ਫਸਲੀ ਵੰਨ-ਸੁਵੰਨਤਾ ਤੇ ਬਿਜਲੀ ਦੀ ਵੰਡ ਸਬੰਧੀ ਸਰਕਾਰੀ ਨੀਤੀਆਂ ਵਿਚ ਹੀ ਭੰਬਲਭੂਸਾ
Wednesday, May 27, 2020 - 10:14 AM (IST)
ਗੁਰਦਾਸਪੁਰ (ਹਰਮਨ) - ਪੰਜਾਬ ਅੰਦਰ ਕਣਕ-ਝੋਨੇ ਦੀ ਕਾਸ਼ਤ ਦੇ ਰਵਾਇਤੀ ਗੇੜ ਨੂੰ ਤੋੜਨ ਲਈ ਸਰਕਾਰ ਵੱਲੋਂ ਫਸਲੀ ਵਿਭਿੰਨਤਾ ਮੁਹਿੰਮ ਤਹਿਤ ਬੇਸ਼ੱਕ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਪਰ ਇਸ ਦੇ ਉਲਟ ਪੰਜਾਬ ਅੰਦਰ ਟਿਊਬਵੈਲ ਚਲਾਉਣ ਲਈ ਤਿੰਨ ਫੇਜ ਬਿਜਲੀ ਸਪਲਾਈ ਦੇਣ ਅਤੇ ਰਜਵਾਹਿਆਂ 'ਚ ਨਹਿਰੀ ਪਾਣੀ ਛੱਡਣ ਦੇ ਬਣਾਏ ਜਾ ਰਹੇ ਰੋਸਟਰ ਅਜੇ ਵੀ 'ਕਣਕ-ਝੋਨੇ' ਦੀ ਬਿਜਾਈ ਨੂੰ ਉਤਸ਼ਾਹਿਤ ਕਰਨ ਵਾਲੇ ਹੀ ਹਨ। ਸਿੱਤਮ ਦੀ ਗੱਲ ਹੈ ਕਿ ਪਿਛਲੇ ਕਰੀਬ ਦੋ ਦਹਾਕਿਆਂ ਤੋਂ ਵੱਖ-ਵੱਖ ਸਮੇਂ ਦੀਆਂ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਮੱਕੀ, ਮੂੰਗੀ, ਗੰਨਾ, ਬਾਸਮਤੀ, ਸਬਜੀਆਂ ਅਤੇ ਅਜਿਹੀਆਂ ਹੋਰ ਗੈਰ ਰਵਾਇਤੀ ਫਸਲਾਂ ਦੀ ਕਾਸ਼ਤ ਕਰਨ ਦੀਆਂ ਅਪੀਲਾਂ ਤਾਂ ਕੀਤੀਆਂ ਜਾ ਰਹੀਆਂ ਹਨ। ਪਰ ਹੁਣ ਤੱਕ ਕੋਈ ਵੀ ਸਰਕਾਰ ਕਿਸਾਨਾਂ ਦੀ ਇਸ ਗੰਭੀਰ ਸਮੱਸਿਆ ਨੂੰ ਨਹੀਂ ਸਮਝ ਸਕੀ ਕਿ ਫਸਲੀ ਵਿਭਿੰਨਤਾ ਮੁਹਿੰਮ ਤਹਿਤ ਬੀਜੀਆਂ ਗਈਆਂ ਗੈਰ ਰਵਾਇਤੀ ਫਸਲਾਂ ਹਰੇਕ ਸਾਲ ਅਪ੍ਰੈਲ ਤੋਂ ਜੂਨ ਮਹੀਨੇ ਤੱਕ ਤਿੰਨ ਫੇਜ ਬਿਜਲੀ ਅਤੇ ਨਹਿਰੀ ਪਾਣੀ ਨਾ ਮਿਲਣ ਕਾਰਨ ਸੋਕੇ ਵਰਗੇ ਹਾਲਾਤਾਂ ਨਾਲ ਜੂਝਦੀਆਂ ਹਨ।
ਟਿਊਬਵੈਲਾਂ ਅਤੇ ਨਹਿਰੀ ਪਾਣੀ 'ਤੇ ਨਿਰਭਰ ਹੈ ਪੰਜਾਬ ਦੀ ਖੇਤੀ
ਪੰਜਾਬ ਅੰਦਰ ਵਾਹੀਯੋਗ ਕੁੱਲ 40 ਲੱਖ ਹੈਕਟੇਅਰ ਰਕਬੇ ਵਿਚੋਂ ਤਕਰੀਬਨ 30 ਲੱਖ ਹੈਕਟੇਅਰ ਰਕਬਾ 14.76 ਲੱਖ ਟਿਊਬਵੈਲਾਂ ਨਾਲ ਸਿੰਜਿਆ ਜਾਂਦਾ ਹੈ ਜਦੋਂਕਿ ਬਾਕੀ ਦਾ ਕਰੀਬ 10 ਲੱਖ ਹੈਕਟੇਅਰ ਰਕਬਾ ਨਹਿਰੀ ਪਾਣੀ ਤੇ ਸਿੰਚਾਈ ਦੇ ਹੋਰ ਸਾਧਨਾਂ 'ਤੇ ਨਿਰਭਰ ਕਰਦਾ ਹੈ। ਪੰਜਾਬ ਅੰਦਰ ਖੇਤੀਬਾੜੀ ਦਾ ਸਾਰਾ ਦਾਰੋਮਦਾਰ ਤਿੰਨ ਫੇਜ ਬਿਜਲੀ ਸਪਲਾਈ ਅਤੇ ਨਹਿਰੀ ਪਾਣੀ 'ਤੇ ਹੀ ਨਿਰਭਰ ਕਰਦਾ ਹੈ। ਸਰਕਾਰ ਵੱਲੋਂ ਝੋਨੇ ਦੀ ਲਵਾਈ ਸ਼ੁਰੂ ਹੋਣ ਦੇ ਬਾਅਦ ਤਾਂ ਕਿਸਾਨਾਂ ਨੂੰ 8 ਘੰਟੇ ਤਿੰਨ ਫੇਜ ਬਿਜਲੀ ਸਪਲਾਈ ਦਿੱਤੀ ਜਾਂਦੀ ਹੈ।
ਪੜ੍ਹੋ ਇਹ ਵੀ ਖਬਰ - ‘ਹੇਮ ਕੁੰਟ ਪਰਬਤ ਹੈ ਜਹਾਂ ਸਪਤ ਸ੍ਰਿੰਗ ਸੋਭਿਤ ਹੈ ਤਹਾਂ’, ਦੇਖੋ ਤਸਵੀਰਾਂ
ਹਰੇਕ ਸਾਲ ਪੇਸ਼ ਆਉਂਦੀ ਹੈ ਸਮੱਸਿਆ
ਤਕਰੀਬਨ ਹਰ ਸਾਲ ਅਪ੍ਰੈਲ-ਮਈ ਮਹੀਨਿਆਂ ਦੌਰਾਨ ਕਣਕ ਨੂੰ ਅੱਗ ਤੋਂ ਬਚਾਉਣ ਦੇ ਨਾਂਅ 'ਤੇ ਤਿੰਨ ਫੇਜ ਬਿਜਲੀ ਸਪਲਾਈ ਬੰਦ ਕਰ ਦਿੱਤੀ ਜਾਂਦੀ ਹੈ। ਕਣਕ ਦੀ ਕਟਾਈ ਦੇ ਬਾਅਦ ਜੂਨ ਮਹੀਨੇ ਤੱਕ ਝੋਨੇ ਦੀ ਲਵਾਈ ਸ਼ੁਰੂ ਹੋਣ ਤੋਂ ਪਹਿਲਾਂ ਕਿਸਾਨਾਂ ਨੂੰ ਬੜੀ ਮੁਸ਼ਕਲ ਨਾਲ 4 ਘੰਟੇ ਤਿੰਨ ਫੇਜ ਬਿਜਲੀ ਸਪਲਾਈ ਦਿੱਤੀ ਜਾਂਦੀ ਹੈ। ਅਜਿਹੀ ਸਥਿਤੀ ਵਿਚ ਇਨ੍ਹਾਂ ਮਹੀਨਿਆਂ ਵਿਚ ਕਿਸਾਨਾਂ ਨੂੰ ਗੰਨਾ, ਮੱਕੀ, ਚਾਰਾ, ਮੂੰਗੀ, ਸਬਜੀਆਂ ਤੇ ਫਲਦਾਰ ਬੂਟੇ ਬਚਾਉਣ ਲਈ ਜੱਦੋ-ਜਹਿਦ ਕਰਨੀ ਪੈਂਦੀ ਹੈ।
ਕਣਕ-ਝੋਨੇ ਦੀ ਕਾਸ਼ਤ ਕਾਰਨ ਵਾਲੇ ਹੀ ਚੁੱਕ ਰਹੇ ਹਨ ਮੁਫਤ ਬਿਜਲੀ ਦਾ ਲਾਭ
ਸਰਕਾਰ ਵੱਲੋਂ ਕਿਸਾਨਾਂ ਨੂੰ ਟਿਊਬਵੈਲਾਂ ਦੇ ਬਿਜਲੀ ਬਿੱਲਾਂ ਦੇ ਰੂਪ ਵਿਚ ਹਰੇਕ ਸਾਲ ਕਰੀਬ 8 ਹਜ਼ਾਰ ਕਰੋੜ ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ। ਪਰ ਇਸ ਸਬਸਿਡੀ ਦਾ ਲਾਭ ਜ਼ਿਆਦਾਤਰ ਉਹੀ ਕਿਸਾਨ ਚੁੱਕ ਰਹੇ ਹਨ, ਜੋ ਕਣਕ ਝੋਨੇ ਦੀ ਕਾਸ਼ਤ ਕਰਦੇ ਆ ਰਹੇ ਹਨ। ਕਿਉਂਕਿ ਤਿੰਨ ਫੇਜ ਬਿਜਲੀ ਸਪਲਾਈ ਪੂਰੀ ਮਾਤਰਾ ਵਿਚ ਝੋਨੇ ਦੇ ਸੀਜਨ ਵਿਚ ਹੀ ਆਉਂਦੀ ਹੈ ਜਦੋਂ ਕਿ ਜਿਹੜੇ ਕਿਸਾਨ ਫਸਲੀ ਵਿਭਿੰਨਤਾ ਮੁਹਿੰਮ ਤਹਿਤ ਹੋਰ ਫਸਲਾਂ ਦੀ ਕਾਸ਼ਤ ਕਰਦੇ ਹਨ, ਉਨ੍ਹਾਂ ਨੂੰ ਅਪ੍ਰੈਲ, ਮਈ ਤੇ ਜੂਨ ਮਹੀਨੇ ਵਿਚ ਗੈਰ ਰਵਾਇਤੀ ਫਸਲਾਂ ਦੀ ਕਾਸ਼ਤ ਕਰਨ ਲਈ ਡੀਜ਼ਲ ਪੰਪ ਚਲਾਉਣੇ ਪੈਂਦੇ ਹਨ। ਅਜਿਹੇ ਕਿਸਾਨਾਂ ਨੂੰ ਕਰੀਬ ਇਕ ਏਕੜ ਖੇਤ ਦੀ ਸਿੰਚਾਈ ਕਰਨ ਲਈ ਤਕਰੀਬਨ 4 ਘੰਟੇ ਡੀਜ਼ਲ ਪੰਪ ਚਲਾਉਣਾ ਪੈਂਦਾ ਹੈ, ਜਿਸ 'ਤੇ ਕਰੀਬ ਇਕ ਹਜ਼ਾਰ ਰੁਪਏ 4 ਘੰਟਿਆਂ ਵਿਚ ਹੀ ਖਰਚ ਹੋ ਜਾਂਦੇ ਹਨ।
ਪੜ੍ਹੋ ਇਹ ਵੀ ਖਬਰ - WHO ਦੀ ਚੇਤਾਵਨੀ : ਕੋਰੋਨਾ ਮਹਾਮਾਰੀ ਤੋਂ ਉੱਭਰ ਰਹੇ ਦੇਸ਼ਾਂ 'ਚ ਮੁੜ ਆ ਸਕਦਾ ਹੈ ਵਾਇਰਸ (ਵੀਡੀਓ)
ਪੜ੍ਹੋ ਇਹ ਵੀ ਖਬਰ - ‘ਮੇਰੇ ਪਿੰਡ ਦੇ ਲੋਕ’ ਦੀਆਂ ਸਾਰੀਆਂ ਕਿਸ਼ਤਾਂ ਮੁੜ ਤੋਂ ਪੜ੍ਹਨ ਲਈ ਇਸ ਲਿੰਕ ’ਤੇ ਕਰੋ ਕਲਿੱਕ
ਝੋਨੇ ਦੀ ਸਿੱਧੀ ਬਿਜਾਈ 'ਤੇ ਪੈ ਰਿਹੈ ਅਸਰ
ਇਸ ਸਾਲ ਲੇਬਰ ਦੀ ਘਾਟ ਕਾਰਨ ਸਰਕਾਰ ਝੋਨੇ ਦੀ ਸਿੱਧੀ ਬਿਜਾਈ ਕਰਵਾਉਣ 'ਤੇ ਜ਼ੋਰ ਦੇ ਰਹੀ ਹੈ। ਬਹੁਤ ਸਾਰੇ ਕਿਸਾਨਾਂ ਨੇ ਇਸ ਸਾਲ ਸਿੱਧੀ ਬਿਜਾਈ ਨੂੰ ਹੁੰਗਾਰਾ ਦੇਣਾ ਸ਼ੁਰੂ ਕਰ ਦਿੱਤਾ ਹੈ। ਬਹੁਤ ਸਾਰੇ ਕਿਸਾਨ ਅਜਿਹੇ ਹਨ, ਜੋ ਇਹ ਦਾਅਵਾ ਕਰ ਰਹੇ ਹਨ ਕਿ ਤਿੰਨ ਫੇਜ ਬਿਜਲੀ ਸਪਲਾਈ ਦੇ ਹਾਲਾਤ ਇਹ ਬਣੇ ਹੋਏ ਹਨ ਕਿ 4 ਘੰਟੇ ਟਿਊਬਵੈਲ ਚੱਲਣ ਨਾਲ ਇਕ ਏਕੜ ਖੇਤ ਦੀ ਰੌਣੀ ਵੀ ਨਹੀਂ ਹੁੰਦੀ ਅਤੇ ਇਕ ਦਿਨ ਵਿਚ ਜਦੋਂ ਸਿਰਫ 4 ਘੰਟੇ ਬਿਜਲੀ ਆਉਣ ਦੇ ਬਾਅਦ ਬੰਦ ਹੋ ਜਾਂਦੀ ਹੈ ਤਾਂ ਅਗਲੇ ਦਿਨ ਜਦੋਂ ਮੁੜ ਉਸੇ ਖੇਤ ਨੂੰ ਪਾਣੀ ਲਗਾਇਆ ਜਾਂਦਾ ਹੈ ਤਾਂ ਖੇਤ ਦਾ ਇਕ ਦਿਨ ਪਹਿਲਾਂ ਸਿੰਜਿਆ ਗਿਆ ਹਿੱਸਾ ਦੂਸਰੇ ਦਿਨ ਨਾਲ ਰਲਦਾ ਹੀ ਨਹੀਂ। ਖਾਸ ਤੌਰ 'ਤੇ ਜੇ ਕਿਸੇ ਕਿਸਾਨ ਨੇ ਇਕੋ ਟਿਊਬਵੈਲ ਨਾਲ 3-4 ਏਕੜ ਝੋਨੇ ਦੀ ਸਿੱਧੀ ਬਿਜਾਈ ਕਰਨੀ ਹੋਵੇ ਤਾਂ ਉਸ ਲਈ ਤਾਂ ਇਹ ਵੱਡੀ ਸਿਰਦਰਦੀ ਬਣ ਜਾਂਦੀ ਹੈ। ਇਥੇ ਦੱਸਣਾ ਬਣਦਾ ਹੈ ਕਿ ਅੱਜ ਕੱਲ ਟਿਊਬਵੈਲ ਪਾਣੀ ਵੀ ਘੱਟ ਕੱਢਦੇ ਹਨ ਅਤੇ ਜੇਕਰ ਕੋਈ ਖੇਤ ਲੇਜਰ ਲੈਵਲਰ ਨਾਲ ਪੱਧਰਾ ਕਰਵਾਇਆ ਹੋਵੇ ਤਾਂ ਵੀ ਉਹ ਬੜੀ ਮੁਸ਼ਕਲ ਨਾਲ 6 ਤੋਂ 7 ਘੰਟੇ ਵਿਚ ਭਰਦਾ ਹੈ।
ਪੜ੍ਹੋ ਇਹ ਵੀ ਖਬਰ - ਪਹਿਲਾਂ ਤੋਂ ਆਰਥਿਕ ਤੰਗੀਆਂ ਦੇ ''ਝੰਬੇ'' ਕਿਸਾਨਾਂ ਨੂੰ ਲੁੱਟਣ ਲਈ ਸ਼ਰਾਰਤੀ ਅਨਸਰਾਂ ਨੇ ਲੱਭਿਆ ਨਵਾਂ ਰਾਹ
ਮੱਕੀ ਸਮੇਤ ਹੋਰ ਫਸਲਾਂ ਵੀ ਬੁਰੀ ਤਰਾਂ ਹੁੰਦੀਆਂ ਹਨ ਪ੍ਰਭਾਵਿਤ
ਸਰਕਾਰ ਵੱਲੋਂ ਇਸ ਸਾਲ ਮੱਕੀ ਹੇਠ ਰਕਬਾ 60 ਹਜ਼ਾਰ ਹੈਕਟੇਅਰ ਤੋਂ ਵਧਾ ਕੇ 3.50 ਲੱਖ ਹੈਕਟੇਅਰ ਕਰਨ ਦਾ ਟੀਚਾ ਮਿਥਿਆ ਹੈ। ਪਰ ਕਈ ਕਿਸਾਨਾਂ ਦਾ ਕਹਿਣਾ ਹੈ ਕਿ ਮੱਕੀ ਦੀ ਕਾਸ਼ਤ ਤਾਂ ਕੀ ਕਰਨੀ, ਉਨ੍ਹਾਂ ਨੂੰ ਤਾਂ ਪਸ਼ੂਆਂ ਦੇ ਚਾਰੇ ਨੂੰ ਪਾਣੀ ਲਾਉਣ ਲਈ ਵੀ ਜੂਝਣਾ ਪੈਂਦਾ ਹੈ। ਇਸੇਤਰਾਂ ਗੰਨੇ ਦੇ ਕਾਸ਼ਤਕਾਰ ਵੀ ਆਪਣੀ ਸਮੱਸਿਆ ਨੂੰ ਲੈ ਕੇ ਪਰੇਸ਼ਾਨ ਹਨ ਅਤੇ ਬਾਗਾਂ ਤੇ ਸਬਜ਼ੀਆਂ ਦੇ ਕਾਸ਼ਤਕਾਰ ਵੀ ਨਿਰਾਸ਼ਾ ਦੇ ਆਲਮ 'ਚ ਘਿਰੇ ਹਨ।
ਨਹਿਰੀ ਪਾਣੀ ਵੀ ਨਹੀਂ ਹੁੰਦਾ ਨਸੀਬ
ਰਜਵਾਹਿਆਂ 'ਚ ਪਾਣੀ ਛੱਡਣ ਦੇ ਮਾਮਲੇ ਵਿਚ ਵੀ ਸਰਕਾਰ ਨੇ ਕੋਈ ਤਬਦੀਲੀ ਨਹੀਂ ਕੀਤੀ, ਜਿਸ ਦੇ ਚਲਦਿਆਂ ਪੁਰਾਣੀ ਰਵਾਇਤ ਅਨੁਸਾਰ ਝੋਨੇ ਦੀ ਲਵਾਈ ਦੇ ਦਿਨਾਂ ਵਿਚ ਸੂਇਆਂ ਵਿਚ ਪਾਣੀ ਛੱਡਿਆ ਜਾਂਦਾ ਹੈ ਜੋ ਬਹੁਤੇ ਥਾਈਂ ਟੇਲਾਂ ਤੱਕ ਪਹੁੰਚਦਾ ਹੀ ਨਹੀਂ।
ਪੜ੍ਹੋ ਇਹ ਵੀ ਖਬਰ - ਜਦੋਂ ਪੈਰ ''ਤੇ ਡਿੱਗੀ ਬਿੱਠ ਕਾਰਨ ਬਲਬੀਰ ਸਿੰਘ ਸੀਨੀਅਰ ਨੇ ਜਿੱਤਿਆ ਸੀ ਓਲੰਪਿਕ (ਵੀਡੀਓ)
ਖੇਤ ਖਾਲੀ ਛੱਡਣ ਲਈ ਮਜ਼ਬੂਰ ਹਨ ਕਿਸਾਨ
ਆਮ ਤੌਰ 'ਤੇ ਖੇਤੀ ਵਿਗਿਆਨੀ ਕਿਸਾਨਾਂ ਨੂੰ ਸਲਾਹ ਦਿੰਦੇ ਹਨ ਕਿ ਕਣਕ ਦੀ ਕਟਾਈ ਦੇ ਬਾਅਦ ਝੋਨੇ/ਬਾਸਮਤੀ ਦੀ ਕਾਸ਼ਤ ਤੋਂ ਪਹਿਲਾਂ ਦੇ ਕਰੀਬ ਤਿੰਨ ਮਹੀਨੇ ਖੇਤਾਂ ਵਿਚ ਹਰੀ ਖਾਦ ਜਾਂ ਮੂੰਗੀ ਵਰਗੀ ਕਿਸੇ ਤੀਸਰੀ ਫਸਲ ਦੀ ਕਾਸ਼ਤ ਕੀਤੀ ਜਾਵੇ। ਬਿਜਲੀ ਤੇ ਪਾਣੀ ਸਬੰਧੀ ਸਰਕਾਰ ਵੱਲੋਂ ਕੋਈ ਪਾਲਿਸੀ ਨਾ ਬਣਾਏ ਜਾਣ ਕਾਰਨ ਹੁਣ ਕਈ ਕਿਸਾਨ ਚਾਹੁੰਦੇ ਹੋਏ ਵੀ ਇਨ੍ਹਾਂ ਵਾਧੂ ਫਸਲਾਂ ਦੀ ਕਾਸ਼ਤ ਨਹੀਂ ਕਰਦੇ ਅਤੇ ਉਨ੍ਹਾਂ ਵੱਲੋਂ ਖੇਤ ਖਾਲੀ ਛੱਡਣ ਨੂੰ ਤਰਜੀਹ ਦਿੱਤੀ ਜਾਂਦੀ ਹੈ। ਇਹੀ ਕਾਰਨ ਮੰਨਿਆ ਜਾਂਦਾ ਹੈ ਕਿ ਪੰਜਾਬ ਅੰਦਰ ਅਜੇ ਵੀ ਮੂੰਗੀ ਵਰਗੀਆਂ ਲਾਹੇਵੰਦ ਫਸਲਾਂ ਹੇਠ ਰਕਬਾ ਨਹੀਂ ਵਧ ਰਿਹਾ।
ਕੀ ਕਹਿਣਾ ਹੈ ਕਿਸਾਨ ਆਗੂ ਦਾ?
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਇਹ ਮੁੱਦਾ ਬਹੁਤ ਗੰਭੀਰ ਅਤੇ ਬਹੁਤ ਸਾਲਾਂ ਤੋਂ ਅਣਗੌਲਿਆ ਪਿਆ ਹੈ। ਉਨ੍ਹਾਂ ਨੇ ਇਸ ਸਬੰਧੀ ਕਈ ਉਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਸੀ। ਪਰ ਚਿੰਤਾ ਵਾਲੀ ਗੱਲ ਇਹ ਹੈ ਕਿ ਸਰਕਾਰ ਬਹੁਤ ਸਾਰੀਆਂ ਪਾਲਿਸੀਆਂ ਅਜਿਹੀਆਂ ਬਣਾ ਦਿੰਦੀ ਹੈ ਜੋ ਜ਼ਮੀਨੀ ਹਕੀਕਤ 'ਤੇ ਖਰੀ ਨਹੀਂ ਉਤਰਦੀਆਂ। ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਸਾਲ ਵਿਚ ਕਈ ਮਹੀਨੇ ਬਿਜਲੀ ਖਰੀਦੇ ਬਗੈਰ ਹੀ ਬਿਜਲੀ ਉਤਪਾਦਨ ਵਾਲੀਆਂ ਕੰਪਨੀਆਂ ਨੂੰ ਐਗਰੀਮੈਂਟ ਮੁਤਾਬਕ ਭੁਗਤਾਨ ਕਰਦੀ ਹੈ ਤੇ ਦੂਸਰੇ ਪਾਸੇ ਕਿਸਾਨਾਂ ਨੂੰ ਬਿਜਲੀ ਦੀ ਘਾਟ ਕਾਰਨ ਡੀਜ਼ਲ ਫੂਕ ਕੇ ਕਰਜ਼ਾਈ ਹੋਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪਾਣੀਆਂ ਦੀ ਲੜਾਈ ਲੜਨ ਵਾਲੇ ਇਸ ਸੂਬੇ ਅੰਦਰ ਇਕ ਸਚਾਈ ਇਹ ਵੀ ਹੈ ਕਿ ਸੂਬੇ ਅੰਦਰ ਬਹੁਤ ਸਾਰੇ ਰਜਵਾਹੇ ਸਿਰਫ 'ਫਾਈਲਾਂ' ਵਿਚ ਸਾਫ ਹੁੰਦੇ ਹਨ, ਜਦੋ ਕਿ ਉਨ੍ਹਾਂ ਵਿਚ ਉਗੇ ਘਾਹ ਫੂਸ ਤੇ ਬੂਟੀਆਂ ਕਾਰਨ ਪੂਰੀ ਮਾਤਰਾ ਵਿਚ ਪਾਣੀ ਨਹੀਂ ਛੱਡਿਆ ਜਾਂਦਾ। ਇਸ ਕਾਰਨ ਇਹ ਪਾਣੀ ਖੁਦ ਅਗਾਂਹ ਹੋਰ ਸੂਬਿਆਂ ਨੂੰ ਚਲਾ ਜਾਂਦਾ ਹੈ ਪਰ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ।
ਪੜ੍ਹੋ ਇਹ ਵੀ ਖਬਰ - ਸਭ ਤੋਂ ਪਹਿਲਾਂ ਪਲਾਜ਼ਮਾ ਦਾਨ ਕਰਨ ਵਾਲੇ ਤਬਰੇਜ਼ ਖ਼ਾਨ ਦੀ ਮੁਕੰਮਲ ਦਾਸਤਾਨ
ਪੜ੍ਹੋ ਇਹ ਵੀ ਖਬਰ - ਪਿੱਤੇ ਦੀ ਪੱਥਰੀ ਤੋਂ ਪਰੇਸ਼ਾਨ ਲੋਕ ਪੀਣ ‘ਸੇਬ ਦਾ ਜੂਸ’, ਅੱਖਾਂ ਦੀ ਰੋਸ਼ਨੀ ਵਧਾਉਣ 'ਚ ਵੀ ਕਰੇ ਮਦਦ
ਅਗਾਂਹਵਧੂ ਕਿਸਾਨ ਵੀ ਨਿਰਾਸ਼
ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸਹਾਰੀ ਨਾਲ ਸਬੰਧਿਤ ਉਘੇ ਅਗਾਂਹਵਧੂ ਕਿਸਾਨ ਪਲਵਿੰਦਰ ਸਿੰਘ ਸਹਾਰੀ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾਂ ਸਰਕਾਰੀ ਵਿਭਾਗਾਂ ਅਤੇ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਨੁਸਾਰ ਖੇਤੀ ਦਾ ਕੰਮ ਕੀਤਾ ਹੈ ਅਤੇ ਇਸ ਧੰਦੇ ਨੂੰ ਲਾਹੇਵੰਦ ਕਰਕੇ ਦੱਸਿਆ ਹੈ। ਅਪ੍ਰੈਲ ਤੋਂ ਜੂਨ ਮਹੀਨੇ ਤੱਕ ਬਿਜਲੀ ਪਾਣੀ ਦੀ ਘਾਟ ਸਾਹਮਣੇ ਉਨ੍ਹਾਂ ਦੇ ਕਈ ਤਜ਼ਰਬੇ ਅਤੇ ਸਾਧਨ ਵੀ ਫਿੱਕੇ ਪੈ ਜਾਂਦੇ ਹਨ, ਕਿਉਂਕਿ ਗਰਮੀ ਦੇ ਇਨ੍ਹਾਂ ਦਿਨਾਂ ਵਿਚ ਜਦੋਂ ਫਸਲਾਂ ਪਾਣੀ ਦੀ ਮਾਰ ਨਾਲ ਮੁਰਝਾ ਜਾਂਦੀਆਂ ਹਨ ਤਾਂ ਉਨ੍ਹਾਂ ਨੂੰ ਡੀਜਲ ਨਾਲ ਚੱਲਣ ਵਾਲੇ ਪੰਪ ਚਲਾਉਣੇ ਪੈਂਦੇ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਗੱਲ 'ਤੇ ਧਿਆਨ ਦਿੱਤਾ ਜਾਵੇ ਕਿ ਸਿਰਫ 4 ਮਹੀਨੇ ਤਿੰਨ ਫੇਜ ਬਿਜਲੀ ਸਪਲਾਈ ਦੇ ਕੇ ਫਸਲੀ ਵਿਭਿੰਨਤਾ ਨਹੀਂ ਲਿਆਂਦੀ ਜਾ ਸਕਦੀ।