ਚੋਰਾਂ ਨੇ ਸਕੂਲ ਨੂੰ ਬਣਾਇਆ ਨਿਸ਼ਾਨਾ

02/24/2018 12:27:47 AM

ਜਲਾਲਾਬਾਦ(ਮਿੱਕੀ)—ਇਲਾਕੇ ਅੰਦਰ ਚੋਰੀ ਦੀਆਂ ਵਾਰਦਾਤਾਂ ਉਪਰ ਰੋਕ ਲੱਗਣ ਦੀ ਬਜਾਏ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਚੋਰਾਂ ਵੱਲੋਂ ਸਰਕਾਰੀ ਸਕੂਲਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਦੀ ਹੀ ਵਾਰਦਾਤ ਦਾ ਸ਼ਿਕਾਰ ਸਥਾਨਕ ਗਾਂਧੀ ਨਗਰ ਵਿਚ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਬਲਾਕ ਜਲਾਲਾਬਾਦ-1 ਹੋਇਆ ਹੈ। ਚੋਰੀ ਬਾਰੇ ਜਾਣਕਾਰੀ ਦਿੰਦੇ ਹੋਏ ਸਕੂਲ ਦੀ ਮੁੱਖ ਅਧਿਆਪਕਾ ਅਮਰਜੀਤ ਕੌਰ ਤੇ ਸਟਾਫ ਨੇ ਦੱਸਿਆ ਕਿ ਸਕੂਲ ਦੀ ਮਿਡ-ਡੇ ਮੀਲ ਵਾਲੀ ਰਸੋਈ ਵਿਚ ਪਿਆ ਗੈਸ ਸਿਲੰਡਰ ਬੀਤੀ ਰਾਤ ਅਣਪਛਾਤੇ ਚੋਰਾਂ ਵੱਲੋਂ ਚੋਰੀ ਕਰ ਲਿਆ ਗਿਆ। ਜਦੋਂ ਸਕੂਲ ਖੁੱਲ੍ਹਣ ਸਮੇਂ ਉਹ ਸਕੂਲ ਪਹੁੰਚੇ ਤਾਂ ਵੇਖਿਆ ਕਿ ਮਿਡ-ਡੇ ਮੀਲ ਵਾਲੀ ਰਸੋਈ ਦਾ ਤਾਲਾ ਟੁੱਟਿਆ ਹੋਇਆ ਸੀ ਤੇ ਰਸੋਈ 'ਚੋਂ ਗੈਸ ਸਿਲੰਡਰ ਗਾਇਬ ਸੀ। ਸਕੂਲ ਸਟਾਫ ਨੇ ਥਾਣਾ ਸਿਟੀ ਵਿਖੇ ਚੋਰੀ ਦੀ ਸੂਚਨਾ ਦੇ ਦਿੱਤੀ।


Related News