬੰਧਤ ਕੰਮ ਕਰਮਚਾਰੀਆਂ ਵੱਲੋਂ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਪਿੰਡ ਸਰਲੀ ਦੇ ਜੀਓ ਸਵਿਚ ਆਦਿ ਠੀਕ ਕਰਵਾਏ ਜਾਣ ਕਿਉਂਕਿ ਉਸ ਸਵਿਚ ਨੂੰ ਠੀਕ ਕਰਨ ਸਬੰਧੀ ਵਿਭਾਗ ਨੂੰ ਦਰਖਾਸਤ ਦਿੱਤੀ ਗਈ ਸੀ ਪਰ ਮਹਿਕਮੇ ਦੇ ਕੰਨ ’ਤੇ ਜੂੰ ਤੱਕ ਨਹੀਂ ਸਿਰਕੀ, ਜਿਸ ਕਾਰਨ ਵਰਿਆਮ ਸਿੰਘ ਦੀ ਮੌਤ ਦੀ ਜ਼ਿੰਮੇਵਾਰੀ ਪਾਵਰਕਾਮ ਦੇ ਅਧਿਕਾਰੀ ਦੀ ਬਣਦੀ ਹੈ। ਕਿਸਾਨ ਸੰਘਰਸ਼ ਕਮੇਟੀ ਨੇ ਮੰਗ ਕੀਤੀ ਕਿ ਮ੍ਰਿਤਕ ਦੇ ਪਰਿਵਾਰ ਨੂੰ 10 ਲੱਖ ਰੁਪਏ, ਇਕ ਮੈਂਬਰ ਨੂੰ ਨੌਕਰੀ ਅਤੇ ਗਰੀਬ ਪਰਿਵਾਰ ਦਾ ਸਾਰਾ ਕਰਜ਼ਾ ਮੁਆਫ ਕੀਤਾ ਜਾਵੇ ਅਤੇ ਸਬੰਧਤ ਅਧਿਕਾਰੀਆਂ ਵਿਰੁੱਧ ਕੇਸ ਦਰਜ ਕੀਤਾ ਜਾਵੇ। ®ਇਸ ਮੌਕੇ ਐੱਸ. ਡੀ. ਐੱਮ. ਅੰਮ੍ਰਿਤਸਰ-1, ਡੀ. ਐੱਸ. ਪੀ. ਗੁਰਪ੍ਰਤਾਪ ਸਿੰਘ ਸਹੋਤਾ, ਐੱਸ. ਐੱਚ. ਓ. ਸਮਿੰਦਰ ਸਿੰਘ ਆਦਿ ਵੀ ਹਾਜ਼ਰ ਸਨ, ਜਿਨ੍ਹਾਂ ਦਾ ਕਹਿਣਾ ਹੈ ਕਿ ਧਰਨਾਕਾਰੀਆਂ ਨੂੰ ਤਰਨਤਾਰਨ ਜ਼ਿਲਾ ਲੱਗਦਾ ਹੈ, ਇਸ ਲਈ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਸਾਡਾ ਕੋਈ ਹੱਕ ਨਹੀਂ ਬਣਦਾ, ਉਹ ਆਪਣੇ ਜ਼ਿਲੇ ਦੇ ਅਧਿਕਾਰੀਆਂ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਆਪਣੀਆਂ ਮੰਗਾਂ ਬਾਰੇ ਦੱਸਣ। ਧਰਨੇ ’ਚ ਸ਼ਾਮਿਲ ਲੋਕ ਅਤੇ ਕਿਸਾਨ ਸੰਘਰਸ਼ ਕਮੇਟੀ ਦੇ ਮੈਂਬਰ ਕਹਿ ਰਹੇ ਸਨ ਕਿ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ ਓਨਾ ਚਿਰ ਉਹ ਮ੍ਰਿਤਕ ਦੇਹ ਦੇ ਨਾਲ ਹੀ ਬੈਠੇ ਰਹਿਣਗੇ। ਇਸ ਬਾਰੇ ਜਦੋਂ ਪਾਵਰਕਾਮ ਜੰਡਿਆਲਾ ਗੁਰੂ ਦੇ ਸੀਨੀਅਰ ਐਕਸੀਅਨ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਧਰਨਾਕਾਰੀਆਂ ਨਾਲ ਗੱਲਬਾਤ ਚੱਲ ਰਹੀ ਹੈ। ਇਸ ਮੌਕੇ ਦਿਆਲ ਸਿੰਘ ਜ਼ੋਨ ਪ੍ਰਧਾਨ ਖਡੂਰ ਸਾਹਿਬ, ਲਖਬੀਰ ਸਿੰੰਘ, ਇਕਬਾਲ ਸਿੰਘ, ਕੁਲਦੀਪ ਸਿੰਘ, ਪਰਮਜੀਤ ਸਿੰਘ, ਜਸਬੀਰ ਸਿੰਘ, ਹਰਦੀਪ ਸਿੰਘ, ਜਗੀਰ ਸਿੰਘ, ਮਨਜਿੰਦਰ ਸਿੰਘ ਆਦਿ ਹਾਜ਼ਰ ਸਨ।