ਸੱਸ ਤੇ ਸਹੁਰੇ ਨੇ ਹੋਰਾਂ ਨਾਲ ਮਿਲ ਕੇ ਕੀਤਾ ਨੂੰਹ ’ਤੇ ਹਮਲਾ

Thursday, Jun 28, 2018 - 02:24 AM (IST)

ਸੱਸ ਤੇ ਸਹੁਰੇ ਨੇ ਹੋਰਾਂ ਨਾਲ ਮਿਲ ਕੇ ਕੀਤਾ ਨੂੰਹ ’ਤੇ ਹਮਲਾ

ਬਠਿੰਡਾ(ਅਬਲੂ )- ਸ਼ਹਿਰ ਦੇ ਗੁਰੂ ਗੋਬਿੰਦ ਸਿੰਘ ਨਗਰ ਦੀ ਰਹਿਣ ਵਾਲੀ ਰਮਨਦੀਪ ਕੌਰ ਪਤਨੀ ਹਰਮਨਦੀਪ ਸਿੰਘ ਨੇ ਥਾਣਾ ਥਰਮਲ ਵਿਖੇ ਆਪਣੀ ਸੱਸ ਅਤੇ ਸਹੁਰੇ ਦੇ ਖਿਲਾਫ ਸ਼ਿਕਾਇਤ ਦਰਜ ਕਰਾਈ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਥਰਮਲ ਦੇ ਸਹਾਇਕ ਥਾਣੇਦਾਰ ਇਕਬਾਲ ਸਿੰਘ ਨੇ ਦੱਸਿਆ ਕਿ ਰਮਨਦੀਪ ਕੌਰ ਆਪਣੇ ਪਤੀ ਹਰਮਨਦੀਪ ਸਿੰਘ ਨਾਲ ਆਪਣੀ ਸੱਸ ਕਰਮਜੀਤ ਕੌਰ ਅਤੇ ਸਹੁਰਾ ਕਾਰਜ ਸਿੰਘ ਨਾਲ ਇੱਕੋ ਮਕਾਨ ’ਚ ਰਹਿੰਦੇ ਸਨ। ਕਾਰਜ ਸਿੰਘ ਫੌਜ ’ਚੋਂ ਕੈਪਟਨ ਰਿਟਾਇਰ ਹੋਇਆ ਹੈ ਅਤੇ ਉਸ ਨੇ 2 ਕਿੱਲੇ ਜ਼ਮੀਨ ਵੇਚ ਕੇ ਆਪਣੇ ਵੱਡੇ ਪੁੱਤਰ ਨੂੰ 2010 ’ਚ ਕੈਨੇਡਾ ਭੇਜ ਦਿੱਤਾ। ਅਤੇ ਛੋਟੇ ਪੁੱਤਰ ਨੂੰ ਬਠਿੰਡਾ ਵਿਖੇ ਕੋਠੀ ਲੈ ਦਿੱਤੀ।  ਬਾਦ ’ਚ ਕਾਰਜ ਸਿੰਘ ਅਤੇ ਉਸ ਦੀ ਪਤਨੀ ਵੀ ਬਠਿੰਡਾ ਆ ਕੇ ਛੋਟੇ ਪੁੱਤਰ ਹਰਮਨਦੀਪ ਅਤੇ ਨੂੰਹ ਰਮਨਦੀਪ ਨਾਲ ਰਹਿਣ ਲੱਗ ਪਏ। ਕਾਫੀ ਸਮਾਂ ਬੀਤ ਜਾਣ ’ਤੇ ਰਮਨਦੀਪ ਕੌਰ ਨੇ ਆਪਣੀ ਸੱਸ ਨੂੰ ਕੋਠੀ ਆਪਣੇ ਨਾਂ ਕਰਾਉਣ ਲਈ ਜ਼ੋਰ ਪਾਇਆ, ਜਿਸ ਕਾਰਨ ਘਰ ’ਚ ਹਰ ਰੋਜ਼ ਝਗੜਾ ਹੋਣ ਲੱਗਾ। ਰੋਜ਼-ਰੋਜ਼ ਦੇ ਕਲੇਸ਼ ਕਾਰਨ ਕਾਰਜ ਸਿੰਘ ਅਤੇ ਉਸ ਦੀ ਪਤਨੀ ਕਰਮਜੀਤ ਕੌਰ ਅਲੱਗ ਰਹਿਣ ਲੱਗ ਪਏ ਪਰ ਅੱਜ ਉਹਨਾਂ ਦਾ ਇਸੇ ਕਾਰਨ ਝਗੜਾ ਐਨਾ ਵੱਧ ਗਿਆ ਕਿ ਸੱਸ ਕਰਮਜੀਤ ਕੌਰ ਨੇ ਆਪਣੇ ਪਤੀ ਕਾਰਜ ਸਿੰਘ, ਨੌਕਰਾਣੀ ਸੰਜੂ, ਮਿਸਤਰੀ ਰਵੀ ਅਤੇ ਉਸਦੀ ਪਤਨੀ ਪਰਮਜੀਤ ਕੌਰ ਅਤੇ ਇਕ ਪੱਤਰਕਾਰ ਨੇ ਰਲ ਕੇ ਰਮਨਦੀਪ ਕੌਰ ਨੂੰ ਵਾਲਾਂ ਤੋਂ ਫੜ ਕੇ ਥੱਲੇ ਸੁੱਟ ਲਿਆ ਤੇ ਕਾਫੀ ਕੁੱਟ-ਮਾਰ ਕੀਤੀ ਅਤੇ ਕੱਪੜੇ ਪਾੜ ਦਿੱਤੇ। ਰਮਨਦੀਪ ਕੌਰ ਨੇ ਕਿਹਾ ਕਿ ਉਸ ਦੀ ਸੱਸ ਨੇ ਉਸ ਦੀ ਬਹੁਤ ਬੇਇੱਜ਼ਤੀ ਕੀਤੀ ਅਤੇ ਮੁਹੱਲੇ ’ਚ ਬਦਨਾਮੀ ਕੀਤੀ। ਥਾਣਾ ਥਰਮਲ ਦੀ ਪੁਲਸ ਨੇ ਕਾਰਵਾਈ ਕਰਦੇ ਹੋਏ ਉਪਰੋਕਤ ਸਾਰਿਆਂ ਦੇ ਖਿਲਾਫ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ ਅਤੇ ਗ੍ਰਿਫਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।
 


Related News