ਚੰਡੀਗੜ੍ਹ ਦੀਆਂ CTU ਬੱਸਾਂ 'ਚ ਘੁੰਮਣ ਵਾਲੇ ਲੋਕਾਂ ਲਈ ਜ਼ਰੂਰੀ ਖ਼ਬਰ, ਅੱਜ ਨਾ ਬਣਾਉਣ ਕੋਈ ਪ੍ਰੋਗਰਾਮ
Saturday, Oct 08, 2022 - 10:39 AM (IST)
ਚੰਡੀਗੜ੍ਹ : ਚੰਡੀਗੜ੍ਹ 'ਚ ਸੀ. ਟੀ. ਯੂ. ਦੀਆਂ ਬੱਸਾਂ 'ਚ ਅੱਜ ਆਮ ਲੋਕ ਸਫ਼ਰ ਨਹੀਂ ਕਰ ਸਕਣਗੇ। ਦਰਅਸਲ ਸੁਖ਼ਨਾ ਝੀਲ 'ਤੇ ਹੋਣ ਵਾਲੇ ਏਅਰਸ਼ੋਅ ਦੇ ਕਾਰਨ ਸ਼ਨੀਵਾਰ ਸਵੇਰੇ 10. 30 ਵਜੇ ਤੋਂ ਰਾਤ 8 ਵਜੇ ਤੱਕ ਟ੍ਰਾਈਸਿਟੀ 'ਚ ਸੀ. ਟੀ. ਯੂ. ਬੱਸ ਸੇਵਾ ਬੰਦ ਕੀਤੀ ਗਈ ਹੈ। ਇਸ ਦਾ ਕਾਰਨ ਹੈ ਕਿ ਇਹ ਸਾਰੀਆਂ ਬੱਸਾਂ ਏਅਰਸ਼ੋਅ 'ਚ ਲੋਕਾਂ ਨੂੰ ਲੈ ਕੇ ਜਾਣ 'ਚ ਰੁੱਝੀਆਂ ਰਹਿਣਗੀਆਂ। ਇਹ ਬੱਸਾਂ ਸਵੇਰੇ 11 ਵਜੇ ਤੋਂ ਲੋਕਾਂ ਨੂੰ ਉਨ੍ਹਾਂ ਦੇ ਪਿੱਕਅਪ ਪੁਆਇੰਟ ਤੋਂ ਸੁਖ਼ਨਾ ਝੀਲ ਤੱਕ ਉਤਾਰਨ ਦਾ ਕੰਮ ਸ਼ੁਰੂ ਕਰ ਦੇਣਗੀਆਂ। ਇਸ ਲਈ ਸ਼ਹਿਰ 'ਚ ਆਮ ਦਿਨਾਂ ਵਾਂਗ ਸੀ. ਟੀ. ਯੂ. ਦੀਆਂ ਬੱਸਾਂ ਨਹੀਂ ਚੱਲਣਗੀਆਂ।
ਇਹ ਵੀ ਪੜ੍ਹੋ : ਦੁਖ਼ਦ ਖ਼ਬਰ : ਨਾਸਿਕ 'ਚ ਬੱਸ ਨੂੰ ਲੱਗੀ ਭਿਆਨਕ ਅੱਗ, 10 ਲੋਕ ਜ਼ਿੰਦਾ ਸੜੇ
ਇਸ ਤੋਂ ਇਲਾਵਾ ਲੰਬੇ ਰੂਟਾਂ ਲਈ ਸੀ. ਟੀ. ਯੂ. ਦੀਆਂ ਕਈ ਬੱਸ ਸੇਵਾਵਾਂ ਵੀ ਪ੍ਰਭਾਵਿਤ ਹੋਣਗੀਆਂ। ਹਾਲਾਂਕਿ ਆਈ. ਐੱਸ. ਬੀ. ਟੀ.-43 ਤੋਂ ਡੇਰਾਬੱਸੀ ਤੱਕ 30 ਮਿੰਟਾਂ ਦੇ ਅੰਤਰਾਲ ’ਤੇ 5 ਬੱਸਾਂ ਨਾਲ ਬੱਸ ਸੇਵਾ ਜਾਰੀ ਰਹੇਗੀ। ਇਸ ਤੋਂ ਇਲਾਵਾ ਆਈ. ਐੱਸ. ਬੀ. ਟੀ.-17 ਤੋਂ ਖਰੜ, ਆਈ. ਐੱਸ. ਬੀ. ਟੀ.-43 ਤੋਂ ਆਈ. ਟੀ. ਪਾਰਕ, ਆਈ. ਐੱਸ. ਬੀ. ਟੀ.-43 ਤੋਂ ਤੋਂ ਪੀ. ਜੀ. ਆਈ., ਆਈ. ਐੱਸ. ਬੀ. ਟੀ.-43 ਤੋਂ ਖੁੱਡਾ ਲਾਹੌਰਾ ਅਤੇ ਮਲੋਆ ਤੋਂ ਰਾਮਦਰਬਾਰ ਤੱਕ ਕੁੱਝ ਬੱਸਾਂ ਨਾਲ ਬੱਸ ਸੇਵਾ ਜਾਰੀ ਰਹੇਗੀ।
ਇਹ ਵੀ ਪੜ੍ਹੋ : 'ਏਅਰਸ਼ੋਅ' ਦੇਖਣ ਲਈ ਅੱਜ ਚੰਡੀਗੜ੍ਹ ਆਉਣਗੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪੂਰਾ ਸ਼ਹਿਰ ਹਾਈ ਅਲਰਟ 'ਤੇ
ਏਅਰਸ਼ੋਅ ਲਈ 11 ਥਾਵਾਂ ’ਤੇ ਬਣਾਏ ਹਨ ਪਿਕਅੱਪ ਪੁਆਇੰਟ
ਪ੍ਰਸ਼ਾਸਨ ਨੇ ਏਅਰਸ਼ੋਅ 'ਚ ਜਾਣ ਲਈ ਸ਼ਹਿਰ 'ਚ 11 ਥਾਵਾਂ ’ਤੇ ਪਿੱਕਅਪ ਪੁਆਇੰਟ ਬਣਾਏ ਹਨ। ਲੋਕਾਂ ਨੂੰ ਕਿਸੇ ਵੀ ਤਰੀਕੇ ਨਾਲ ਉਨ੍ਹਾਂ ਪਿੱਕਅਪ ਪੁਆਇੰਟਾਂ ’ਤੇ ਪਹੁੰਚਣਾ ਪਵੇਗਾ। ਇਸ ਤੋਂ ਬਾਅਦ ਲੋਕ ਸੀ. ਟੀ. ਯੂ. ਦੀ ਬੱਸ 'ਚ ਬੈਠ ਕੇ ਸੁਖ਼ਨਾ ਝੀਲ ਪਹੁੰਚਣਗੇ। ਪ੍ਰਸ਼ਾਸਨ ਨੇ ਲੋਕਾਂ ਦੇ ਬੈਠਣ ਲਈ ਸੁਖ਼ਨਾ ਝੀਲ ਨੂੰ 7 ਜ਼ੋਨਾਂ 'ਚ ਵੰਡਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ