ਦਿਨ-ਦਹਾੜੇ ਲੁੱਟਾਂ ਖੋਹਾ ਕਰਨ ਵਾਲਾ ਗਿਰੋਹ ਸਰਗਰਮ

Wednesday, Sep 20, 2017 - 01:03 AM (IST)

ਦਿਨ-ਦਹਾੜੇ ਲੁੱਟਾਂ ਖੋਹਾ ਕਰਨ ਵਾਲਾ ਗਿਰੋਹ ਸਰਗਰਮ

ਮਮਦੋਟ(ਸ਼ਰਮਾ, ਜਸਵੰਤ)—ਮਮਦੋਟ ਇਲਾਕੇ ਵਿਚ ਅੱਜ-ਕੱਲ ਚੋਰੀਆਂ ਅਤੇ ਲੁੱਟਾਂ-ਖੋਹਾਂ ਕਰਨ ਵਾਲਾ ਗਿਰੋਹ ਸਰਗਰਮ ਦਿਖਾਈ ਦੇ ਰਿਹਾ ਹੈ। ਬੀਤੀ ਰਾਤ ਚੋਰਾਂ ਵੱਲੋਂ ਮਮਦੋਟ ਵਿਖੇ ਇਕ ਮੋਬਾਇਲ ਦੁਕਾਨ ਦਾ ਸ਼ਟਰ ਤੋੜ ਕੇ ਉਸ 'ਚੋਂ ਲੱਖਾਂ ਦੇ ਮੋਬਾਇਲ ਚੋਰੀ ਕਰ ਲਏ ਜਾਣ ਦਾ ਅਜੇ ਕੋਈ ਸੁਰਾਗ ਵੀ ਨਹੀਂ ਲੱਗਿਆ ਸੀ ਕਿ ਅੱਜ ਦਿਨ-ਦਹਾੜੇ ਪਿੰਡ ਲੱਖਾ ਸਿੰਘ ਵਾਲਾ ਤੋਂ ਮਮਦੋਟ ਵਿਖੇ ਦਵਾਈ ਲੈਣ ਆਈ ਇਕ ਔਰਤ ਜਦੋਂ ਵਾਪਿਸ ਆਪਣੇ ਘਰ ਜਾ ਰਹੀ ਸੀ ਤਾਂ ਰਸਤੇ ਵਿਚ 2 ਅਣਪਛਾਤੇ ਵਿਅਕਤੀਆਂ ਵੱਲੋਂ ਉਸ ਦੀਆਂ ਸੋਨੇ ਦੀਆਂ ਵਾਲੀਆਂ ਖੋਹ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਬਜ਼ੁਰਗ ਔਰਤ ਗੁਰੋ ਬੀਬੀ ਪਤਨੀ ਵੀਰ ਸਿੰਘ ਵਾਸੀ ਲੱਖਾ ਸਿੰਘ ਵਾਲਾ ਹਿਠਾੜ ਨੇ ਦੱਸਿਆ ਕਿ ਅੱਜ ਉਹ ਬੀਮਾਰ ਹੋਣ ਕਾਰਨ ਮਮਦੋਟ ਵਿਖੇ ਆਪਣੀ ਦਵਾਈ ਲੈਣ ਆਈ ਸੀ। ਜਦੋਂ ਉਹ ਡਾਕਟਰ ਤੋਂ ਦੁਪਹਿਰ ਕਰੀਬ 2:30 ਵਜੇ ਦਵਾਈ ਲੈ ਕੇ ਵਾਪਿਸ ਪੈਦਲ ਆਪਣੇ ਪਿੰਡ ਨੂੰ ਜਾ ਰਹੀ ਸੀ ਤਾਂ ਪਿੰਡ ਸਾਹਨ ਕੇ ਮੋੜ ਦੇ ਨੇੜੇ 2 ਵਿਅਕਤੀ ਮੋਟਰਸਾਈਕਲ ਲੈ ਕੇ ਖੜ੍ਹੇ ਸੀ ਤੇ ਮੈਨੂੰ ਵੇਖ ਕੇ ਕਹਿਣ ਲੱਗੇ ਕਿ ਮਾਤਾ ਤੁਸੀਂ ਕਿਥੇ ਜਾਣਾ ਹੈ। ਜਦੋਂ ਮੈਂ ਆਪਣੇ ਪਿੰਡ ਲੱਖਾ ਸਿੰਘ ਵਾਲਾ ਹਿਠਾੜ ਬਾਰੇ ਦੱਸਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ ਵੀ ਉਸ ਪਿੰਡ ਜਾ ਰਹੇ ਹਾਂ ਅਤੇ ਤੁਸੀਂ ਸਾਡੇ ਨਾਲ ਬੈਠ ਜਾਵੋ। ਮੈਂ ਉਨ੍ਹਾਂ ਨਾਲ ਮੋਟਰਸਾਈਕਲ 'ਤੇ ਬੈਠ ਗਈ ਅਤੇ ਕਾਫੀ ਦੂਰ ਸੁਨਸਾਨ ਜਗ੍ਹਾ 'ਤੇ ਜਾਣ ਤੋਂ ਬਾਅਦ ਮੋਟਰਸਾਈਕਲ ਸਵਾਰਾਂ ਨੇ ਉਸ ਨੂੰ ਕਿਹਾ ਕਿ ਅਸੀਂ ਕੋਈ ਚੀਜ਼ ਆਪਣੇ ਘਰ ਭੁੱਲ ਆਏ ਹਾਂ ਇਸ ਲਈ ਸਾਨੂੰ ਵਾਪਿਸ ਜਾਣਾ ਪੈਣਾ ਹੈ ਅਤੇ ਤੁਸੀਂ ਇਥੇ ਉਤਰ ਜਾਵੋ ਅਤੇ ਮੈਂ ਮੋਟਰਸਾਈਕਲ ਤੋਂ ਉਤਰ ਕੇ ਤੁਰਨ ਲੱਗੀ ਤਾਂ ਪਿੱਛੋਂ ਇਹ ਵਿਅਕਤੀ ਮੇਰੀ ਸੋਨੇ ਦੀਆਂ ਵਾਲੀਆਂ ਕਰੀਬ 1 ਤੋਲੇ ਦੀਆਂ ਲਾਹ ਕੇ ਫਰਾਰ ਹੋ ਗਏ। ਇਸ ਸਬੰਧੀ ਲਿਖਤੀ ਤੌਰ 'ਤੇ ਮਮਦੋਟ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।


Related News