ਸੀ. ਟੀ. ਯੂ. ਦੀਆਂ ਬੱਸਾਂ ਦਾ ਵੇਟਿੰਗ ਪੀਰੀਅਡ ਹੋਵੇਗਾ ਹੋਰ ਘੱਟ

Thursday, Feb 01, 2018 - 11:10 AM (IST)

ਸੀ. ਟੀ. ਯੂ. ਦੀਆਂ ਬੱਸਾਂ ਦਾ ਵੇਟਿੰਗ ਪੀਰੀਅਡ ਹੋਵੇਗਾ ਹੋਰ ਘੱਟ

ਚੰਡੀਗੜ੍ਹ (ਵਿਜੇ) : ਚੰਡੀਗੜ੍ਹ ਟ੍ਰਾਂਸਪੋਰਟ ਅੰਡਰਟੇਕਿੰਗ (ਸੀ. ਟੀ. ਯੂ.) ਦੀਆਂ ਬੱਸਾਂ ਲਈ ਹੁਣ ਯਾਤਰੀਆਂ ਨੂੰ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਸੀ. ਟੀ. ਯੂ. ਨੇ ਉਨ੍ਹਾਂ ਰੂਟਾਂ 'ਤੇ ਬੱਸਾਂ ਦੀ ਗਿਣਤੀ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ, ਜਿਥੇ ਯਾਤਰੀਆਂ ਦੀ ਸਭ ਤੋਂ ਜ਼ਿਆਦਾ ਗਿਣਤੀ ਹੁੰਦੀ ਹੈ। ਸੀ. ਟੀ. ਯੂ. ਵਲੋਂ ਕਰਵਾਏ ਗਏ ਸਰਵੇ 'ਚ ਅਜਿਹੇ ਰੂਟਾਂ ਦੀ ਪਛਾਣ ਕਰ ਲਈ ਗਈ ਹੈ, ਜਿਥੇ ਬੱਸਾਂ ਦੀ ਗਿਣਤੀ ਵਧਾਉਣ ਦੀ ਲੋੜ ਹੈ।
ਇਹ ਸਰਵੇ ਕਰਵਾਉਣ ਦਾ ਮਕਸਦ ਇਹ ਜਾਣਕਾਰੀ ਹਾਸਲ ਕਰਨਾ ਸੀ ਕਿ ਕਿਹੜੇ ਰੂਟ 'ਤੇ ਯਾਤਰੀਆਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਇਹ ਫੈਸਲਾ ਲਿਆ ਹੈ। ਪਿਛਲੇ ਸਾਲ ਕਰਵਾਏ ਗਏ ਸਰਵੇ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਪੀ. ਜੀ. ਆਈ. ਤੋਂ ਲੈ ਕੇ ਮੋਹਾਲੀ ਫੇਜ਼-11 ਦੇ ਲਗਭਗ 28 ਕਿਲੋਮੀਟਰ ਰੂਟ 'ਤੇ ਯਾਤਰੀਆਂ ਨੂੰ ਇਕ ਘੰਟੇ ਤਕ ਇੰਤਜ਼ਾਰ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਰਾਮਦਰਬਾਰ ਤੋਂ ਧਨਾਸ ਤਕ ਦੇ 22 ਕਿਲੋਮੀਟਰ ਦੇ ਰੂਟ 'ਚ ਇਹ ਸਮਾਂ 30 ਮਿੰਟ ਦਾ ਹੋ ਜਾਂਦਾ ਹੈ। ਇਸ ਰੂਟ 'ਤੇ ਸਿਰਫ ਦੋ ਬੱਸਾਂ ਹੀ ਚੱਲ ਰਹੀਆਂ ਹਨ। ਰਾਤ ਸਮੇਂ ਪੀ. ਜੀ. ਆਈ. ਤੋਂ ਆਈ. ਟੀ. ਪਾਰਕ ਦੇ ਰੂਟ ਲਈ ਇਕ ਘੰਟੇ ਦਾ ਸਮਾਂ ਲਗਦਾ ਹੈ। ਇਨ੍ਹਾਂ ਸਾਰੇ ਰੂਟਾਂ 'ਚ ਆਉਣ ਵਾਲੇ ਯਾਤਰੀਆਂ ਨੂੰ ਬੱਸਾਂ ਲਈ ਕਾਫੀ ਦੇਰ ਇੰਤਜ਼ਾਰ ਕਰਨੀ ਪੈਂਦੀ ਹੈ। ਇਸ ਤੋਂ ਇਲਾਵਾ ਵੀ ਕਈ ਅਜਿਹੇ ਰੂਟ ਹਨ ਜਿਥੇ ਲੋਕਾਂ ਨੂੰ ਬੱਸਾਂ ਲਈ ਅੱਧੇ ਤੋਂ ਇਕ ਘੰਟੇ ਤਕ ਬੱਸਾਂ ਦਾ ਇੰਤਜ਼ਾਰ ਕਰਨਾ ਪੈਂਦਾ ਹੈ।
ਪਿਛਲੇ ਸਾਲ ਸੀ. ਟੀ. ਯੂ. ਨੇ ਲੋਕਲ ਰੂਟਾਂ 'ਤੇ 40 ਨਵੀਆਂ ਬੱਸਾਂ ਨੂੰ ਉਤਾਰਿਆ ਸੀ ਪਰ ਅਧਿਕਾਰੀਆਂ ਦਾ ਮੰਨਣਾ ਹੈ ਕਿ ਮੌਜੂਦਾ ਸਮੇਂ 'ਚ ਬੱਸਾਂ ਦੀ ਗਿਣਤੀ ਘੱਟ ਹੈ। ਇਸ ਲਈ 100 ਬੱਸਾਂ ਛੇਤੀ ਹੀ ਖਰੀਦੀਆਂ ਜਾਣਗੀਆਂ, ਜਿਸ ਨਾਲ ਰੂਟ 'ਤੇ ਯਾਤਰੀਆਂ ਦਾ ਵੇਟਿੰਗ ਪੀਰੀਅਡ ਘੱਟ ਕੀਤਾ ਜਾ ਸਕੇ। ਜਾਣਕਾਰੀ ਮੁਤਾਬਕ ਬੱਸਾਂ ਦੀ ਗਿਣਤੀ ਨੂੰ ਇੰਨਾ ਵਧਾਇਆ ਜਾਏਗਾ ਕਿ ਯਾਤਰੀਆਂ ਨੂੰ ਬੱਸ ਲਈ 5 ਮਿੰਟ ਤੋਂ ਜ਼ਿਆਦਾ ਇੰਤਜ਼ਾਰ ਨਾ ਕਰਨਾ ਪਵੇ। ਇਸ ਤੋਂ ਪਹਿਲਾਂ ਵੀ ਪ੍ਰਸ਼ਾਸਨ ਵਲੋਂ 50 ਨਵੀਆਂ ਬੱਸਾਂ ਖਰੀਦੀਆਂ ਗਈਆਂ ਸਨ ਪਰ ਬਾਵਜੂਦ ਇਸਦੇ ਲੋਕਲ ਰੂਟ 'ਤੇ ਯਾਤਰੀਆਂ ਨੂੰ ਬੱਸਾਂ ਲਈ ਕਾਫੀ ਦੇਰ ਤਕ ਉਡੀਕ ਕਰਨੀ ਪੈ ਰਹੀ ਹੈ।


Related News