ਗਾਲ੍ਹ ਕੱਢਣ ਤੋਂ ਮਨ੍ਹਾ ਕਰਨ ''ਤੇ ਵਿਦਿਆਰਥੀ ਨੇ ਸਹਿਪਾਠੀ ਨੂੰ ਡੰਡੇ ਨਾਲ ਕੁੱਟਿਆ

Sunday, Oct 29, 2017 - 02:36 AM (IST)

ਲੁਧਿਆਣਾ(ਪੰਕਜ)- ਸੀ. ਐੱਮ. ਸੀ. ਰੋਡ 'ਤੇ ਸਥਿਤ ਸੇਂਟ ਥਾਮਸ ਸਕੂਲ ਦੇ ਬਾਹਰ ਸ਼ਨੀਵਾਰ ਦੀ ਛੁੱਟੀ ਤੋਂ ਬਾਅਦ ਸਹਿਪਾਠੀ ਵੱਲੋਂ ਗਾਲ੍ਹ ਕੱਢਣ ਤੋਂ ਮਨ੍ਹਾ ਕਰਨ 'ਤੇ ਆਪੇ ਤੋਂ ਬਾਹਰ ਹੋ ਕੇ ਹੈਵਾਨ ਬਣੇ ਵਿਦਿਆਰਥੀ ਨੇ ਡੰਡੇ ਨਾਲ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਦੇਖਣ ਵਾਲੇ ਵੀ ਹੈਰਾਨ ਰਹਿ ਗਏ। ਇਕ ਰਾਹਗੀਰ ਵੱਲੋਂ ਸਾਰੇ ਘਟਨਾਕ੍ਰਮ ਦੀ ਬਣਾਈ ਵੀਡੀਓ ਦੇ ਵਾਇਰਲ ਹੁੰਦੇ ਹੀ ਮਾਮਲਾ ਗਰਮਾ ਗਿਆ। ਘਟਨਾ ਦੀ ਜਾਣਕਾਰੀ ਦਿੰਦਿਆਂ ਕ੍ਰਿਸ਼ਨ ਗਰਗ ਨੇ ਦੱਸਿਆ ਕਿ ਉਸ ਦਾ ਪੁੱਤਰ ਭਵਯ ਗਰਗ ਉਕਤ ਸਕੂਲ ਵਿਚ 11ਵੀਂ ਕਲਾਸ ਦਾ ਵਿਦਿਆਰਥੀ ਹੈ, ਅੱਜ ਜਦੋਂ ਉਹ ਛੁੱਟੀ ਤੋਂ ਬਾਅਦ ਸਕੂਲ 'ਚੋਂ ਬਾਹਰ ਨਿਕਲਿਆ ਤਾਂ ਉਸ ਦੇ ਸਹਿਪਾਠੀ ਨੇ ਉਸ ਨੂੰ ਡੰਡੇ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਮੁਲਜ਼ਮ ਉਸ ਦੇ ਪੁੱਤਰ 'ਤੇ ਉਦੋਂ ਤੱਕ ਵਾਰ ਕਰਦਾ ਰਿਹਾ, ਜਦੋਂ ਤੱਕ ਕਿ ਉਹ ਬੇਹੋਸ਼ ਨਹੀਂ ਹੋ ਗਿਆ। ਉਸ ਨੂੰ ਛੁਡਾਉਣ ਲਈ ਅੱਗੇ ਆਏ ਚੌਕੀਦਾਰ ਤੇ ਹੋਰ ਵਿਦਿਆਰਥੀ 'ਤੇ ਵੀ ਹਮਲਾਵਰ ਵਿਦਿਆਰਥੀ ਨੇ ਡੰਡੇ ਵਰ੍ਹਾਏ। ਘਟਨਾ ਦਾ ਕਾਰਨ ਪੀੜਤ ਵਿਦਿਆਰਥੀ ਵੱਲੋਂ ਮੁਲਜ਼ਮ ਨੂੰ ਗਾਲ੍ਹਾਂ ਕੱਢਣ ਤੋਂ ਮਨ੍ਹਾ ਕਰਨਾ ਸੀ। ਕ੍ਰਿਸ਼ਨ ਗਰਗ ਨੇ ਦੱਸਿਆ ਕਿ 4 ਦਿਨ ਪਹਿਲਾਂ ਵੀ ਦੋਸ਼ੀ ਨੇ ਉਸ ਨੂੰ ਪਾਈਪਾਂ ਨਾਲ ਕੁੱਟਿਆ ਸੀ, ਉਨ੍ਹਾਂ ਦੇ ਬੇਟੇ ਨੇ ਇਸ ਗੱਲ ਨੂੰ ਪਰਿਵਾਰ ਤੋਂ ਲੁਕੋਈ ਰੱਖਿਆ। ਪੀੜਤ ਵਿਦਿਆਰਥੀ ਨੂੰ ਸੀ. ਐੱਮ. ਸੀ. ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਉਧਰ ਸਕੂਲ ਮੈਨੇਜਮੈਂਟ ਨੇ ਪੂਰੇ ਕਾਂਡ ਦੀ ਜਾਂਚ ਕਰਨ ਅਤੇ ਦੋਸ਼ੀ ਵਿਦਿਆਰਥੀ ਖਿਲਾਫ ਕਾਰਵਾਈ ਕਰਨ ਦੀ ਗੱਲ ਕਹੀ ਹੈ। ਨਾਲ ਹੀ ਡਵੀਜ਼ਨ ਨੰ. 2 ਦੀ ਪੁਲਸ ਪੀੜਤ ਵਿਦਿਆਰਥੀ ਦੇ ਬਿਆਨਾਂ 'ਤੇ ਦੋਸ਼ੀ ਵਿਦਿਆਰਥੀ ਖਿਲਾਫ ਕਾਰਵਾਈ ਕਰਨ ਜਾ ਰਹੀ ਹੈ। ਪੂਰੇ ਕਾਂਡ ਦੀ ਵੀਡੀਓ ਰਿਕਾਰਡਿੰਗ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਨਾਲ ਮਾਮਲਾ ਹੋਰ ਵੀ ਗਰਮਾ ਗਿਆ ਹੈ।


Related News