ਵੱਖ-ਵੱਖ ਘਟਨਾਵਾਂ ''ਚ ਇਕ ਦਰਜਨ ਲੋਕ ਫੱਟੜ
Monday, Dec 04, 2017 - 11:52 PM (IST)
ਅਬੋਹਰ(ਸੁਨੀਲ)—ਉਪਮੰਡਲ 'ਚ ਹੋਈਆਂ ਵੱਖ-ਵੱਖ ਘਟਨਾਵਾਂ ਵਿਚ ਇਕ ਦਰਜਨ ਲੋਕ ਫੱਟੜ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ। ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਪਿੰਡ ਤੇਲੂਪੁਰਾ ਵਾਸੀ ਹਨੂਮਾਨ ਪੁੱਤਰ ਜਗਦੀਸ਼ ਨੇ ਦੱਸਿਆ ਕਿ ਬੀਤੀ ਰਾਤ ਉਹ ਪਿੰਡ 'ਚ ਸਥਿਤ ਇਕ ਦੁਕਾਨ 'ਤੇ ਸਾਮਾਨ ਲੈਣ ਗਿਆ ਤਾਂ ਗੁਆਂਢੀਆਂ ਨੇ ਪੁਰਾਣੀ ਰੰਜਿਸ਼ ਕਾਰਨ ਉਸ ਨਾਲ ਮਾਰਕੁੱਟ ਸ਼ੁਰੂ ਕਰ ਦਿੱਤੀ, ਜਦੋਂ ਬਚਾਅ 'ਚ ਉਸ ਦਾ ਚਚੇਰਾ ਭਰਾ ਸਤਦੇਵ ਪੁੱਤਰ ਗੋਪੀਰਾਮ ਆਇਆ ਤਾਂ ਗੁਆਂਢੀਆਂ ਨੇ ਉਸ ਨੂੰ ਵੀ ਮਾਰਕੁੱਟ ਕੇ ਫੱਟੜ ਕਰ ਦਿੱਤਾ। ਇਸੇ ਤਰ੍ਹਾਂ ਸ਼੍ਰੀਗੰਗਾਨਗਰ ਰੋਡ ਸਥਿਤ ਸ਼ਿਵ ਸ਼ਾਕਿਆ ਨਗਰ ਵਾਸੀ ਮੀਨਾ ਪਤਨੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਅੱਜ ਉਹ ਸੰਤ ਨਗਰ ਵਾਸੀ ਸੁਨੀਤਾ ਪੁੱਤਰੀ ਬ੍ਰਹਮ ਪ੍ਰਕਾਸ਼ ਨਾਲ ਐਕਟਿਵਾ 'ਤੇ ਫਾਜ਼ਿਲਕਾ ਰੋਡ ਦੇ ਸਕੂਲ ਵਿਚ ਜਾ ਰਹੀ ਸੀ ਕਿ ਇਕ ਟਰੈਕਟਰ ਚਾਲਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਦੋਵੇਂ ਫੱਟੜ ਹੋ ਗਈਆਂ।
ਇਕ ਹੋਰ ਮਾਮਲੇ 'ਚ ਰਾਮਦੇਵ ਨਗਰੀ ਗਲੀ ਨੰਬਰ 3 ਵਾਸੀ ਕਾਂਤਾ ਦੇਵੀ ਪਤਨੀ ਜਗਦੀਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢ ਵਿਚ ਬੀਤੀ ਰਾਤ ਬੱਚੇ ਦੇ ਜਨਮ ਦਿਨ 'ਤੇ ਪਾਰਟੀ ਚੱਲ ਰਹੀ ਸੀ ਅਤੇ ਉਕਤ ਲੋਕਾਂ ਨੇ ਉੱਚੀ ਆਵਾਜ਼ 'ਚ ਡੀ. ਜੇ. ਚਲਾ ਰੱਖਿਆ ਸੀ ਜਦੋਂ ਉਸਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਉਕਤ ਲੋਕਾਂ ਨੇ ਗਲੀ 'ਚੋਂ ਲੰਘ ਰਹੇ ਉਸ ਦੇ ਬੇਟੇ ਦੀਪਕ ਨਾਲ ਮਾਰਕੁੱਟ ਸ਼ੁਰੂ ਕਰ ਦਿੱਤੀ, ਜਦੋਂ ਬਚਾਅ ਵਿਚ ਉਸ ਦੀ ਬੇਟੀ ਮੀਨੂੰ, ਨੂੰਹ ਰੇਖਾ ਅਤੇ ਦੀਪਕ ਦਾ ਭਰਾ ਕ੍ਰਾਂਤੀ ਗਏ ਤਾਂ ਗੁਆਂਢੀਆਂ ਨੇ ਪਾਰਟੀ 'ਚ ਆਏ ਆਪਣੇ ਰਿਸ਼ਤੇਦਾਰਾਂ ਸਮੇਤ ਉਨ੍ਹਾਂ ਨੂੰ ਮਾਰਕੁੱਟ ਕੇ ਫੱਟੜ ਕਰ ਦਿੱਤਾ ਅਤੇ ਉਨ੍ਹਾਂ ਦੇ ਘਰ ਪੱਥਰ ਵੀ ਸੁੱਟੇ। ਇਸੇ ਮਾਮਲੇ 'ਚ ਫੱਟੜ ਦੂਜੀ ਧਿਰ ਦੀ ਕਿਰਨ ਪੁੱਤਰੀ ਧਰਮਚੰਦ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੇ ਘਰ ਵਿਚ ਬੱਚੇ ਦੇ ਜਨਮ ਦਿਨ ਦੀ ਪਾਰਟੀ ਚੱਲ ਰਹੀ ਸੀ ਤਾਂ ਕ੍ਰਾਂਤੀ ਨਾਮਕ ਵਿਅਕਤੀ ਨੇ ਝਗੜਾ ਕਰਦੇ ਹੋਏ ਉਸ ਨੂੰ ਹਮਲਾ ਕਰ ਕੇ ਫੱਟੜ ਕਰ ਦਿੱਤਾ।
