ਲਾਟਰੀ ਦੇ ਨਾਮ ’ਤੇ ਦੜੇ-ਸੱਟੇ ਦਾ ਗੈਰ-ਕਾਨੂੰਨੀ ਧੰਦਾ ਜ਼ੋਰਾਂ

Sunday, Aug 05, 2018 - 02:43 AM (IST)

ਲਾਟਰੀ ਦੇ ਨਾਮ ’ਤੇ ਦੜੇ-ਸੱਟੇ ਦਾ ਗੈਰ-ਕਾਨੂੰਨੀ ਧੰਦਾ ਜ਼ੋਰਾਂ

ਰਾਏਕੋਟ(ਭੱਲਾ)-ਸ਼ਹਿਰ ’ਚ ਸਰਕਾਰੀ ਲਾਟਰੀ ਦੇ ਨਾਂ ’ਤੇ ਦੜੇ-ਸੱਟੇ ਦਾ ਗੈਰ-ਕਾਨੂੰਨੀ ਧੰਦਾ ਜ਼ੋਰਾਂ ’ਤੇ ਚੱਲ ਰਿਹਾ ਹੈ, ਜਿਸ ਦੀ ਆੜ ’ਚ ਸ਼ਰੇਆਮ ਲੋਕਾਂ ਕੋਲੋਂ ਸੱਟਾ ਲਗਵਾਇਆ ਜਾ ਰਿਹਾ ਹੈ। ਲਾਟਰੀ ਦੇ ਨਾਂ ’ਤੇ ਸ਼ੁਰੂ ਕੀਤੇ ਗਏ ਇਸ ਧੰਦੇ ਲਈ ਕਿਸੇ ਪਾਸ ਵੀ ਸਬੰਧਿਤ ਵਿਭਾਗ ਦੀ ਕੋਈ ਵੀ ਮਨਜ਼ੂਰੀ ਨਹੀਂ ਹੈ ਤੇ ਲਾਟਰੀ ਦੀ ਆੜ ’ਚ ਦੜੇ-ਸੱਟੇ ਨਾਲ ਕਮਾਈ ਕੀਤੀ ਜਾ ਰਹੀ ।  ਇਨ੍ਹਾਂ ਸਟਾਲਾਂ ’ਤੇ ਆਮ ਤੌਰ ’ਤੇ ਦਿਹਾੜੀਦਾਰ, ਮਜ਼ਦੂਰ, ਰੇਹੜੀ-ਫੜ੍ਹੀ ਵਾਲੇ ਤੇ ਕਈ ਤਰ੍ਹਾਂ ਦੇ ਨਸ਼ੇ ’ਚ  ਨੌਜਵਾਨ ਆਮ ਬੈਠੇ ਦਿਖਾਈ ਦਿੰਦੇ ਹਨ। ਮਜ਼ਦੂਰ ਤੇ ਛੋਟੇ ਕਾਰੋਬਾਰੀ ਸਾਰਾ ਦਿਨ ਹੱਡ ਭੰਨਵੀਂ ਕਮਾਈ ਕਰਕੇ ਆਪਣੇ ਬੱਚਿਆਂ ਦਾ ਪੇਟ ਪਾਲਣ ਦੀ ਥਾਂ ਸਾਰੇ ਦਿਨ ਦੀ ਕਮਾਈ ਇਨਾਂ ਸਟਾਲਾਂ ਵਾਲਿਆਂ ਦੀ ਭੇਟ ਚੜ੍ਹਾ ਜਾਂਦੇ ਹਨ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਪੁਲਸ ਵਿਭਾਗ ਇਸ ਤਰ੍ਹਾਂ ਦੇ ਗਲਤ ਧੰਦੇ ਪ੍ਰਤੀ ਲਾਪਰਵਾਹੀ ਦਿਖਾਉਂਦਾ ਰਿਹਾ ਤਾਂ ਦੜੇ-ਸੱਟੇ ਦਾ ਇਹ ਧੰਦਾ ਵੱਡਾ ਰੂਪ ਧਾਰਨ ਕਰ ਲਵੇਗਾ, ਜਿਸ ਦੇ ਚਲਦਿਆਂ ਇਹ ਦਿਹਾਤੀ ਖੇਤਰ ਦੇ ਲੋਕਾਂ ਦੀ ਬਰਬਾਦੀ ਦਾ ਕਾਰਨ ਬਣ ਜਾਵੇਗਾ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਦੜੇ-ਸੱਟੇ ਦੇ ਇਹ ਦਲਾਲ ਥਾਂ-ਥਾਂ ਅੱਡੇ ਬਣਾ ਕੇ ਜਿੱਥੇ ਗਰੀਬ ਘਰਾਂ ਦੇ ਲੋਕਾਂ ਨੂੰ ਬਰਬਾਦ ਕਰਕੇ ਆਪਣੀਆਂ ਕੋਠੀਆਂ ਉਸਾਰ ਰਹੇ ਹਨ, ਉਥੇ ਪੁਲਸ ਤੇ ਸਿਵਲ ਪ੍ਰਸ਼ਾਸਨ ਵੀ ਗੂੜੀ ਨੀਂਦ ਸੁੱਤਾ ਪਿਆ ਲੱਗਦਾ ਹੈ । ਇਹ ਦਲਾਲ 5 ਰੁਪਏ ਤੋਂ ਲੈ ਕੇ ਹਜ਼ਾਰਾਂ ਰੁਪਏ ਦਾ ਨੰਬਰੀ ਸੱਟਾ ਲਗਾਉਂਦੇ ਹਨ, ਜਿੱਥੇ ਗਰੀਬ ਤੇ ਵਿਚਕਾਰਲਾ ਤਬਕਾ ਇਸ ’ਚ ਪੈਸੇ ਲਗਾ ਕੇ ਨਿੱਤ ਬਰਬਾਦ ਹੋ ਰਿਹਾ ਹੈ, ਉਥੇ ਪੁਲਸ ਤੇ ਸਿਵਲ ਪ੍ਰਸ਼ਾਸਨ ਗੈਰਕਾਨੂੰਨੀ ਧੰਦੇ ਕਰਨ ਵਾਲਿਆਂ ਨੂੰ ਆਪਣੀ ਸਰਪ੍ਰਸਤੀ ਦਿੰਦਾ ਨਜ਼ਰ ਆ ਰਿਹਾ। ਲਾਟਰੀ ਦੇ ਨਾਂ ’ਤੇ ਇਹ ਲੋਕਾਂ ਨੂੰ ਆਪਣੀ ਬਣਾਈ ਇਕ ਪਰਚੀ ਦਿੰਦੇ ਹਨ ਤੇ ਨੰਬਰ ਲੱਗ ਜਾਣ ’ਤੇ ਲਗਾਈ ਗਈ ਰਕਮ ਦਾ ਦਸ ਗੁਣਾ ਦਿੱਤਾ ਜਾਂਦਾ ਹੈ। ਇਨ੍ਹਾਂ ਨੰਬਰਾਂ ਦਾ ਨਤੀਜਾ ਹਰ 15 ਮਿੰਟ ਬਾਅਦ ਆਉਂਦਾ ਹੈ ਤੇ ਇਸ ਨਤੀਜੇ ਨੂੰ ਮੋਬਾਇਲ ਰਾਹੀਂ ਪ੍ਰਾਪਤ ਕੀਤਾ ਜਾਂਦਾ ਹੈ। ਕਈ ਲੋਕ ਇਸ ਧੰਦੇ ਨੂੰ ਨਿੱਜੀ ਤੌਰ ’ਤੇ ਆਪਣੀ ਪੱਧਰ ’ਤੇ ਚਲਾ ਰਹੇ ਹਨ ਤੇ ਕਈਆਂ ਦਾ ਸਬੰਧ ਵੱਡੇ ਸ਼ਹਿਰਾਂ ਦੇ ਦਲਾਲਾਂ ਨਾਲ ਹੈ ਤੇ ਇਹ ਉਨ੍ਹਾਂ ਨਾਲ ਕਮਿਸ਼ਨ ’ਤੇ ਕੰਮ ਕਰਦੇ ਹਨ । ਸ਼ਹਿਰ ’ਚ ਇਸ ਸਮੇਂ ਡੇਢ ਦਰਜਨ ਦੇ ਕਰੀਬ ਅਜਿਹੇ ਅੱਡੇ ਹਨ ਜੋ ਕਿ ਬਿਨਾ ਰੋਕ ਟੋਕ ਤੋਂ ਚੱਲ ਰਹੇ ਹਨ, ਦੜੇ-ਸੱਟੇ ਦਾ ਇਹ ਧੰਦਾ ਪੁਲਸ ਪ੍ਰਸ਼ਾਸਨ ਦੀ ਕਾਰਗੁਜਾਰੀ ’ਤੇ ਵੀ ਸਵਾਲੀਆ ਨਿਸ਼ਾਨ ਲਗਾਉਂਦਾ ਹੈ, ਕਿਉਂਕਿ ਸਰਕਾਰ ਦੀ ਪਾਬੰਦੀ ਹੋਣ ਦੇ ਬਾਵਜ਼ੂਦ ਇਹ ਖੁੱਲ੍ਹੇਆਮ ਚੱਲ ਰਿਹਾ ਹੈ। ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਇਹ ਨਾਜਇਜ਼ ਤੌਰ ’ਤੇ ਚੱਲ ਰਹੇ ਲਾਟਰੀ ਸਟਾਲਾਂ ਨੂੰ ਨੁਕੇਲ ਪਾਈ ਜਾਵੇ ਤਾਂ ਜੋ ਗਰੀਬ ਲੋਕ ਇਨ੍ਹਾਂ ਦੀ ਲੁੱਟ-ਖਸੁੱਟ ਤੋਂ ਬਚ ਸਕਣ। ਇਸ ਸਬੰਧੀ ਜਦੋਂ ਡੀ. ਐੱਸ. ਪੀ. ਰਾਏਕੋਟ ਗੁਰਮੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਪੜਤਾਲ ਕਰਕੇ ਗੈਰ-ਕਾਨੂੰਨੀ ਸਟਾਲ ਲਗਾਉਣ ਵਾਲਿਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।       


Related News