ਕਰਫਿਊ ਦੌਰਾਨ ਲੋਕਾਂ ਨੂੰ ਮਹਿੰਗਾ ਪਿਆ ਸਵੇਰ ਦੀ ਸੈਰ ਕਰਨਾ, ਪੁਲਸ ਨੇ ਕੀਤੀ ਕਾਰਵਾਈ
Sunday, Apr 19, 2020 - 12:39 AM (IST)
ਹੁਸ਼ਿਆਰਪੁਰ,(ਅਮਰਿੰਦਰ ਮਿਸ਼ਰਾ): ਸ਼ਹਿਰ 'ਚ ਸ਼ਨੀਵਾਰ ਨੂੰ ਕਰਫਿਊ ਦੇ ਬਾਵਜੂਦ ਸਵੇਰ ਦੀ ਸੈਰ 'ਤੇ ਨਿਕਲਣਾ ਲੋਕਾਂ ਨੂੰ ਮਹਿੰਗਾ ਪੈ ਗਿਆ। ਸਿਟੀ ਪੁਲਸ ਨੇ ਸ਼ਨੀਵਾਰ ਸਵੇਰੇ 5 ਤੋਂ ਲੈ ਕੇ 7 ਵਜੇ ਤਕ ਚਲਾਈ ਵਿਸ਼ੇਸ਼ ਮੁਹਿੰਮ 'ਚ ਸਵੇਰ ਦੀ ਸੈਰ ਕਰਨ ਵਾਲੇ 16 ਲੋਕਾਂ ਨੂੰ ਨਾ ਸਿਰਫ ਹਿਰਾਸਤ 'ਚ ਲਿਆ ਬਲਕਿ ਉਨ੍ਹਾਂ ਨੂੰ ਟੈਂਪਰੇਰੀ ਬਣੀ ਜੇਲ ਆਊਟਡੋਰ ਸਟੇਡੀਅਮ 'ਚ ਭੇਜ ਦਿੱਤਾ।ਪੁਲਸ ਵਲੋਂ ਕਾਰਵਾਈ ਕਰਨ ਨਾਲ ਪਾਰਕਾਂ ਤੇ ਫੁੱਟਪਾਥ 'ਤੇ ਸਵੇਰ ਨੂੰ ਚੁਪਕੇ-ਚੁਪਕੇ ਨਾਲ ਸੈਰ ਕਰਨ ਵਾਲੇ ਸਥਾਨਕ ਨਿਵਾਸੀਆਂ 'ਚ ਹੜਕੰਪ ਮਚ ਗਿਆ ਹੈ। ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਥਾਣਾ ਸਿਟੀ ਦੇ ਐਸ. ਐਚ. ਓ. ਇੰਸਪੈਕਟਰ ਗੋਬਿੰਦ ਕੁਮਾਰ ਬੰਟੀ ਨੇ ਕਿਹਾ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ 'ਤੇ ਪੁਲਸ ਅੱਗੇ ਵੀ ਕਾਰਵਾਈ ਕਰੇਗੀ। ਉਨ੍ਹਾਂ ਦੱਸਿਆ ਕਿ ਕਰਫਿਊ ਦੇ ਬਾਵਜੂਦ ਵੀ ਕਈ ਲੋਕ ਸਵੇਰ ਦੀ ਸੈਰ ਤੋਂ ਬਾਜ ਨਹੀਂ ਆਏ ਅਤੇ ਸਵੇਰ ਨੂੰ ਪਾਰਕਾਂ ਤੇ ਸੜਕਾਂ 'ਤੇ ਸੈਰ ਲਈ ਨਿਕਲਦੇ ਸਨ। ਇਸ ਨੂੰ ਧਿਆਨ 'ਚ ਰੱਖਦੇ ਹੋਏ ਥਾਣਾ ਸਿਟੀ ਪੁਲਸ ਐਸ. ਐਚ. ਓ. ਇੰਸਪੈਕਟਰ ਗੋਬਿੰਦ ਕੁਮਾਰ ਬੰਟੀ ਦੀ ਦੇਖ ਰੇਖ 'ਚ ਸਵੇਰੇ ਕਰੀਬ 5 ਵਜੇ ਤੋਂ ਇਕ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੀ ਟੀਮ 'ਚ ਮਹਿਲਾ ਕਾਂਸਟੇਬਲ ਵੀ ਸ਼ਾਮਲ ਸਨ। ਜਿਨ੍ਹਾਂ ਵਲੋਂ ਉਨਾ ਰੋਡ, ਪੁਲਸ ਲਾਈਨਸ, ਮਾਹਿਲਪੁਰ ਅੱਡਾ ਚੌਕ, ਸੈਸ਼ਨ ਚੌਕ ਸਮੇਤ ਮਾਲ ਰੋਡ ਤੇ ਧੋਬੀਘਾਟ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਪੁਲਸ ਨੇ ਸਖ਼ਤ ਕਾਰਵਾਈ ਕਰਦੇ ਹੋਏ 16 ਲੋਕਾਂ ਨੂੰ ਰਾਊਂਡਅਪ ਕਰ ਟੈਂਪਰੇਰੀ ਜੇਲ ਭੇਜ ਦਿੱਤਾ।
ਨਿਯਮਾਂ ਦੀ ਉਲੰਘਣਾ ਨਹੀਂ ਕੀਤੀ ਜਾਵੇਗੀ ਬਰਦਾਸ਼ਤ
ਐਸ. ਐਚ. ਓ. ਇੰਸਪੈਕਟਰ ਗੋਬਿੰਦ ਕੁਮਾਰ ਬੰਟੀ ਨੇ ਦੱਸਿਆ ਕਿ ਅੱਜ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਪੁਲਸ ਨੇ ਅਜਿਹੇ ਕਈ ਲੋਕਾਂ ਨੂੰ ਫੜਿਆ ਹੈ ਜੋ ਖੁਦ ਵੀ ਸੈਰ ਕਰਨ ਦੇ ਨਾਲ-ਨਾਲ ਆਪਣੇ ਕੁੱਤੇ ਨੂੰ ਵੀ ਟਹਿਲਾ ਰਹੇ ਸਨ। ਅਜਿਹੇ 'ਚ ਪੁਲਸ ਨੇ ਉਨ੍ਹਾਂ ਸਾਰੇ ਲੋਕਾਂ ਖਿਲਾਫ ਕਾਰਵਾਈ ਕੀਤੀ ਜੋ ਕਰਫਿਊ ਦੌਰਾਨ ਬਿਨਾ ਵਜ੍ਹਾ ਦੇ ਮਾਸਕ ਨਾ ਪਾ ਕੇ ਘਰੋਂ ਬਾਹਰ ਨਿਕਲ ਕੇ ਘੁੰਮ ਰਹੇ ਸਨ। ਹਾਲਾਂਕਿ ਫੜੇ ਗਏ ਸਾਰੇ ਲੋਕਾਂ ਨੂੰ ਬਾਅਦ 'ਚ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ।