ਈ. ਐੱਸ. ਆਈ. ਹਸਪਤਾਲ ’ਤੇ ਛਾਏ ਸੰਕਟ ਦੇ ਬੱਦਲ, ਲੰਬੇ ਸਮੇਂ ਤੋਂ ਦਵਾਈਆਂ ਦੀ ਥੋੜ
Saturday, Feb 11, 2023 - 03:32 PM (IST)
ਅੰਮ੍ਰਿਤਸਰ (ਦਲਜੀਤ) : ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਸਿਹਤ ਸੇਵਾਵਾਂ ’ਚ ਸੁਧਾਰ ਤਾਂ ਕੀ ਹੋਣਾ ਸੀ, ਸਗੋਂ ਸਰਕਾਰੀ ਸੇਵਾਵਾਂ ਡਾਵਾਂਡੋਲ ਹੋ ਗਈਆਂ ਹਨ। ਮਜੀਠਾ ਰੋਡ ’ਤੇ ਸਥਿਤ ਸਰਕਾਰੀ ਈ. ਐੱਸ. ਆਈ. ਹਸਪਤਾਲ ਵਿਚ ਮਰੀਜ਼ਾਂ ਨੂੰ ਜ਼ਰੂਰੀ ਦਵਾਈਆਂ ਨਾ ਮਿਲਣ ਕਾਰਨ ਹਾਹਾਕਾਰ ਮਚੀ ਹੋਈ ਹੈ। ਹਸਪਤਾਲ ਵਿਚ ਦੂਰ-ਦੁਰਾਡੇ ਤੋਂ ਆਉਣ ਵਾਲੇ ਮਰੀਜ਼ ਸਰਕਾਰ ਨੂੰ ਦੋਵੇਂ ਹੱਥੀਂ ਕੋਸਦੇ ਹੋਏ ਕਾਫੀ ਪ੍ਰੇਸ਼ਾਨ ਹੋ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕਰੀਬ ਇੱਕ ਸਾਲ ਤੋਂ ਦਵਾਈਆਂ ਦੀ ਸਪਲਾਈ ਨਹੀਂ ਹੋਈ। ਚੰਡੀਗੜ੍ਹ ਤੋਂ ਦਵਾਈਆਂ ਦਾ ਸਟਾਕ ਨਹੀਂ ਭੇਜਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਗ਼ੈਰ-ਸਰਕਾਰੀ ਅਦਾਰਿਆਂ ਵਿਚ ਕੰਮ ਕਰਦੇ ਮੁਲਾਜ਼ਮਾਂ ਦੀ ਸਹੂਲਤ ਲਈ ਸਰਕਾਰੀ ਈ. ਐੱਸ. ਆਈ. ਖੋਲ੍ਹਿਆ ਗਿਆ ਹੈ। ਇਸ ਹਸਪਤਾਲ ਵਿਚ ਰੋਜ਼ਾਨਾ ਸੈਂਕੜੇ ਮਰੀਜ਼ ਇਲਾਜ ਲਈ ਆਉਂਦੇ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਜੋ ਹਸਪਤਾਲ ਪਹਿਲਾਂ ਦਵਾਈਆਂ ਨਾਲ ਭਰਿਆ ਰਹਿੰਦਾ ਸੀ, ਹੁਣ ਹਾਲਤ ਇਹ ਹੈ ਕਿ ਹਸਪਤਾਲ ਵਿਚ ਜ਼ਰੂਰੀ ਦਵਾਈਆਂ ਨਹੀਂ ਹਨ ਅਤੇ ਮਰੀਜ਼ਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੰਮ੍ਰਿਤਸਰ ਜ਼ੋਨ ਅਧੀਨ ਪੈਂਦੇ ਪਠਾਨਕੋਟ, ਫਾਜ਼ਿਲਕਾ, ਅਬੋਹਰ, ਜਲੰਧਰ, ਫਗਵਾੜਾ, ਹੁਸ਼ਿਆਰਪੁਰ, ਮੰਡੀ ਗੋਬਿੰਦਗੜ੍ਹ ਮੋਹਾਲੀ ਵਿਚ ਵੀ ਈ. ਐੱਸ. ਆਈ. ਹਸਪਤਾਲ ਤੋਂ ਹੀ ਦਵਾਈਆਂ ਦੀ ਸਪਲਾਈ ਕੀਤੀ ਜਾਂਦੀ ਹੈ। ਇਸ ਜ਼ੋਨ ਵਿਚ 1.5 ਲੱਖ ਤੋਂ ਵੱਧ ਈ .ਐੱਸ .ਆਈ. ਕਾਰਡ ਧਾਰਕ ਹਨ, ਜੋ ਮੁਫਤ ਇਲਾਜ ਦੀ ਸਹੂਲਤ ਲੈਣ ਦੇ ਹੱਕਦਾਰ ਹਨ।
ਇਹ ਵੀ ਪੜ੍ਹੋ : ਸਿਵਲ ਹਸਪਤਾਲ ’ਚ ਡਾਵਾਂਡੋਲ ਹੋਣਗੀਆਂ ਸਿਹਤ ਸੇਵਾਵਾਂ, ਮੁਲਾਜ਼ਮ ਹੜਤਾਲ ’ਤੇ ਜਾਣ ਲਈ ਤਿਆਰ
ਈ. ਐੱਸ. ਆਈ ਵਿਭਾਗ ਚੰਡੀਗੜ੍ਹ ਵਲੋਂ ਹਰ ਸਾਲ ਫਰਵਰੀ ਅਤੇ ਸਤੰਬਰ ਮਹੀਨੇ ਵਿਚ ਦਵਾਈਆਂ ਦਾ ਸਟਾਕ ਈ. ਐੱਸ. ਆਈ. ਹਸਪਤਾਲ ਭੇਜਿਆ ਜਾਂਦਾ ਹੈ। ਫਰਵਰੀ 2022 ਵਿਚ ਦਵਾਈਆਂ ਆਈਆਂ ਸੀ ਪਰ ਸਤੰਬਰ ਮਹੀਨੇ ਵਿਚ ਨਹੀਂ ਮਿਲੀ। ਈ. ਐਸ. ਆਈ. ਹਸਪਤਾਲ ਪ੍ਰਸਾਸ਼ਨ ਨੇ ਵਿਭਾਗ ਪੱਤਰ ਵਿਹਾਰ ਕੀਤਾ ਪਰ ਕੋਈ ਜਵਾਬ ਨਹੀਂ ਮਿਲਿਆ ਕਿ ਦਵਾਈਆ ਕਦੋਂ ਤੱਕ ਆਉਣਗੀਆ। ਸੂਤਰਾਂ ਅਨੁਸਾਰ ਚੰਡੀਗੜ੍ਹ ਵਿਚ ਈ. ਐੱਸ. ਆਈ. ਦਵਾਈਆਂ ਦੀ ਖਰੀਦ ਦੀ ਫਾਈਲ ਵਿਭਾਗ ਦੇ ਸਕੱਤਰ ਪੱਧਰ ’ਤੇ ਹੀ ਦੱਬੀ ਰਹੀ। ਇਸ ਤੋਂ ਬਾਅਦ ਸਥਿਤੀ ਇਹ ਹੈ ਕਿ 500 ਕਿਸਮ ਦੀਆਂ ਦਵਾਈਆਂ ਮੁਹੱਈਆ ਕਰਵਾਉਣ ਵਾਲੇ ਈ. ਐੱਸ. ਆਈ. ਹਸਪਤਾਲ ਵਿਚ ਸਧਾਰਨ ਦਰਦ ਨਿਵਾਰਕ, ਕੈਲਸ਼ੀਅਮ, ਚਮੜੀ ਰੋਗਾਂ ਸਮੇਤ ਲਗਭਗ ਸਾਰੀਆਂ ਦਵਾਈਆਂ ਖਤਮ ਹੋ ਚੁੱਕੀਆਂ ਹਨ। ਮਰੀਜ਼ ਆਉਂਦੇ ਹਨ ਪਰ ਦਵਾਈ ਕੇਂਦਰ ਤੋਂ ਉਨ੍ਹਾਂ ਨੂੰ ਖਾਲੀ ਹੱਥ ਭੇਜ ਦਿੱਤਾ ਜਾਂਦਾ ਹੈ। ਹੰਗਾਮਾ ਕਰਨ ਵਾਲੇ ਮਰੀਜ਼ਾਂ ਨੂੰ ਦੋ ਤੋਂ ਚਾਰ ਗੋਲੀਆਂ ਦੇ ਕੇ ਸ਼ਾਂਤ ਕੀਤਾ ਜਾਂਦਾ ਹੈ।
ਨਾ ਦਵਾਈ , ਨਾ ਡਾਕਟਰ
ਉੱਤਰ ਪ੍ਰਦੇਸ਼ ਵੈੱਲਫੇਅਰ ਕੌਂਸਲ ਦੇ ਨੇਤਾ ਰਾਮ ਭਵਨ ਗੋਸਵਾਮੀ ਦੇ ਅਨੁਸਾਰ, ਉਹ ਈ. ਐੱਸ. ਆਈ. ਹਸਪਤਾਲ ਗਏ ਸਨ। ਦਵਾਈ ਵਿਭਾਗ ਵਿਚ ਕੋਈ ਡਾਕਟਰ ਨਹੀਂ ਮਿਲਿਆ ਅਤੇ ਨਾ ਹੀ ਇੱਥੇ ਕੋਈ ਦਵਾਈ ਹੈ। ਹਸਪਤਾਲ ਆਉਣ ਤੋਂ ਬਾਅਦ ਸਿਰ ’ਤੇ ਹੱਥ ਮਾਰਨ ਵਾਲੀ ਗੱਲ ਹੈ। ਜੇਕਰ ਸਰਕਾਰ ਇਸ ਹਫ਼ਤੇ ਦਵਾਈਆਂ ਭੇਜਦੀ ਹੈ ਤਾਂ ਪਹਿਲਾਂ ਉਨ੍ਹਾਂ ਦੀ ਲੈਬਾਰਟਰੀ ਵਿਚ ਜਾਂਚ ਕੀਤੀ ਜਾਵੇਗੀ, ਫਿਰ ਮਰੀਜ਼ਾਂ ਤੱਕ ਪਹੁੰਚਾਈ ਜਾਵੇਗੀ। ਇਸ ਪ੍ਰਕਿਰਿਆ ਵਿਚ ਵੀ ਦਸ ਤੋਂ ਪੰਦਰਾਂ ਦਿਨ ਲੱਗਣਗੇ। ਅੰਮ੍ਰਿਤਸਰ ਦੇ ਈ. ਐੱਸ. ਆਈ. ਡਿਸਪੈਂਸਰੀਆਂ ਵੇਰਕਾ, ਛੇਹਰਟਾ, ਤਰਨਤਾਰਨ, ਗੋਇੰਦਵਾਲ ਸਾਹਿਬ, ਬਟਾਲਾ, ਦੀਨਾਨਗਰ, ਪਠਾਨਕੋਟ ਅਤੇ ਧਾਰੀਵਾਲ ਵਿੱਚ ਵੀ ਦਵਾਈਆਂ ਦੀ ਘਾਟ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਕਾਰਡ ਧਾਰਕ ਪ੍ਰਵਾਸੀ ਹਨ ਅਤੇ ਸੇਵਾਵਾਂ ਨਾ ਮਿਲਣ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ‘ਆਪ’ ਨੇ ਵੀ ਸ਼ੁਰੂ ਕੀਤੀ ਨਿਗਮ ਚੋਣਾਂ ਦਾ ਤਿਆਰੀ!
ਈ. ਐੱਸ. ਆਈ. ਨਿਗਮ ਨੇ ਮੰਗੀ ਸੀ ਰਾਜ ਤੋਂ ਈ. ਐੱਸ. ਆਈ. ਹਸਪਤਾਲਾਂ ਦੀ ਸਰਪ੍ਰਸਤੀ
ਆਲ ਇੰਡੀਆ ਐਂਟੀ ਕੁਰਪੱਸ਼ਨ ਮੋਰਚੇ ਦੇ ਸਰਪ੍ਰਸਤ ਮਹੰਤ ਰਮੇਸ਼ਾ ਨੰਦ ਸਰਸਵਤੀ ਨੇ ਕਿਹਾ ਕਿ ਦਵਾਈਆਂ ਸੁਚਾਰੂ ਢੰਗ ਨਾਲ ਉਪਲਬਧ ਕਰਵਾਈਆਂ ਜਾਣ। ਰਾਜ ਵਿਚ ਈ. ਐੱਸ. ਆਈ. ਹਸਪਤਾਲ ਦੀ ਹਾਲਤ ਖ਼ਰਾਬ ਹੋ ਗਈ ਹੈ। ਇਹੀ ਕਾਰਨ ਹੈ ਕਿ ਕੇਂਦਰ ਸਰਕਾਰ ਨੇ ਰਾਜ ਸਰਕਾਰ ਨੂੰ ਪੱਤਰ ਲਿਖ ਕੇ ਇਨ੍ਹਾਂ ਹਸਪਤਾਲਾਂ ਨੂੰ ਸਰਪ੍ਰਸਤੀ ਦਿੱਤੀ ਜਾਵੇ। ਦਰਅਸਲ, ਕੇਂਦਰ ਸਰਕਾਰ ਦੇ ਉੱਦਮ ਈ. ਐੱਸ. ਆਈ. ਨਿਗਮ ਵੱਲੋਂ ਪੰਜਾਬ ਦੇ ਈ. ਐੱਸ. ਆਈ. ਹਸਪਤਾਲ ਦੇ ਸੰਚਾਲਨ ਵਿਚ 88 ਫੀਸਦੀ ਰਾਸ਼ੀ ਖਰਚ ਕੀਤੀ ਜਾਦੀ ਹੈ। 12 ਫੀਸਦੀ ਪੈਸਾ ਪੰਜਾਬ ਸਰਕਾਰ ਕਰਦੀ ਹੈ। ਈ. ਐੱਸ. ਆਈ ਨਿਗਮ ਨੂੰ ਜੇਕਰ ਇਹ ਹਸਪਤਾਲ ਮਿਲ ਜਾਂਦੇ ਹਨ ਤਾਂ ਇੱਥੇ ਉੱਚ ਪੱਧਰੀ ਮੈਡੀਕਲ ਸਹੂਲਤਾਂ ਉਪਲਬਧ ਹੋਣਗੀਆਂ। ਹਾਲਾਂਕਿ ਇਸ ਸਬੰਧ ਵਿੱਚ ਪੰਜਾਬ ਸਰਕਾਰ ਨੇ ਈ. ਐੱਸ. ਆਈ. ਨਿਗਮ ਨੇ ਕੋਈ ਜਵਾਬ ਨਹੀਂ ਦਿੱਤਾ ਹੈ। ਦੁਖਦ ਪਹਿਲੂ ਇਹ ਹੈ ਕਿ ਪੰਜਾਬ ਦੀਆਂ ਛੇ ਆਯੁਰਵੈਦਿਕ ਡਿਸਪੈਂਸਰੀਆਂ ਦੀ ਹਾਲਤ ਵੀ ਤਰਸਯੋਗ ਹੈ। ਨਵੀਂ ਸਰਕਾਰ ਨੇ ਡਾਕਟਰਾਂ ਦਾ ਡੈਪੂਟੇਸ਼ਨ ਰੱਦ ਕਰ ਦਿੱਤਾ ਹੈ। ਆਯੁਰਵੈਦਿਕ ਡਿਸਪੈਂਸਰੀਆਂ ਦੇ ਡਾਕਟਰਾਂ ਨੂੰ ਉਨ੍ਹਾਂ ਦੇ ਪੇਰੈਂਟ ਸਟੇਸ਼ਨਾਂ ’ਤੇ ਭੇਜ ਦਿੱਤਾ ਹੈ। ਇਸ ਤੋਂ ਬਾਅਦ ਇਨ੍ਹਾਂ ਡਿਸਪੈਂਸਰੀਆਂ ਨੂੰ ਸਟਾਫ਼ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਨ ਔਸ਼ਧੀ ਵੀ ਬੰਦ
ਮਰੀਜ਼ਾਂ ਦੀ ਖੱਜਲ ਖੁਆਰੀ ਦਾ ਇੱਕ ਹੋਰ ਕਾਰਨ ਸਿਵਲ ਹਸਪਤਾਲ ਵਿੱਚ ਸਥਿਤ ਜਨ ਔਸ਼ਧੀ ਕੇਂਦਰ ਵੀ ਹੈ। ਇਹ ਕੇਂਦਰ ਕਰੀਬ ਦੋ ਸਾਲਾਂ ਤੋਂ ਬੰਦ ਪਿਆ ਹੈ। ਅਜਿਹੇ ’ਚ ਮਰੀਜ਼ਾਂ ਨੂੰ ਜੈਨਰਿਕ ਦਵਾਈਆਂ ਨਹੀਂ ਮਿਲ ਰਹੀਆਂ ਹਨ। ਸਿਹਤ ਵਿਭਾਗ ਨੇ ਅਜੇ ਤੱਕ ਇਸ ਕੇਂਦਰ ਨੂੰ ਖੋਲ੍ਹਣ ਲਈ ਸਟਾਫ਼ ਦੀ ਨਿਯੁਕਤੀ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ : ਕੇਂਦਰੀ ਜੇਲ ਸ੍ਰੀ ਗੋਇੰਦਵਾਲ ਸਾਹਿਬ ਫਿਰ ਸੁਰਖੀਆਂ ’ਚ, 5 ਮੋਬਾਇਲ ਫੋਨ, ਸਿਮਾਂ, ਡਾਟਾ ਕੇਬਲ ਤੇ ਹੋਰ ਸਾਮਾਨ ਬਰਾਮਦ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।