ਦਿਨ-ਦਿਹਾੜੇ ਰੇਲਵੇ ਸਟੇਸ਼ਨ ਤੋਂ ਔਰਤ ਦਾ ਪਰਸ ਉਡਾਇਆ

Sunday, Nov 05, 2017 - 07:20 AM (IST)

ਦਿਨ-ਦਿਹਾੜੇ ਰੇਲਵੇ ਸਟੇਸ਼ਨ ਤੋਂ ਔਰਤ ਦਾ ਪਰਸ ਉਡਾਇਆ

ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)— ਰੇਲਵੇ ਸਟੇਸ਼ਨ 'ਤੇ ਦਿਨ-ਦਿਹਾੜੇ ਲੁਟੇਰੇ ਇਕ ਔਰਤ ਦਾ ਪਰਸ ਉਡਾ ਕੇ ਫਰਾਰ ਹੋ ਗਏ। ਪਰਸ 'ਚ ਨਕਦੀ, ਸੋਨੇ ਦੇ ਗਹਿਣੇ ਅਤੇ ਜ਼ਰੂਰੀ ਕਾਗਜ਼ਾਤ ਸਨ। ਜਦੋਂ ਤੱਕ ਔਰਤ ਨੂੰ ਆਪਣੇ ਪਰਸ ਦੇ ਗਾਇਬ ਹੋਣ ਦਾ ਪਤਾ ਲੱਗਾ ਉਦੋਂ ਤੱਕ ਨੌਸਰਬਾਜ਼ ਫਰਾਰ ਹੋ ਚੁੱਕੇ ਸਨ। ਔਰਤ ਨੇ ਇਸ ਘਟਨਾ ਦੀ ਜਾਣਕਾਰੀ ਰੇਲਵੇ ਪੁਲਸ ਚੌਕੀ 'ਚ ਦਿੱਤੀ, ਜਿਸ ਦੇ ਆਧਾਰ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਦਿਨ-ਦਿਹਾੜੇ ਅਜਿਹੀ ਘਟਨਾ ਵਾਪਰਣ ਨਾਲ ਰੇਲਵੇ ਸਟੇਸ਼ਨ ਦੀ ਸੁਰੱਖਿਆ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਗਏ ਹਨ। ਸ਼ਹਿਰ ਵਾਸੀਆਂ ਨੇ ਰੇਲਵੇ ਸਟੇਸ਼ਨ ਦੀ ਸੁਰੱਖਿਆ ਪੁਖਤਾ ਕਰਨ ਦੀ ਮੰਗ ਕੀਤੀ ਹੈ। ਟਿਕਟ ਲੈਣ ਤੋਂ ਬਾਅਦ ਗਾਇਬ ਹੋਇਆ ਪਰਸ :  ਕਿਰਨ ਬਾਲਾ ਪਤਨੀ ਰਣਕੇਸ਼ ਸ਼ਰਮਾ ਵਾਸੀ ਬਰਨਾਲਾ ਨੇ ਦੱਸਿਆ ਕਿ ਮੈਂ ਆਪਣੀ ਰਿਸ਼ਤੇਦਾਰੀ ਦੇ ਵਿਆਹ ਸਮਾਗਮ 'ਚ ਸ਼ਾਮਲ ਹੋਣ ਲਈ ਆਪਣੇ ਬੱਚਿਆਂ ਸਣੇ ਪਟਿਆਲਾ ਜਾ ਰਹੀ ਸੀ। 9 ਵਜੇ ਉਸ ਨੇ ਰੇਲਵੇ ਸਟੇਸ਼ਨ ਤੋਂ ਟਿਕਟ ਖਰੀਦੀ ਅਤੇ ਆਪਣਾ ਪਰਸ ਆਪਣੇ ਸਾਮਾਨ 'ਤੇ ਰੱਖ ਦਿੱਤਾ। ਉਹ ਆਪਣੇ ਬੱਚਿਆਂ ਨਾਲ ਗੱਲਬਾਤ ਕਰਨ ਲੱਗ ਪਈ। ਇੰਨੇ 'ਚ ਹੀ ਅਣਪਛਾਤੇ ਵਿਅਕਤੀ ਆਏ ਅਤੇ ਉਸ ਦਾ ਪਰਸ ਲੈ ਕੇ ਫਰਾਰ ਹੋ ਗਏ। ਪਰਸ 'ਚ 25000 ਰੁਪਏ, ਢਾਈ ਤੋਲੇ ਸੋਨੇ ਤੇ ਚਾਂਦੀ ਦੇ ਗਹਿਣੇ ਸਨ। 
ਮੈਟਲ ਡਿਟੈਕਟਰ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਦਾ ਨਹੀਂ ਇੰਤਜ਼ਾਮ : ਰੇਲਵੇ ਸਟੇਸ਼ਨ 'ਤੇ ਹਜ਼ਾਰਾਂ ਦੀ ਗਿਣਤੀ 'ਚ ਰੋਜ਼ਾਨਾ ਮੁਸਾਫਿਰ ਆਉਂਦੇ ਹਨ। ਜ਼ਿਲੇ ਦਾ ਰੇਲਵੇ ਸਟੇਸ਼ਨ ਹੋਣ ਦੇ ਬਾਵਜੂਦ ਇਥੇ ਸੀ.ਸੀ.ਟੀ.ਵੀ. ਕੈਮਰੇ ਨਹੀਂ ਲੱਗੇ ਹੋਏ ਹਨ। ਬਰਨਾਲਾ ਸਟੇਸ਼ਨ ਸੰਵੇਦਨਸ਼ੀਲ ਸਟੇਸ਼ਨ ਹੈ। ਸ਼ਹਿਰ 'ਚ ਏਅਰਫੋਰਸ ਸਟੇਸ਼ਨ ਵੀ ਹੈ। ਇਸ ਦੇ ਬਾਵਜੂਦ ਸ਼ਰਾਰਤੀ ਅਨਸਰਾਂ 'ਤੇ ਨਜ਼ਰ ਰੱਖਣ ਲਈ ਸੀ.ਸੀ.ਟੀ.ਵੀ. ਕੈਮਰੇ ਨਹੀਂ ਲੱਗੇ ਹੋਏ ਹਨ। ਰੇਲਵੇ ਸਟੇਸ਼ਨ 'ਤੇ ਕਈ ਸਾਲ ਪਹਿਲਾਂ ਮੈਟਲ ਡਿਟੈਕਟਰ ਲੱਗਾ ਹੋਇਆ ਸੀ, ਜੋ ਕਈ ਸਾਲਾਂ ਤੋਂ ਖ਼ਰਾਬ ਪਿਆ ਹੈ। ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਡੀ.ਆਰ.ਐੱਮ. ਅੰਬਾਲਾ ਡਵੀਜ਼ਨ ਤੋਂ ਮੰਗ ਕੀਤੀ ਹੈ ਕਿ ਬਰਨਾਲਾ ਰੇਲਵੇ ਸਟੇਸ਼ਨ ਦੀ ਸੁਰੱਖਿਆ ਪੁਖਤਾ ਕੀਤੀ ਜਾਵੇ। ਰਾਮਬਾਗ ਕਮੇਟੀ ਦੇ ਪ੍ਰਧਾਨ ਭਰਤ ਮੋਦੀ, ਆਸਥਾ ਇਨਕਲੇਵ ਦੇ ਐੱਮ.ਡੀ. ਦੀਪਕ ਸੋਨੀ, ਅਗਰਵਾਲ ਸਭਾ ਦੇ ਪ੍ਰਧਾਨ ਵਿਜੇ ਗਰਗ ਨੇ ਮੰਗ ਕੀਤੀ ਕਿ ਬਰਨਾਲਾ ਰੇਲਵੇ ਸਟੇਸ਼ਨ 'ਤੇ ਫੌਰੀ ਤੌਰ 'ਤੇ ਸੀ.ਸੀ.ਟੀ.ਵੀ. ਕੈਮਰੇ ਲਾਏ ਜਾਣ। 


Related News