ਅਕਾਲੀ ਐੱਮ. ਸੀ. ਤੇ ਸਮਰਥਕਾਂ ਨੇ ਪੁਲਸ ਨਾਲ ਕੀਤੀ ਕੁੱਟ-ਮਾਰ

02/01/2018 1:19:55 AM

ਫਿਰੋਜ਼ਪੁਰ(ਮਲਹੋਤਰਾ)-ਗੱਡੀਆਂ ਚੋਰੀ ਦੇ ਕੇਸ ਵਿਚ ਕੈਂਟ ਬੋਰਡ ਦੇ ਵਾਰਡ ਨੰਬਰ 4 ਦੇ ਅਕਾਲੀ ਐੱਮ. ਸੀ. ਸੁਨੀਲ ਗੋਇਲ ਉਰਫ ਸ਼ੀਲਾ ਨੂੰ ਗ੍ਰਿਫਤਾਰ ਕਰਨ ਆਈ ਪੁਲਸ ਦੀ ਟੀਮ ਨਾਲ ਸ਼ੀਲਾ ਤੇ ਉਸ ਦੇ ਸਮਰੱਥਕਾਂ ਨੇ ਕੁੱਟ-ਮਾਰ ਕੀਤੀ ਤੇ ਸ਼ੀਲਾ ਦੇ ਸਮਰੱਥਕ ਉਸ ਨੂੰ ਪੁਲਸ ਦੀ ਗ੍ਰਿਫਤ ਤੋਂ ਛੁੜਵਾ ਕੇ ਫਰਾਰ ਹੋ ਗਏ। ਸਿਵਲ ਹਸਪਤਾਲ ਵਿਚ ਇਲਾਜ ਕਰਵਾਉਣ ਆਏ ਥਾਣਾ ਮੱਖੂ ਦੇ ਹੈੱਡ ਕਾਂਸਟੇਬਲ ਗੁਰਬਖਸ਼ ਸਿੰਘ ਅਤੇ ਸਤਪਾਲ ਸਿੰਘ ਨੇ ਦੱਸਿਆ ਕਿ ਥਾਣਾ ਮੱਖੂ ਵਿਚ ਗੁਰਲਾਲ ਸਿੰਘ  ਖਿਲਾਫ ਵਾਹਨ ਚੋਰੀ ਦਾ ਪਰਚਾ ਦਰਜ ਕੀਤਾ ਸੀ ਤੇ ਇਸ ਵਿਚ ਅਕਾਲੀ ਐੱਮ. ਸੀ. ਸੁਨੀਲ ਗੋਇਲ ਉਰਫ ਸ਼ੀਲਾ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ। ਅੱਜ ਜਦ ਉਹ ਇਸ ਪਰਚੇ ਦੇ ਸਬੰਧ ਵਿਚ ਮੁਲਜ਼ਮ ਦੀ ਗ੍ਰਿਫਤਾਰੀ ਲਈ ਆਏ ਤਾਂ ਉਸ ਨੇ ਆਪਣੇ ਸਮਰੱਥਕਾਂ ਨੂੰ ਮੌਕੇ 'ਤੇ ਬੁਲਾ ਲਿਆ ਅਤੇ ਪੁਲਸ ਨਾਲ ਹੱਥੋਪਾਈ ਤੇ ਕੁੱਟ-ਮਾਰ ਸ਼ੁਰੂ ਕਰ ਦਿੱਤੀ ਤੇ ਸਮਰੱਥਕ ਸ਼ੀਲਾ ਨੂੰ ਲੈ ਕੇ ਉਥੋਂ ਫਰਾਰ ਹੋ ਗਏ। ਥਾਣਾ ਕੁਲਗੜ੍ਹੀ ਦੇ ਐੱਸ. ਐੱਚ. ਓ. ਜਸਵਰਿੰਦਰ ਸਿੰਘ ਨੇ ਦੱਸਿਆ ਕਿ ਜ਼ਖਮੀ ਪੁਲਸ ਮੁਲਾਜ਼ਮਾਂ ਦੇ ਬਿਆਨ ਦਰਜ ਕਰ ਲਏ ਗਏ ਹਨ ਤੇ ਸਾਰੇ ਮੁਲਜ਼ਮਾਂ ਦੀ ਪਛਾਣ ਕਰ ਕੇ ਉਨ੍ਹਾਂ ਵਿਰੁੱਧ ਪਰਚਾ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸਿਵਲ ਹਸਪਤਾਲ ਦੇ ਐਮਰਜੈਂਸੀ ਮੈਡੀਕਲ ਅਫਸਰ ਡਾ. ਡੇਵਿਡ ਨੇ ਦੱਸਿਆ ਕਿ ਪੁਲਸ ਵਾਲਿਆਂ ਨੂੰ ਕੁਝ ਸੱਟਾਂ ਲੱਗੀਆਂ ਸਨ ਤੇ ਇਲਾਜ ਤੋਂ ਬਾਅਦ ਐੱਮ. ਐੱਲ. ਆਰ. ਕੱਟ ਕੇ ਉਨ੍ਹਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ। ਐੱਸ. ਐੱਚ. ਓ. ਨੇ ਕਿਹਾ ਕਿ ਪੁਲਸ ਉਨ੍ਹਾਂ ਸਾਰੇ ਮੁਲਜ਼ਮਾਂ ਦੀ ਪਛਾਣ ਕਰਨ ਵਿਚ ਜੁਟੀ ਹੈ, ਜਿਨ੍ਹਾਂ ਨੇ ਮੱਖੂ ਪੁਲਸ ਦੀ ਟੀਮ 'ਤੇ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਜਲਦੀ ਹੀ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।


Related News