ਮਾਮੂਲੀ ਟਕਰਾਅ ਨੇ ਧਾਰਿਆ ਭਿਆਨਕ  ਰੂਪ, 2 ਗੰਭੀਰ ਜ਼ਖਮੀ

Thursday, Jun 28, 2018 - 02:45 AM (IST)

ਮਾਮੂਲੀ ਟਕਰਾਅ ਨੇ ਧਾਰਿਆ ਭਿਆਨਕ  ਰੂਪ, 2 ਗੰਭੀਰ ਜ਼ਖਮੀ

ਮੌਡ਼ ਮੰਡੀ(ਪ੍ਰਵੀਨ)-ਸਥਾਨਕ ਸ਼ਹਿਰ ਅੰਦਰ ਅਸਮਾਜਕ ਅਨਸਰਾਂ ਦੇ ਹੌਂਸਲੇ ਏਨੇ ਬੁਲੰਦ ਹਨ, ਜਿਸ ਕਾਰਨ ਹਰ ਰੋਜ ਕੁੱਟਮਾਰ ਦੀਆਂ ਵਾਰਦਾਤਾਂ ਸ਼ਰੇਆਮ ਵਾਪਰ ਰਹੀਆਂ ਹਨ। ਅੱਜ ਸਥਾਨਕ ਸ਼ਹਿਰ ਦੇ ਥਾਣਾ ਮੌਡ਼ ਦੇ ਬਿਲਕੁਲ ਨਜ਼ਦੀਕ ਫੈਕਟਰੀ ਰੋਡ ’ਤੇ ਮਾਮੂਲੀ  ਟਕਰਾਅ ਤੋਂ ਬਾਅਦ  ਧੱਕੇਸ਼ਾਹੀ ਦਾ ਨੰਗਾ ਨਾਚ ਹੋਇਆ ਜਿਸ ’ਚ ਦੋ ਵਿਅਕਤੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਅੱਜ ਦੁਪਹਿਰ ਸਮੇਂ ਆਪਣੇ ਘਰ ਦੇ ਨਜ਼ਦੀਕ ਜੋਨੀ ਨਾਂ ਦਾ ਲਡ਼ਕਾ ਹਸਪਤਾਲ ਬਾਜ਼ਾਰ  ਕੋਲੋਂ ਆਪਣੇ ਘਰ ਨੂੰ ਆ ਰਿਹਾ ਸੀ, ਤਾਂ ਫੈਕਟਰੀ ਰੋਡ ਤੋਂ ਆ ਰਹੀ ਇਕ ਕਾਰ ਜਦ ਹਸਪਤਾਲ ਬਾਜ਼ਾਰ ਨੂੰ ਮੁਡ਼ੀ ਤਾਂ ਉਹ ਜੋਨੀ ਦੇ ਪੈਰ ਉਪਰ ਚਡ਼੍ਹ ਗਈ। ਜਿਸ ’ਤੇ ਕਾਰ ਚਾਲਕ ਸਵਾਰ ਅਤੇ ਜੋਨੀ ਵਿਚਕਾਰ ਤੂੰ-ਤੂੰ, ਮੈਂ -ਮੈਂ ਹੋਈ। ਇਸ ’ਤੇ ਕਾਰ ਸਵਾਰ ਨੇ ਗੁੱਸੇ ’ਚ ਆ ਕੇ ਲਡ਼ਾਈ ਕਰਨ ਲਈ ਰਾਡ ਕੱਢ ਲਈ, ਪਰ ਮੁਹੱਲਾ ਵਾਸੀਆਂ ਦੀ ਇਕੱਠੇ ਹੋ ਜਾਣ ਕਾਰਨ ਲਡ਼ਾਈ ਖਤਮ ਹੋ ਗਈ। ਇਸ ਉਪਰੰਤ ਜੋਨੀ ਤੇ ਕਾਰ ਸਵਾਰ ਆਪਣੇ-ਆਪਣੇ ਘਰਾਂ ਨੂੰ ਚਲੇ ਗਏ। ਪਰ ਕੁਝ ਸਮੇਂ ਬਾਅਦ ਹੀ ਇਹ ਕਾਰ ਸਵਾਰ ਵਿਅਕਤੀ ਆਪਣੇ ਪੰਜ-ਛੇ ਸਾਥੀਆਂ ਨਾਲ ਉਸੇ ਜਗ੍ਹਾ ’ਤੇ ਆਇਆ। ਉਕਤ ਕਾਰ ਸਵਾਰ ਨੂੰ ਛੱਡ ਕੇ ਬਾਕੀ ਸਭ ਵਿਅਕਤੀਆਂ ਦੇ ਮੂੰਹ ਲਪੇਟੇ ਹੋਏ ਸਨ। ਇਨ੍ਹਾਂ ਵਿਅਕਤੀਆਂ ਕੋਲ ਤੇਜ਼ਧਾਰ ਹਥਿਆਰ ਸਨ, ਜੋ ਸ਼ਰੇਆਮ ਧੱਕੇਸ਼ਾਹੀ ਕਰਦੇ ਹੋਏ ਜੋਨੀ ਦੇ ਘਰ ਜਾ ਵਡ਼ੇ। ਇਨ੍ਹਾਂ ਵਿਅਕਤੀਆਂ ਨੇ ਆਉਂਦੇ ਸਾਰ ਹੀ ਜੋਨੀ ਦੇ ਪਿਤਾ ’ਤੇ ਹਮਲਾ ਕਰ ਦਿੱਤਾ ਅਤੇ ਜੋਨੀ ਬਾਰੇ ਪੁੱਛਣ ਲੱਗੇ। ਇੰਨੇ ’ਚ ਹੀ ਉਕਤ ਵਿਅਕਤੀਆਂ ਨੇ ਅੌਰਤਾਂ ਦੀ ਵੀ ਕੁੱਟਮਾਰ ਸ਼ੁਰੂ ਕਰ ਦਿੱਤੀ। ਜਦ ਪਰਿਵਾਰ ਨੂੰ ਬਚਾਉਣ ਲਈ ਲਾਲ ਚੰਦ ਲੱਡੂ ਵਿਚਕਾਰ ਆਇਆ ਤਾਂ ਇਨ੍ਹਾਂ  ਅਸਮਾਜਕ ਅਨਸਰਾਂ ਨੇ ਉਸ ਦੇ ਸਿਰ ’ਤੇ ਵੀ ਵਾਰ ਕਰ ਦਿੱਤਾ। ਜਦ ਮੁਹੱਲਾ ਵਾਸੀ ਇਕੱਠੇ ਹੋਏ ਤਾਂ ਉਕਤ ਅਨਸਰਾਂ ਨੇ ਭੀਡ਼ ’ਚੋਂ ਭੱਜਣ ਲਈ ਮਹੱਲਾ ਵਾਸੀਆਂ ਵੱਲ ਇੱਟਾਂ-ਰੋਡ਼ੇ ਚਲਾ ਦਿੱਤੇ ਅਤੇ ਆਪਣੀ ਕਾਰ ’ਚ ਸਵਾਰ ਹੋ ਕੇ ਫਰਾਰ ਹੋ ਗਏ। ਇਸ ਲਡ਼ਾਈ ਦੌਰਾਨ ਲਾਲ ਚੰਦ ਲੱਡੂ, ਜੋਨੀ ਦਾ ਪਿਤਾ ਰਾਮ ਕ੍ਰਿਸ਼ਨ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ ਜਿੰਨ੍ਹਾਂ ਨੂੰ ਇਲਾਜ ਲਈ ਤੁਰੰਤ ਹੀ ਸਿਵਲ ਹਸਪਤਾਲ ਮੌਡ਼ ਵਿਖੇ ਦਾਖਲ ਕਰਵਾਇਆ ਗਿਆ। ਪਰ  ਸਿਵਲ ਹਸਪਤਾਲ ਮੌਡ਼ ਵਿਖੇ ਡਾਕਟਰ ਨਾ ਹੋਣ ਕਾਰਨ ਜ਼ਖ਼ਮੀ ਵਿਅਕਤੀਆਂ ਨੂੰ ਤੁਰੰਤ ਹੀ ਤਲਵੰਡੀ ਸਾਬੋ ਵਿਖੇ ਰੈਫਰ ਕਰ ਦਿੱਤਾ ਗਿਆ।  ਇਸ ਸਬੰਧੀ ਥਾਣਾ ਮੌਡ਼ ਦੇ ਸਬ-ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਅਸੀਂ ਵਾਰਦਾਤ ਵਾਲੀ ਜਗ੍ਹਾ ’ਤੇ ਮੌਕੇ ’ਤੇ ਪਹੁੰਚੇ ਸੀ ਪਰ ਭੀਡ਼ ਨੇ ਸਡ਼ਕ ’ਤੇ ਜਾਮ ਲਗਾ ਦਿੱਤਾ, ਜਿਸ ਕਾਰਨ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਮੌਕੇ ਤੋਂ ਭੱਜਣ ’ਚ ਸਫਲ ਹੋ ਗਏ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। 


Related News