ਚੰਡੀਗੜ੍ਹ : CTU ਦੇ ਡਰਾਈਵਰਾਂ ਤੇ ਕੰਡਕਟਰਾਂ ਲਈ ਚੰਗੀ ਖ਼ਬਰ, ਵਿਭਾਗ ਨੇ ਜਾਰੀ ਕੀਤੇ ਇਹ ਹੁਕਮ
Tuesday, Nov 29, 2022 - 11:44 AM (IST)

ਚੰਡੀਗੜ੍ਹ (ਰਜਿੰਦਰ) : ਟਰਾਂਸਪੋਰਟ ਵਿਭਾਗ ਨੇ ਲੰਬੇ ਰੂਟਾਂ ਲਈ 20 ਹੀਟ ਵੈਂਟੀਲੇਸ਼ਨ ਏਅਰ ਕੰਡੀਸ਼ਨਰ (ਐੱਚ. ਵੀ. ਏ. ਸੀ.) ਬੱਸਾਂ ਖ਼ਰੀਦੀਆਂ ਹਨ। ਇਨ੍ਹਾਂ ਨੂੰ ਵੱਖ-ਵੱਖ ਲੰਬੇ ਰੂਟਾਂ ’ਤੇ ਚੱਲਣ ਲਈ ਯੂ. ਟੀ. ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਇਸ ਮਹੀਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ। ਸਟਾਫ਼ ਦੀ ਕਮੀ ਦੇ ਮੱਦੇਨਜ਼ਰ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀ. ਟੀ. ਯੂ.) ਨੇ ਬੱਸਾਂ ਦੇ ਸਹੀ ਸੰਚਾਲਨ ਲਈ ਲੰਬੇ ਰੂਟਾਂ ’ਤੇ ਡਰਾਈਵਰਾਂ ਅਤੇ ਕੰਡਕਟਰਾਂ ਲਈ ਓਵਰਟਾਈਮ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਡਾਇਰੈਕਟਰ ਟਰਾਂਸਪੋਰਟ ਪ੍ਰਦਿਊਮਨ ਸਿੰਘ ਵੱਲੋਂ ਇਸ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ : ਭਾਰਤੀ ਖੇਤਰ 'ਚ ਮੁੜ ਪਾਕਿਸਤਾਨੀ ਡਰੋਨ ਦੀ ਦਸਤਕ, ਫਾਇਰਿੰਗ ਮਗਰੋਂ ਨਹੀਂ ਸੁਣੀ ਵਾਪਸ ਪਰਤਣ ਦੀ ਆਵਾਜ਼
ਹੁਕਮਾਂ ਅਨੁਸਾਰ ਡਰਾਈਵਰ ਨੂੰ ਵੱਧ ਤੋਂ ਵੱਧ 30 ਘੰਟੇ ਪ੍ਰਤੀ ਮਹੀਨਾ ਓਵਰਟਾਈਮ ਦਿੱਤਾ ਜਾਵੇਗਾ, ਜਦੋਂ ਕਿ ਕੰਡਕਟਰਾਂ ਨੂੰ 45 ਘੰਟੇ ਓਵਰਟਾਈਮ ਪ੍ਰਤੀ ਮਹੀਨਾ ਦਿੱਤਾ ਜਾਵੇਗਾ। ਇਸ ਸਬੰਧੀ ਸਟਾਫ਼ ਦੀ ਨਿਯੁਕਤੀ ਸਬੰਧਿਤ ਡਿਊਟੀ ਇੰਸਪੈਕਟਰ ਵੱਲੋਂ ਕੀਤੀ ਜਾਵੇਗੀ। ਸਟਾਫ਼ ਨੂੰ ਇਸ ਤਰ੍ਹਾਂ ਲਗਾਇਆ ਜਾਵੇਗਾ ਕਿ ਸਾਰੇ ਓਵਰਟਾਈਮ 'ਚ ਕਵਰ ਕੀਤੇ ਜਾਣ, ਜਿਸ 'ਚ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ। ਓਵਰਟਾਈਮ ਦਾ ਦਾਅਵਾ ਸਿਰਫ ਡਿਊਟੀ ਇੰਸਪੈਕਟਰ ਵੱਲੋਂ ਮਨਜ਼ੂਰੀ ਲਈ ਭੇਜਿਆ ਜਾਵੇਗਾ। ਇਸ ਦੇ ਨਾਲ ਹੀ ਇਕ ਸਰਟੀਫਿਕੇਟ ਵੀ ਦੇਣਾ ਹੋਵੇਗਾ ਕਿ ਸਾਰੇ ਮੁਲਾਜ਼ਮ ਬਰਾਬਰ ਕਵਰ ਕੀਤੇ ਗਏ ਹਨ।
ਓਵਰਟਾਈਮ ਨਿਰਧਾਰਿਤ ਮਿਆਦ ਤੋਂ ਉੱਪਰ ਨਹੀਂ ਦਿੱਤਾ ਗਿਆ ਹੈ। ਜੇਕਰ ਕੋਈ ਮੁਲਾਜ਼ਮ ਨਿਰਧਾਰਿਤ ਮਿਆਦ ਤੋਂ ਵੱਧ ਓਵਰਟਾਈਮ ਦਾ ਦਾਅਵਾ ਕਰਦਾ ਹੈ, ਤਾਂ ਸਬੰਧਿਤ ਡਿਊਟੀ ਇੰਸਪੈਕਟਰ ਤੋਂ ਅਧਿਕਾਰੀਆਂ ਵਲੋਂ ਇਸ ਦੀ ਤਸਦੀਕ ਕੀਤੀ ਜਾਵੇਗੀ। ਇਸ ਦੇ ਨਾਲ ਹੀ ਜ਼ਿਆਦਾ ਓਵਰਟਾਈਮ ਦਾ ਕਾਰਨ ਵੀ ਦੇਣਾ ਹੋਵੇਗਾ ਅਤੇ ਪਹਿਲਾਂ ਤੋਂ ਮਨਜ਼ੂਰੀ ਵੀ ਲੈਣੀ ਪਵੇਗੀ। ਦੱਸ ਦੇਈਏ ਕਿ ਓਵਰਟਾਈਮ ਹਫ਼ਤਾਵਾਰੀ ਡਿਊਟੀ ਦੇ 48 ਘੰਟੇ ਬਾਅਦ ਹੀ ਸ਼ੁਰੂ ਹੋਵੇਗਾ। ਵਿਭਾਗ 'ਚ ਰੈਗੂਲਰ ਭਰਤੀ ਨਾ ਹੋਣ ਤੱਕ ਓਵਰਟਾਈਮ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਵਿਭਾਗ ਨੇ ਫਤਿਹਾਬਾਦ, ਅਬੋਹਰ, ਬਟਾਲਾ, ਅੰਮ੍ਰਿਤਸਰ, ਪਠਾਨਕੋਟ, ਹਰਿਦੁਆਰ, ਮਨਾਲੀ, ਲੁਧਿਆਣਾ, ਝੱਜਰ ਅਤੇ ਸ਼ਿਮਲਾ ਦੇ ਲੰਬੇ ਰੂਟਾਂ ’ਤੇ ਨਵੀਆਂ ਬੱਸਾਂ ਚਲਾਈਆਂ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ