ਰਜਵਾਹੇ ’ਚ ਪਾੜ ਪੈਣ ਕਾਰਨ ਕਿਸਾਨਾਂ ਦੀ ਕਈ ਏਕੜ ਫ਼ਸਲ ਡੁੱਬੀ, ਭਿਆਨਕ ਬਣੇ ਹਾਲਾਤ

Friday, Jun 28, 2024 - 06:31 PM (IST)

ਰਜਵਾਹੇ ’ਚ ਪਾੜ ਪੈਣ ਕਾਰਨ ਕਿਸਾਨਾਂ ਦੀ ਕਈ ਏਕੜ ਫ਼ਸਲ ਡੁੱਬੀ, ਭਿਆਨਕ ਬਣੇ ਹਾਲਾਤ

ਭਵਾਨੀਗੜ੍ਹ (ਕਾਂਸਲ) : ਬੀਤੇ ਦਿਨੀਂ ਹੋਈ ਤੇਜ਼ ਬਰਸਾਤ ਕਾਰਨ ਸਥਾਨਕ ਸ਼ਹਿਰ ਨੇੜਲੇ ਪਿੰਡ ਕਪਿਆਲ ਤੋਂ ਘਨੌੜ ਜੱਟਾਂ ਨੂੰ ਜਾਂਦੇ ਬਾਲਦ ਬ੍ਰਾਂਚ ’ਚ ਨਿਕਲਦੇ ਇਕ ਅਧੂਰੇ ਰਜਵਾਹੇ ’ਚ ਪਾਣੀ ਦੇ ਓਵਰਫਲੋ ਕਾਰਨ ਪਾੜ ਪੈ ਜਾਣ ’ਤੇ ਕਈ ਕਿਸਾਨਾਂ ਦੀ ਤਾਜ਼ੀ ਬੀਜੀ ਕਈ ਏਕੜ ਝੋਨੇ ਦੀ ਫ਼ਸਲ ਡੁੱਬ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਜਗਸੀਰ ਸਿੰਘ ਜੱਗਾ ਘਨੌੜ ਜੱਟਾਂ, ਜਸਵਿੰਦਰ ਸਿੰਘ ਕਪਿਆਲ ਅਤੇ ਗੁਰਚਰਨ ਸਿੰਘ ਕਪਿਆਲ ਸਮੇਤ ਵੱਡੀ ਗਿਣਤੀ ’ਚ ਕਿਸਾਨਾਂ ਨੇ ਭਰੇ ਮਨ ਨਾਲ ਦੱਸਿਆ ਕਿ ਬਲਾਦ ਬ੍ਰਾਂਚ ’ਚ ਨਿਕਲਦੇ ਇਸ ਰਜਵਾਹੇ ਦੇ ਨਿਰਮਾਣ ਦਾ ਕੰਮ ਅਜੇ ਅਧੂਰਾ ਪਿਆ ਹੈ ਤੇ ਕਿਸਾਨਾਂ ਵੱਲੋਂ ਵਾਰ-ਵਾਰ ਰੋਕਣ ਦੇ ਬਾਵਜੂਦ ਵੀ ਵਿਭਾਗ ਵੱਲੋਂ ਲਾਹਪ੍ਰਵਾਹੀ ਵਰਤਦੇ ਹੋਏ ਇਸ ਅਧੂਰੇ ਨਿਰਮਾਣ ਵਾਲੇ ਰਜਵਾਹੇ ’ਚ ਪਾਣੀ ਛੱਡਿਆ ਗਿਆ। ਜਿਸ ’ਚ ਪਾੜ ਪੈ ਜਾਣ ਕਾਰਨ ਕਿਸਾਨਾਂ ਦੀ ਕਈ ਏਕੜ ਤਾਜ਼ੀ ਬੀਜੀ ਝੋਨੇ ਦੀ ਫ਼ਸਲ ਅਤੇ ਝੋਨੇ ਦੀ ਪੌਦ ਇਸ ਪਾਣੀ ’ਚ ਡੁੱਬ ਜਾਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ।  

ਇਹ ਵੀ ਪੜ੍ਹੋ : ਪੰਜਾਬ ਦੇ ਇਕ ਲੱਖ ਤੋਂ ਵੱਧ ਪੈਨਸ਼ਨ ਧਾਰਕਾਂ ਨੂੰ ਸਰਕਾਰ ਨੇ ਦਿੱਤਾ ਝਟਕਾ, ਕੀਤੀ ਵੱਡੀ ਕਾਰਵਾਈ

ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਵਿਭਾਗ ਸਮੇਤ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਪੰਜਾਬ ਨੂੰ ਵੀ ਲਿਖਤੀ ਤੌਰ ’ਤੇ ਇਹ ਬੇਨਤੀ ਕੀਤੀ ਸੀ ਕਿ ਜਦੋਂ ਤੱਕ ਇਸ ਰਜਵਾਹੇ ਦੇ ਨਿਮਰਾਣ ਕਾਰਜ ਪੂਰੇ ਨਹੀਂ ਹੋ ਜਾਂਦੇ ਅਤੇ ਇਸ ਦਾ ਵਾਧੂ ਪਾਣੀ ਕਿਸੇ ਨਹਿਰ ਜਾਂ ਸੇਮ ਨਾਲੇ ’ਚ ਨਹੀਂ ਪਾਏ ਜਾਂਦੇ ਅਤੇ ਇਸ ਦੀ ਨਿਕਾਸੀ ਦੇ ਉਚੇਚੇ ਪ੍ਰਬੰਧ ਨਹੀਂ ਹੋ ਜਾਂਦੇ ਉਦੋਂ ਤੱਕ ਇਸ ਰਜਵਾਹੇ ’ਚ ਪਾਣੀ ਨਾ ਛੱਡਿਆ ਜਾਵੇ। ਇਸ ਨਾਲ ਇਥੇ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਹੋ ਸਕਦਾ ਹੈ ਪਰ ਉਨ੍ਹਾਂ ਦੀ ਇਸ ਗੱਲ ਨੂੰ ਅਣਗੌਲਿਆਂ ਕਰਕੇ ਵਿਭਾਗ ਵੱਲੋਂ ਕੁਝ ਕਿਸਾਨਾਂ ਨਾਲ ਕਥਿਤ ਮਿਲੀ ਭੁਗਤ ਕਰਕੇ ਰਜਵਾਹੇ ’ਚ ਪਾਣੀ ਛੱਡਿਆ ਗਿਆ ਤੇ ਬੀਤੇ ਦਿਨੀਂ ਹੋਈ ਤੇਜ਼ ਬਰਸਾਤ ਦੇ ਚੱਲਦਿਆਂ ਉਕਤ ਕਿਸਾਨਾਂ ਵੱਲੋਂ ਆਪਣੇ ਖੇਤਾਂ ਵਾਲੇ ਨੱਕੇ ਬੰਦ ਕਰ ਦੇਣ ਕਾਰਨ ਰਜਵਾਹੇ ’ਚ ਪਾਣੀ ਓਵਰਫਲੋਅ ਹੋ ਗਿਆ ਅਤੇ ਰਜਵਾਹੇ ’ਚ ਪਾੜ ਪੈ ਗਿਆ। ਇਸ ਕਾਰਨ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਲਾਪ੍ਰਵਾਹੀ ਵਰਤਨ ਵਾਲੇ ਵਿਭਾਗ ਦੇ ਅਧਿਕਾਰੀਆਂ ਵਿਰੁੱਧ ਸਖ਼ਤ ਕਰਵਾਈ ਕੀਤੀ ਜਾਵੇ, ਕਿਸਾਨਾਂ ਨੂੰ ਫ਼ਸਲਾਂ ਦੇ ਹੋਏ ਨੁਕਸਾਨ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ ਤੇ ਇਸ ਰਜਵਾਹੇ ਦੇ ਪਾਣੀ ਦੀ ਨਿਕਾਸੀ ਦੇ ਉਚਚੇ ਪ੍ਰਬੰਧ ਕੀਤੇ ਜਾਣ। 

ਇਹ ਵੀ ਪੜ੍ਹੋ : ਪੰਜਾਬ 'ਚ ਫਿਰ ਵੱਡਾ ਹਾਦਸਾ, ਦੋ ਨੌਜਵਾਨਾਂ ਦੀ ਮੌਤ, ਕਾਰ ਦੇ ਉੱਡੇ ਪਰਖੱਚੇ

ਇਸ ਸਬੰਧੀ ਜਦੋਂ ਵਿਭਾਗ ਦੇ ਜੇ.ਈ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਨ ‘ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਹੈੱਡ ਤੋਂ ਪਾਣੀ ਬੰਦ ਕਰਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਕਿਸਾਨਾਂ ਦੀ ਮੰਗ ਨੂੰ ਦੇਖਦੇ ਹੋਏ ਸਿਰਫ 17 ਤੋਂ 18 ਬੁਰਜੀ ਹੀ ਪਾਣੀ ਛੱਡਿਆ ਗਿਆ ਸੀ ਪਰ ਬਰਸਾਤ ਕਾਰਨ ਪਾਣੀ ਜ਼ਿਆਦਾ ਹੋ ਜਾਣ ਤੇ ਕਿਸਾਨਾਂ ਵੱਲੋਂ ਨੱਕੇ ਬੰਦ ਕਰ ਦੇਣ ਕਾਰਨ ਇਥੇ ਇਹ ਪਾੜ ਪੈ ਗਿਆ ਹੈ। ਜਿਸ ਨੂੰ ਜੇ.ਸੀ.ਬੀ ਦੀ ਮਦਦ ਨਾਲ ਪੂਰਿਆ ਜਾ ਰਿਹਾ ਹੈ। ਇਸ ਸਬੰਧੀ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਰਜਵਾਹੇ ਅੰਦਰ ਵਰਤੇ ਜਾ ਰਹੇ ਮਟੀਰੀਅਲ ਦੀ ਜਾਂਚ ਕਰਵਾਈ ਜਾਵੇਗੀ ਤੇ ਜੇਕਰ ਕੋਈ ਘਾਟ ਪਾਈ ਗਈ ਤਾਂ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਪੰਜਾਬ ਸਰਕਾਰ ਦੇ ਰਾਜ ’ਚ ਭ੍ਰਿਸ਼ਟਾਚਾਰ ਲਈ ਕੋਈ ਥਾਂ ਨਹੀਂ ਹੈ ਤੇ ਭ੍ਰਿਸ਼ਟਾਚਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

ਇਹ ਵੀ ਪੜ੍ਹੋ : ਮਾਮੇ ਦੀ ਲੜਾਈ ਦਾ ਪਤਾ ਲੱਗਣ 'ਤੇ ਭਾਣਜੇ ਨੇ ਖੇਡੀ ਖੂਨੀ ਖੇਡ, 2 ਘੰਟਿਆਂ 'ਚ ਹਮਲਾ ਕਰਨ ਵਾਲੇ ਦਾ ਕੀਤਾ ਕਤਲ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News