ਸ਼ਟਰ ਦਾ ਲਾਕ ਕੱਟ ਕੇ ਦਾਖਲ ਹੋਏ ਚੋਰ ਗੈਸ ਏਜੰਸੀ ਤੋਂ ਲੈ ਉੱਡੇ 11 ਲੱਖ

Thursday, Jun 28, 2018 - 04:59 AM (IST)

ਸ਼ਟਰ ਦਾ ਲਾਕ ਕੱਟ ਕੇ ਦਾਖਲ ਹੋਏ ਚੋਰ ਗੈਸ ਏਜੰਸੀ ਤੋਂ ਲੈ ਉੱਡੇ 11 ਲੱਖ

ਲੁਧਿਆਣਾ(ਰਿਸ਼ੀ)-ਪੱਖੋਵਾਲ ਰੋਡ 'ਤੇ ਸਥਿਤ ਨੀਰਜਾ ਗੈਸ ਕੰਪਨੀ 'ਚ ਸ਼ਟਰ ਦਾ ਲਾਕ ਕੱਟ ਕੇ ਦਾਖਲ ਹੋਏ ਚੋਰ 11 ਲੱਖ ਦੀ ਨਕਦੀ ਸਮੇਤ ਹੋਰ ਸਾਮਾਨ 'ਤੇ ਹੱਥ ਸਾਫ ਕਰ ਗਏ। ਪਤਾ ਲਗਦੇ ਹੀ ਮੌਕੇ 'ਤੇ ਪੁੱਜੀ ਥਾਣਾ ਡਵੀਜ਼ਨ ਨੰ. 5 ਦੀ ਪੁਲਸ ਕੇਸ ਦੀ ਜਾਂਚ 'ਚ ਜੁਟ ਗਈ। ਜਾਣਕਾਰੀ ਦਿੰਦੇ ਹੋਏ ਏਜੰਸੀ ਦੇ ਮਾਲਕ ਸ਼ਿਵ ਕੁਮਾਰ ਸ਼ਰਮਾ ਨਿਵਾਸੀ ਸਰਾਭਾ ਨਗਰ ਨੇ ਦੱਸਿਆ ਕਿ ਹਰ ਰੋਜ਼ ਵਾਂਗ ਮੰਗਲਵਾਰ ਸ਼ਾਮ ਲਗਭਗ 6 ਵਜੇ ਏਜੰਸੀ ਬੰਦ ਕਰ ਕੇ ਘਰ ਗਏ ਸਨ। ਮੰਗਲਵਾਰ ਸਵੇਰ ਬਿਲਡਿੰਗ ਦੇ ਮਾਲਕ ਨੇ ਸ਼ਟਰ ਦਾ ਲਾਕ ਟੁੱਟੇ ਹੋਣ ਦੀ ਜਾਣਕਾਰੀ ਦਿੱਤੀ। ਜਦੋਂ ਉਨ੍ਹਾਂ ਨੇ ਮੌਕੇ 'ਤੇ ਆ ਕੇ ਦੇਖਿਆ ਤਾਂ ਪਤਾ ਲੱਗਾ ਕਿ ਚੋਰ ਤਿਜੌਰੀ ਤੋੜ ਕੇ ਨਕਦੀ ਅਤੇ 2 ਮੋਬਾਇਲ ਫੋਨ ਲੈ ਗਏ। ਇਸ ਤੋਂ ਪਹਿਲਾਂ ਚੋਰਾਂ ਨੇ ਸੇਖੋਂ ਐਸੋਸੀਏਟ ਦੇ ਦਫਤਰ ਵਿਚ ਦਾਖਲ ਹੋਏ। ਚੋਰ ਦੂਜੀ ਮੰਜ਼ਿਲ 'ਤੇ ਬਣੇ ਐੱਮ. ਬੀ. ਸੋਲਿਊਸ਼ਨ ਦੇ ਅੰਦਰੋਂ ਲੈਪਟਾਪ ਚੋਰੀ ਕਰ ਕੇ ਲੈ ਗਏ।
3 ਦਿਨਾਂ ਬਾਅਦ ਬੇਟੀ ਦੀ ਸੀ ਮੰਗਣੀ
ਮਾਲਕ ਸ਼ਿਵ ਕੁਮਾਰ ਨੇ ਦੱਸਿਆ ਕਿ 3 ਦਿਨਾਂ ਬਾਅਦ ਉਸ ਦੀ ਬੇਟੀ ਦੀ ਮੰਗਣੀ ਹੈ। ਉਸ ਦੀਆਂ ਤਿਆਰੀਆਂ ਵਿਚ ਹੀ ਪਰਿਵਾਰ ਲੱਗਾ ਹੋਇਆ ਸੀ ਅਤੇ ਖਰੀਦਕਾਰੀ ਲਈ 2 ਲੱਖ ਰੁਪਏ ਬੈਂਕ ਤੋਂ ਕਢਵਾਏ ਸਨ, ਜਦੋਂਕਿ ਕਈ ਦਿਨਾਂ ਦੀ ਸੇਲ ਵੀ ਏਜੰਸੀ ਦੇ ਦਫਤਰ ਵਿਚ ਹੀ ਰੱਖ ਕੇ ਗਿਆ ਸੀ।
ਕੈਮਰੇ 'ਚ ਕੈਦ ਦੋ ਚੋਰ
ਏਜੰਸੀ ਵਿਚ 4 ਕੈਮਰੇ ਲੱਗੇ ਹਨ, ਜਿਸ ਵਿਚ ਚੋਰੀ ਦੀ ਹਰਕਤ ਕੈਦ ਹੋ ਗਈ ਹੈ। ਫੁਟੇਜ ਵਿਚ ਦਿਖਾਈ ਦੇ ਰਿਹਾ ਹੈ ਕਿ ਰਾਤ 2.30 ਵਜੇ ਦੋ ਨਕਾਬਪੋਸ਼ ਚੋਰ ਸ਼ਟਰ ਦਾ ਲਾਕ ਕੱਟ ਕੇ ਅੰਦਰ ਦਾਖਲ ਹੁੰਦੇ ਹਨ ਅਤੇ 59 ਮਿੰਟ ਅੰਦਰ ਰਹਿਣ ਤੋਂ ਬਾਅਦ ਫਰਾਰ ਹੁੰਦੇ ਹਨ। ਪੁਲਸ ਫੁਟੇਜ ਕਬਜ਼ੇ ਵਿਚ ਲੈ ਕੇ ਉਨ੍ਹਾਂ ਦੀ ਭਾਲ 'ਚ ਜੁਟ ਗਈ ਹੈ।


Related News