ਕਰਫਿਊ ਦੇ ਚੱਲਦਿਆਂ ਦੋਰਾਹਾ ਰਿਹਾ ਮੁਕੰਮਲ ਬੰਦ

03/25/2020 6:04:34 PM

ਦੋਰਾਹਾ (ਵਿਨਾਇਕ) : ਦੋਰਾਹਾ ਸ਼ਹਿਰ 'ਚ ਵੀ ਤੀਸਰੇ ਦਿਨ ਕਰਫਿਊ ਦਾ ਅਸਰ ਦੇਖਣ ਨੂੰ ਮਿਲਿਆ। ਕਰਫਿਊ ਦੌਰਾਨ ਪੁਲਸ ਵੱਲੋਂ ਸਖਤੀ ਨਾਲ ਪੇਸ਼ ਆਉਂਦਿਆਂ ਮੁਕੰਮਲ ਕਰਫਿਊ ਲਾਗੂ ਕਰਵਾਇਆ ਗਿਆ। ਕਰਫਿਊ ਕਾਰਨ ਜਿੱਥੇ ਸ਼ਹਿਰਾਂ ਦੀਆਂ ਮੁੱਖ ਸੜਕਾਂ, ਵਾਰਡਾਂ 'ਚ ਸੁੰਨਸਾਨ ਰਹੀ, ਉੱਥੇ ਨਾਲ ਲੱਗਦੇ ਕਸਬਿਆਂ ਤੇ ਪਿੰਡਾਂ 'ਚ ਵੀ ਸੰਨਾਟਾ ਪਸਰਿਆ ਰਿਹਾ। ਕਰਫਿਊ ਦੌਰਾਨ ਪੁਲਸ ਵੱਲੋਂ ਸ਼ਹਿਰ 'ਚ ਵੱਖ-ਵੱਖ ਚੌਕਾਂ 'ਤੇ ਬੈਰੀਗੇਟ ਅਤੇ ਰੋਕਾਂ ਲਗਾ ਕੇ ਸਿਰਫ ਪ੍ਰਸ਼ਾਸਨ ਤੋਂ ਮਨਜ਼ੂਰੀ ਲੈਣ ਵਾਲੇ ਵਾਹਨ ਚਾਲਕਾਂ ਨੂੰ ਹੀ ਚੈੱਕ ਕਰਕੇ ਲੰਘਣ ਦਿੱਤਾ ਗਿਆ, ਜਦਕਿ ਹੋਰਨਾਂ ਵਾਹਨਾਂ ਨੂੰ ਵਾਪਸ ਭੇਜਿਆ ਗਿਆ। 

ਇਸ ਤੋਂ ਇਲਾਵਾ ਕਰਫਿਊ ਦੌਰਾਨ ਦੋ ਪਹੀਆ ਵਾਹਨਾਂ 'ਤੇ ਹੁੱਲੜਬਾਜ਼ੀ ਕਰਨ ਵਾਲੇ ਨੌਜਵਾਨਾਂ 'ਤੇ ਸਖਤੀ ਵਰਤਦਿਆਂ ਉਨ੍ਹਾਂ ਨੂੰ ਸਬਕ ਵੀ ਸਿਖਾਇਆ ਗਿਆ। ਪਾਇਲ ਦੇ ਐੱਸ.ਡੀ.ਐਮ. ਸਾਗਰ ਸੇਤੀਆਂ ਆਈ.ਏ.ਐਸ ਦੇ ਹੁਕਮਾਂ 'ਤੇ ਸ਼ਹਿਰ 'ਚ ਲਾਊਡ ਸਪੀਕਰਾਂ ਰਾਹੀਂ ਕਰਫਿਊ ਸਬੰਧੀ ਲੋਕਾਂ ਨੂੰ ਜਾਣਕਾਰੀ ਵੀ ਦਿੱਤੀ ਗਈ ਤੇ ਘਰੋਂ ਬਾਹਰ ਨਾ ਨਿਕਲਣ ਦੀ ਹਦਾਇਤ ਕੀਤੀ ਗਈ। ਐੱਸ.ਡੀ.ਐਮ. ਸਾਗਰ ਸੇਤੀਆਂ ਨੇ ਕਿਹਾ ਕਿ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਕਰਫਿਊ ਲੋਕਾਂ ਦੀ ਭਲਾਈ ਲਈ ਲਗਾਇਆ ਗਿਆ ਹੈ। ਇਸ ਲਈ ਹਰੇਕ ਵਿਅਕਤੀ ਨੂੰ ਆਪਣੇ-ਆਪ ਇਸ 'ਚ ਸਹਿਯੋਗ ਕਰਨਾ ਚਾਹੀਦਾ ਹੈ। 

ਕਰਫਿਊ ਦੌਰਾਨ ਪੁਲਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਉਚ ਅਫਸਰਾਂ ਦੀ ਅਗਵਾਈ 'ਚ ਸ਼ਹਿਰ ਦੇ ਵੱਖ-ਵੱਖ ਚੌਕਾਂ ਤੇ ਸੜਕਾਂ 'ਤੇ ਪੈਟਰੋਲੰਗ ਵੀ ਕੀਤੀ ਗਈ, ਉੱਥੇ ਹੀ ਖਾਲੀ ਪਈਆਂ ਗਲੀਆਂ 'ਚ ਇਕੱਠ ਕਰਕੇ ਤਾਸ਼ ਖੇਡਦਿਆਂ ਕਈ ਨੌਜਵਾਨਾਂ ਨੂੰ ਪੁਲਸ ਦੀਆਂ ਗਸ਼ਤੀ ਟੁਕੜੀਆਂ ਨੇ ਸਮਝਾ ਕੇ ਅਤੇ ਸਖ਼ਤੀ ਨਾਲ ਘਰਾਂ 'ਚ ਬੈਠਣ ਅਤੇ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਇਕੱਠ ਨਾ ਕਰਨ ਦੇ ਨਿਰਦੇਸ਼ ਦੇ ਕੇ ਘਰੀ ਭੇਜ ਦਿੱਤਾ। ਇਸ ਦੌਰਾਨ ਦੋਰਾਹਾ ਥਾਣਾ ਦੇ ਐੱਸ. ਐੱਚ.ਓ ਇੰਸਪੈਕਟਰ ਦਵਿੰਦਰ ਪਾਲ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਦੇ ਵੱਡੇ ਹਿੱਤਾਂ ਖਾਤਰ ਘਰਾਂ 'ਚ ਹੀ ਰਹਿਣ ਅਤੇ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਜੋ ਛੋਟ ਹੋਵੇਗੀ ਉਹ ਕਰਫਿਊ ਦੌਰਾਨ ਦਿੱਤੀ ਜਾਵੇਗੀ।


Gurminder Singh

Content Editor

Related News