ਜੱਜ ਦੇ ਸਾਹਮਣੇ ਮੁਲਜ਼ਮ ਨੇ ਕੀਤਾ ਗਵਾਹ ''ਤੇ ਹਮਲਾ

Friday, Dec 22, 2017 - 03:35 AM (IST)

ਜੱਜ ਦੇ ਸਾਹਮਣੇ ਮੁਲਜ਼ਮ ਨੇ ਕੀਤਾ ਗਵਾਹ ''ਤੇ ਹਮਲਾ

ਬਠਿੰਡਾ(ਬਲਵਿੰਦਰ)-ਅੱਜ ਇਥੇ ਇਕ ਮੁਲਜ਼ਮ ਨੇ ਜੱਜ ਦੇ ਸਾਹਮਣੇ ਹੀ ਗਵਾਹ 'ਤੇ ਹਮਲਾ ਕਰ ਦਿੱਤਾ, ਜਿਸ ਨੂੰ ਮੌਜੂਦ ਲੋਕਾਂ ਨੇ ਛੁਡਾਇਆ। ਜਾਣਕਾਰੀ ਮੁਤਾਬਕ ਬੀਤੀ 3 ਜੁਲਾਈ ਨੂੰ ਪੁਰਾਣੀ ਰੰਜਿਸ਼ ਦੇ ਕਾਰਨ ਹਰਕੰਵਲ ਸਿੰਘ ਨੇ ਹਾਜੀਰਤਨ ਚੌਕ 'ਚ ਵਪਾਰੀ ਮੁਹੰਮਦ ਅਸ਼ਰਫ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਉਸ 'ਤੇ ਗੋਲੀ ਚਲਾ ਦਿੱਤੀ ਸੀ। ਇਸ ਜਾਨਲੇਵਾ ਹਮਲੇ 'ਚ ਮੁਹੰਮਦ ਅਸ਼ਰਫ ਬਚ ਗਿਆ ਸੀ। ਥਾਣਾ ਕੋਤਵਾਲੀ ਪੁਲਸ ਨੇ ਉਕਤ ਵਿਰੁੱਧ ਮੁਕੱਦਮਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਸ ਮਾਮਲੇ ਦੀ ਪੇਸ਼ੀ 'ਤੇ ਅੱਜ ਮੁਲਜ਼ਮ ਨੂੰ ਜੇਲ 'ਚੋਂ ਲਿਆਂਦਾ ਗਿਆ ਸੀ, ਜਦਕਿ ਗਵਾਹੀ ਦੇਣ ਖਾਤਰ ਸ਼ਿਕਾਇਤਕਰਤਾ ਅਸ਼ਰਫ ਵੀ ਅਦਾਲਤ 'ਚ ਪੇਸ਼ ਹੋਇਆ ਸੀ। ਜਦੋਂ ਮਾਣਯੋਗ ਜੱਜ ਮੈਡਮ ਕਿਰਨ ਬਾਲਾ ਮਾਮਲੇ ਦੀ ਸੁਣਵਾਈ ਕਰ ਰਹੇ ਸਨ ਤਾਂ ਹਰਕੰਵਲ ਸਿੰਘ ਨੇ ਅਚਾਨਕ ਅਸ਼ਰਫ ਦਾ ਗਲਾ ਫੜ ਕੇ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਪਰ ਮੌਜੂਦ ਲੋਕਾਂ ਨੇ ਉਸ ਨੂੰ ਛੁਡਾਇਆ ਤੇ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਕਾਬੂ ਕਰ ਲਿਆ। ਪੁਲਸ ਚੌਕੀ ਕਚਹਿਰੀ ਦੇ ਮੁਖੀ ਗਣੇਸ਼ਵਰ ਕੁਮਾਰ ਨੇ ਦੱਸਿਆ ਕਿ ਉਕਤ ਨੂੰ ਗ੍ਰਿਫ਼ਤਾਰ ਕਰ ਕੇ ਉਸ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ ਤੇ ਅਗਲੀ ਕਾਰਵਾਈ ਜਾਰੀ ਹੈ।


Related News