ਪਟਿਆਲਾ 'ਚ 3 ਮਾਰਚ ਤੋਂ ਲੱਗੇਗਾ ਦੋ ਰੋਜ਼ਾ ਸੱਭਿਆਚਾਰਕ ਤੇ ਵਿਰਾਸਤੀ ਮੇਲਾ
Thursday, Mar 01, 2018 - 12:56 PM (IST)

ਪਟਿਆਲਾ (ਜੋਸਨ)- ਪੰਜਾਬ ਦੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਇਥੇ ਕਿਲਾ ਮੁਬਾਰਕ ਵਿਖੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪ੍ਰਨੀਤ ਕੌਰ ਨਾਲ ਕੀਤੀ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰ ਵੱਲੋਂ ਸੈਰ-ਸਪਾਟੇ ਨੂੰ ਪ੍ਰਫੁੱਲਤ ਕਰਨ ਦੀ ਤਜਵੀਜ਼ ਤਹਿਤ ਅੰਮ੍ਰਿਤਸਰ, ਕਪੂਰਥਲਾ ਅਤੇ ਬਠਿੰਡਾ ਵਿਖੇ ਵੀ ਵਿਰਾਸਤੀ ਉਤਸਵ ਕਰਵਾਏ ਜਾਣਗੇ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਅਗਲੇ ਚਾਰ ਸਾਲਾਂ 'ਚ ਪੰਜਾਬ ਦਾ ਸੈਰ-ਸਪਾਟਾ ਸੂਬੇ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਦੇਵੇਗਾ। ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਬਾਬਾ ਆਲਾ ਸਿੰਘ ਦੀ ਅਖੰਡ ਜੋਤ ਇਸ ਕਿਲੇ ਨੂੰ ਖੰਡਰ ਨਹੀਂ ਬਣਨ ਦੇਵੇਗੀ ਸਗੋਂ ਇਸਨੂੰ ਸੰਭਾਲਣ ਲਈ ਉੱਘੇ ਮਾਹਰਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਤੇ ਸ਼੍ਰੀਮਤੀ ਪ੍ਰਨੀਤ ਕੌਰ ਪੰਜਾਬ ਦੀ ਅਮੀਰ ਵਿਰਾਸਤ ਦੇ ਸਰਪ੍ਰਸਤ ਬਣ ਕੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਪੰਜਾਬ 'ਚ ਮਹਾਰਾਜਾ ਸਰਕਟ ਵਿਚ ਪਟਿਆਲਾ, ਕਪੂਰਥਲਾ ਤੇ ਜੀਂਦ (ਸੰਗਰੂਰ) ਸਮੇਤ ਅਧਿਆਤਮਿਕ ਸਰਕਟ 'ਚ ਅੰਮ੍ਰਿਤਸਰ, ਚਮਕੌਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਤੇ ਫ਼ਤਹਿਗੜ੍ਹ ਸਾਹਿਬ ਨੂੰ ਜੋੜਿਆ ਜਾਵੇਗਾ।
ਸਿੱਧੂ ਨੇ ਦੱਸਿਆ ਕਿ ਉੱਘੀ ਅਦਾਕਾਰਾ ਤੇ ਐਵਾਰਡ ਜੇਤੂ ਫ਼ਿਲਮ ਮੇਕਰ ਸਾਰ੍ਹਾ ਸਿੰਘ ਵੱਲੋਂ ਪਟਿਆਲਾ ਵਿਚ 3 ਤੇ 4 ਮਾਰਚ ਨੂੰ ਪਲੇਠਾ ਦੋ ਰੋਜ਼ਾ ਕੌਮਾਂਤਰੀ ਕਲਾ ਮੰਚ 'ਪਨੋਰਮਾ ਪੰਜਾਬ' ਦੇ ਨਾਂ ਹੇਠ (ਪੰਜਾਬ ਦੀ ਪਹਿਲੀ ਇੰਟਰਨੈਸ਼ਨਲ ਕੰਟੈਂਪਰੇਰੀ ਆਰਟਸ ਫੋਰਮ) ਕਰਵਾਇਆ ਜਾ ਰਿਹਾ ਹੈ, ਜਿਸ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ ਜਾਵੇਗਾ। ਸ. ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਆਪਣੇ ਆਪ 'ਚ ਇਸ ਨਿਵੇਕਲੇ ਦੋ ਦਿਨਾ ਆਲਮੀ ਕਲਾ ਮੰਚ ਦੌਰਾਨ 5 ਦੇਸ਼ਾਂ ਦੇ ਮਿਊਜ਼ੀਅਮਾਂ ਦੇ ਪ੍ਰਤੀਨਿਧੀਆਂ ਸਮੇਤ ਭਾਰਤੀ ਕਲਾਤਮਿਕ ਹਸਤੀਆਂ ਤੇ ਦਰਜਨ ਭਰ ਮੁਲਕਾਂ ਦੀਆਂ ਕੌਮਾਂਤਰੀ ਪ੍ਰਸਿੱਧੀ ਵਾਲੀਆਂ ਅਹਿਮ ਸ਼ਖ਼ਸੀਅਤਾਂ ਵੀ ਹਿੱਸਾ ਲੈਣਗੀਆਂ। ਉਨ੍ਹਾਂ ਕਿਹਾ ਕਿ ਕਿਲਾ ਮੁਬਾਰਕ 'ਚ ਪਿਛਲੇ 10 ਸਾਲਾਂ ਦੌਰਾਨ ਜਿੰਨੇ ਲੋਕਾਂ ਨੇ ਸ਼ਿਰਕਤ ਕੀਤੀ ਉਸ ਤੋਂ ਵੀ 10 ਗੁਣਾ ਜ਼ਿਆਦਾ ਪਿਛਲੇ 10 ਦਿਨਾਂ 'ਚ ਲੋਕਾਂ ਨੇ ਇਥੇ ਵਿਰਾਸਤੀ ਉਤਸਵ 'ਚ ਆ ਕੇ ਇਸ ਨੂੰ ਨਿਹਾਰਿਆ ਹੈ। ਇਸ ਲਈ ਹੁਣ ਪਟਿਆਲਾ ਦਾ ਇਹ ਵਿਰਾਸਤੀ ਕਿਲਾ ਮੁਬਾਰਕ ਕੌਮਾਂਤਰੀ ਪ੍ਰਸਿੱਧੀ ਹਾਸਲ ਕਰ ਕੇ ਸੈਰ ਸਪਾਟੇ ਦਾ ਵੱਡਾ ਕੇਂਦਰ ਬਣੇਗਾ। ਉਨ੍ਹਾਂ ਦੱਸਿਆ ਕਿ ਉਹ ਖ਼ੁਦ ਆਈ. ਟੀ. ਬੀ. ਬਰਲਿਨ ਕਾਂਗਰਸ ਵਿਖੇ 7 ਤੋਂ 11 ਮਾਰਚ ਤੱਕ ਹੋਣ ਵਾਲੇ ਕੌਮਾਂਤਰੀ ਫੈਸਟੀਵਲ 'ਚ ਜਾਣਗੇ ਤੇ ਕੌਮਾਂਤਰੀ ਟੂਰ ਆਪ੍ਰੇਟਰਜ਼ ਨਾਲ ਸੰਪਰਕ ਕਰ ਕੇ ਪਟਿਆਲਾ ਹੈਰੀਟੇਜ ਫੈਸਟੀਵਲ ਨੂੰ ਅੰਤਰਰਾਸ਼ਟਰੀ ਕਲਚਰਲ ਕੈਲੰਡਰ 'ਚ ਦਰਜ ਕਰਵਾਉਣਗੇ।
1947 ਦੀ ਦੇਸ਼ ਵੰਡ ਅਤੇ ਮਰਹੂਮ ਅਦਾਕਾਰ ਓਮਪੁਰੀ 'ਤੇ ਦੋ ਫ਼ਿਲਮਾਂ ਬਣਾ ਚੁੱਕੀ ਸਾਰ੍ਹਾ ਸਿੰਘ ਨੇ ਦੱਸਿਆ ਕਿ ਇਸ ਦਾ ਮਕਸਦ ਪੰਜਾਬੀਆਂ ਨੂੰ ਇਹ ਦੱਸਿਆ ਜਾਵੇ ਕਿ ਵਿਦੇਸ਼ਾਂ 'ਚ ਆਪਣੀ ਸੱਭਿਅਤਾ, ਵਿਰਾਸਤ ਤੇ ਸੱਭਿਆਚਾਰ ਨੂੰ ਕਿਸ ਪ੍ਰਕਾਰ ਸੰਭਾਲਿਆ ਜਾਂਦਾ ਹੈ ਤਾਂ ਕਿ ਆਉਣ ਵਾਲੀਆਂ ਪੁਸ਼ਤਾਂ ਨੂੰ ਇਸ ਦੀ ਸਹੀ ਜਾਣਕਾਰੀ ਮਿਲ ਸਕੇ। ਇਸ ਮੌਕੇ ਵਿਧਾਇਕ ਹਰਦਿਆਲ ਸਿੰਘ ਕੰਬੋਜ, ਮੇਅਰ ਸ਼੍ਰੀ ਸੰਜੀਵ ਸ਼ਰਮਾ ਬਿੱਟੂ, ਮੁੱਖ ਮੰਤਰੀ ਦੇ ਓ. ਐੱਸ. ਡੀ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਸਿੱਧੂ ਦੇ ਸਲਾਹਕਾਰ ਅੰਗਦ ਸਿੰਘ ਸੋਹੀ, ਸੱਭਿਆਚਾਰਕ ਮਾਮਲੇ ਵਿਭਾਗ ਦੇ ਡਾਇਰੈਕਟਰ ਸ਼ਿਵਦੁਲਾਰ ਸਿੰਘ ਢਿੱਲੋਂ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਪੂਨਮਦੀਪ ਕੌਰ, ਐੱਸ. ਡੀ. ਐੱਮ. ਅਨਮੋਲ ਸਿੰਘ ਧਾਲੀਵਾਲ, ਸਥਾਨਕ ਸਰਕਾਰਾਂ ਦੇ ਡਿਪਟੀ ਡਾਇਰੈਕਟਰ ਪਟਿਆਲਾ ਖੇਤਰ ਸ਼੍ਰੀਮਤੀ ਜੀਵਨਜੋਤ ਕੌਰ ਤੇ ਹੋਰ ਮੌਜੂਦ ਸਨ।