ਟੈਲੀਸ਼ਾਪ ਤੋਂ ਉਡਾਇਆ 7 ਲੱਖ ਦਾ ਮਾਲ
Sunday, Sep 17, 2017 - 04:02 AM (IST)
ਲੁਧਿਆਣਾ(ਮਹੇਸ਼)-ਨਿਊ ਸੁਭਾਸ਼ ਨਗਰ ਇਲਾਕੇ 'ਚ ਸ਼ੁੱਕਰਵਾਰ ਰਾਤ ਨੂੰ ਇਕ ਟੈਲੀਸ਼ਾਪ 'ਚ ਸੰਨ੍ਹ ਲਾ ਕੇ 7 ਲੱਖ ਰੁਪਏ ਦਾ ਇਲੈਕਟ੍ਰਾਨਿਕ ਸਾਮਾਨ, ਜਿਸ 'ਚ ਵੱਖ-ਵੱਖ ਕੰਪਨੀਆਂ ਦੇ 32 ਐਂਡਰਾਇਡ ਫੋਨ, 6 ਐੱਲ. ਈ. ਡੀ., 4 ਮਾਈਕ੍ਰੋਵੇਵ, ਹੋਮ ਥੀਏਟਰ, ਇੰਟਰਨੈੱਟ ਡੋਂਗਲ ਆਦਿ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਗਏ। ਘਟਨਾ ਦਾ ਪਤਾ ਸ਼ਨੀਵਾਰ ਸਵੇਰੇ 9 ਵਜੇ ਲੱਗਾ ਜਦੋਂ ਸ਼ਾਪ ਦਾ ਮਾਲਕ ਮਹਿੰਦਰ ਸਿੰਘ ਆਇਆ। ਉਹ ਜੋਧੇਵਾਲ ਦੇ ਬਾਲ ਸਿੰਘ ਨਗਰ ਇਲਾਕੇ 'ਚ ਰਹਿੰਦਾ ਹੈ। ਪਾਠ ਪੂਜਾ ਕਰਨ ਤੋਂ ਬਾਅਦ ਜਦੋਂ ਉਸ ਦਾ ਧਿਆਨ ਡਿਸਪਲੇਅ ਕੀਤੇ ਗਏ ਸਾਮਾਨ ਵੱਲ ਗਿਆ ਤਾਂ ਉਸਦੇ ਹੋਸ਼ ਉੱਡ ਗਏ। ਉਥੇ ਸਾਮਾਨ ਗਾਇਬ ਸੀ। ਸੂਚਨਾ ਮਿਲਣ 'ਤੇ ਬਸਤੀ ਜੋਧੇਵਾਲ ਪੁਲਸ ਸਟੇਸ਼ਨ ਤੋਂ ਏ. ਐੱਸ. ਆਈ. ਭਜਨ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਜਿਨ੍ਹਾਂ ਨੇ ਘਟਨਾ ਸਥਾਨ ਦੀ ਫੋਟੋਗ੍ਰਾਫੀ ਕਰਨ ਤੋਂ ਬਾਅਦ ਮਹਿੰਦਰ ਦੇ ਬਿਆਨ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਮਾਚਾਰ ਲਿਖੇ ਜਾਣ ਤੱਕ ਇਸ ਸਬੰਧ 'ਚ ਕੇਸ ਦਰਜ ਨਹੀਂ ਹੋਇਆ ਸੀ। ਪੁਲਸ ਇਕ ਸ਼ੱਕੀ ਨੌਜਵਾਨ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕਰ ਰਹੀ ਹੈ। ਪੁਲਸ ਦਾ ਮੰਨਣਾ ਹੈ ਕਿ ਚੋਰਾਂ ਦੀ ਗਿਣਤੀ 4 ਤੋਂ ਜ਼ਿਆਦਾ ਰਹੀ ਹੋਵੇਗੀ। ਪੁਲਸ ਦਾ ਇਹ ਵੀ ਮੰਨਣਾ ਹੈ ਕਿ ਜਿਸ ਕੰਧ 'ਚ ਸੰਨ੍ਹ ਲਾਈ ਗਈ ਹੈ, ਉਹ ਬਿਲਕੁਲ ਪੌੜੀਆਂ ਦੇ ਕੋਲ ਹੈ। ਉਸ ਤੋਂ ਸਾਬਤ ਹੁੰਦਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਚੋਰਾਂ ਨੇ ਸ਼ਾਪ ਦੀ ਰੇਕੀ ਕੀਤੀ ਹੋਵੇਗੀ। ਉਨ੍ਹਾਂ ਕਿਹਾ ਕਿ ਮਾਮਲੇ ਨੂੰ ਹੱਲ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਨਵਜੋਤ ਨੇ ਦੱਸਿਆ ਕਿ ਚੋਰਾਂ ਨੇ ਸਸਤੇ ਮੋਬਾਇਲਾਂ ਨੂੰ ਹੱਥ ਤੱਕ ਨਹੀਂ ਲਾਇਆ। ਕੇਵਲ ਮਹਿੰਗੇ ਮੋਬਾਇਲ ਅਤੇ ਮਹਿੰਗਾ ਸਾਮਾਨ ਹੀ ਚੋਰੀ ਕਰ ਕੇ ਲੈ ਗਏ। ਇਸ ਘਟਨਾ 'ਚ ਉਸ ਦਾ 7 ਲੱਖ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ ਹੈ।
