ਨਾਭਾ : ਕਰਫਿਊ ਦੌਰਾਨ ਮੈਚ ਫਿਕਸਿੰਗ ਤੇ ਦੜਾ-ਸੱਟਾ ਲਾਉਂਦੇ ਵੱਡੇ ਗਿਰੋਹ ਦਾ ਪਰਦਾਫਾਸ਼, ਰਿਵਾਲਵਰ ਬਰਾਮਦ
Wednesday, Apr 21, 2021 - 04:19 PM (IST)
ਨਾਭਾ (ਜੈਨ) : ਸਥਾਨਕ ਕੋਤਵਾਲੀ ਪੁਲਸ ਵਲੋਂ ਇਥੇ ਕਰਫਿਊ ਦੌਰਾਨ ਕ੍ਰਿਕਟ ਮੈਚ ਫਿਕਸਿੰਗ ਤੇ ਦੜਾ ਸੱਟਾ ਲਾਉਂਦੇ ਹੋਏ ਇਕ ਦੁਕਾਨਦਾਰ ਨੂੰ ਗ੍ਰਿਫ਼ਤਾਰ ਕਰਕੇ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਡੀ. ਐਸ. ਪੀ. ਰਾਜੇਸ਼ ਛਿੱਬੜ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਪਿਛਲੀ ਰਾਤ ਲਗਭਗ 11 ਵਜੇ ਪੁਰਾਣੀ ਸਬਜੀ ਮੰਡੀ ਲਾਗੇ ਇਕ ਕਪੜੇ ਦੀ ਦੁਕਾਨ ਤੋਂ 47/48 ਸਾਲਾਂ ਉਮਰ ਦੇ ਦੁਕਾਨਦਾਰ ਬਲਜੀਤ ਸਿੰਘ ਉਰਫ ਕੋਹਲੀ ਪੁੱਤਰ ਚਰਨਜੀਤ ਸਿੰਘ ਵਾਸੀ ਆਦਰਸ਼ ਕਾਲੋਨੀ ਸਾਹਮਣੇ ਹੀਰਾ ਪੈਲੇਸ ਨਾਭਾ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਜੋ ਕਿ ਆਈ. ਪੀ. ਐਨ. ਕ੍ਰਿਕਟ ਮੈਚਾਂ ’ਤੇ ਆਪਣੇ ਗਾਹਕਾਂ ਰਾਹੀਂ ਆਪਣੇ ਮੋਬਾਈਲ ਨੰ. 97949-77777 ਅਤੇ 99142-00456 ਤੋਂ ਦੁਕਾਨ ਦੇ ਅੰਦਰ ਬੈਠ ਕੇ ਕਰਫਿਊ ਦੌਰਾਨ ਹੀ ਦੜਾ ਸੱਟਾ ਲਾ ਕੇ ਹੇਰਾਫੇਰੀ ਤੇ ਧੋਖਾਧੜੀ ਨਾਲ ਮੈਚਾਂ ’ਤੇ ਸੱਟਾ ਲਾਉਂਦਾ ਸੀ।
ਇਹ ਦੁਕਾਨਦਾਰ ਆਪਣੇ ਮੋਬਾਈਲ ਫੋਨਾਂ ਰਾਹੀਂ ਮੇਨ ਬੁਕੀ ਮੋਹਨ ਲਾਲ ਚੌਧਰੀ ਵਾਸੀ ਅਬੋਹਰ (ਜਿਸ ਪਾਸ ਮੋਬਾਈਲ ਲੰ. 98155-12100 ਚੱਲਦਾ ਹੈ) ਪਾਸ ਮੈਚਾਂ ’ਤੇ ਆਪਣੀ ਆਵਾਜ਼ ਬੋਲ ਕੇ 10 ਹਜ਼ਾਰ ਰੁਪਏ ਵਿਚ ਸੱਟਾ ਲਾਉਂਦਾ ਸੀ, ਜਿਸ ਗਾਹਕ ਦਾ ਜਿੱਤਣ ਵਾਲੀ ਟੀਮ ’ਤੇ ਲਾਇਆ 10 ਹਜ਼ਾਰ ਰੁਪਏ ਆ ਜਾਵੇ ਤਾਂ ਉਹ ਦੁੱਗਣੇ ਕਰ ਦੇ ਦਿੰਦਾ ਸੀ ਅਤੇ ਹਾਰਨ ਵਾਲੀ ਟੀਮ ਦਾ ਲਾਇਆ ਰੁਪਿਆ ਖੁਦ ਹਜ਼ਮ ਕਰ ਲੈਂਦਾ ਸੀ। ਡੀ. ਐੱਸ. ਪੀ. ਰਾਜੇਸ਼ ਅਨੁਸਾਰ ਇਸ ਵਿਅਕਤੀ ਪਾਸੋਂ ਇਕ ਨਾਜਾਇਜ਼ ਰਿਵਾਲਵਰ 32 ਬੋਰ, 2 ਲੱਖ 10 ਹਜ਼ਾਰ ਰੁਪਏ ਨਗਦੀ ਅਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਪੁੱਛਗਿੱਛ ਦੌਰਾਨ ਸਨਸਟੀਖੇਜ਼ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਡੀ. ਐਸ. ਪੀ. ਰਾਜੇਸ਼ ਛਿੱਬੜ ਨੇ ਅੱਗੇ ਦੱਸਿਆ ਕਿ ਇਸ ਸੱਟੇਬਾਜ਼ ਦੇ 9 ਹੋਰ ਸਾਥੀਆਂ ਵਿਨੋਦ ਕੁਮਾਰ ਪਾਸੀ ਪਾਂਡੂਸਰ ਮੁਹੱਲਾ ਨਾਭਾ, ਪਿਊਸ਼ ਵਾਸੀ ਬਾਂਸਾ ਸਟਰੀਟ ਨਾਭਾ, ਕਾਜੂ ਨੇੜੇ ਐੱਲ. ਬੀ. ਐਮ. ਮਹਿਲਾ ਕਾਲਜ, ਗੋਰਾ ਵਾਸੀ ਅਰੋੜਾ ਸਟਰੀਟ ਨਾਭਾ, ਕਾਲਾ ਉਰਫ ਕਾਲਾ ਘੁਮੰਡੀ ਪ੍ਰਚੂਨ ਵਾਲਾ ਵਾਸੀ ਹਕੀਮਾਂ ਸਟਰੀਟ, ਕਾਲੀ ਰੇਡੀਮੇਡ ਕਪੜੇ ਵਾਲਾ ਭਾਂਬੜਾ ਬਾਜ਼ਾਰ, ਮਿੰਟੂ ਵਾਸੀ ਅਰੋੜਾ ਸਟਰੀਟ, ਯਾਦੂ ਪੁੱਤਰ ਜਰਨੈਲ ਸਿੰਘ ਵਾਸੀ ਪਟਿਆਲਾ ਗੇਟ ਨਾਭਾ ਅਤੇ ਮੋਹਨ ਲਾਲ ਚੌਧਰੀ ਵਾਸੀ ਅਬੋਹਰ ਸਮੇਤ ਧਾਰਾ 420, 188, 120 ਬੀ ਆਈ. ਪੀ. ਸੀ., ਗੈਂਬਲਿੰਗ ਐਕਟ, ਡਿਜ਼ਾਸਟਰ ਮੈਨੇਜਮੈਂਟ ਐਕਟ 2005 ਅਤੇ ਆਰਮਜ਼ ਐਕਟ ਅਧੀਨ ਕੋਤਵਾਲੀ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ।
ਬਲਜੀਤ ਸਿੰਘ ਦਾ ਪੁਲਸ ਰਿਮਾਂਡ ਲੈ ਕੇ ਇਸ ਗਿਰੋਹ ਵਿਚ ਸ਼ਾਮਲ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਅਬੋਹਰ ਵਾਸੀ ਚੌਧਰੀ ਅਤੇ 8 ਹੋਰ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਪੁਲਸ ਛਾਪਾਮਾਰੀ ਕੀਤੀ ਜਾ ਰਹੀ ਹੈ। ਪੁਲਸ ਅਧਿਕਾਰੀ ਅਨੁਸਾਰ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਐੱਸ. ਐੱਚ. ਓ. ਕੋਤਵਾਲੀ ਸੁਰਿੰਦਰ ਭੱਲਾ ਸਾਰੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰ ਰਹੇ ਹਨ। ਦੱਸਿਆ ਜਾਂਦਾ ਹੈ ਕਿ ਆਈ. ਪੀ. ਐਲ. ਕ੍ਰਿਕਟ ਮੈਚਾਂ ਦੀ ਫਿਕਸਿੰਗ ਨੂੰ ਲੈ ਕੇ ਇਸ ਗਿਰੋਹ ਵਲੋਂ ਲੰਬੇ ਸਮੇਂ ਤੋਂ ਇਹ ਕਾਰੋਬਾਰ ਚੱਲ ਰਿਹਾ ਸੀ। ਵਰਨਣਯੋਗ ਹੈ ਕਿ ਸਾਲ 2004 ਵਿਚ ਇਸ ਗਿਰੋਹ ਦੇ ਮੁਖੀ ਵਲੋਂ ਦੇਸ਼ ਦੇ ਇਕ ਵੱਡੇ ਸਿਆਸਤਦਾਨ ਨਾਲ ਪਰਿਵਾਰਕ ਸਬੰਧਾਂ ਦਾ ਖੁਲਾਸਾ ਕੀਤਾ ਗਿਆ ਸੀ।