ਪਤੀ ਵੱਲੋਂ ਪਤਨੀ ''ਤੇ ਤੇਜ਼ਧਾਰ ਹਥਿਆਰ ਨਾਲ ਹਮਲਾ
Wednesday, Jul 19, 2017 - 06:57 AM (IST)
ਸੰਗਤ ਮੰਡੀ(ਮਨਜੀਤ)-ਪਿੰਡ ਚੱਕ ਅਤਰ ਸਿੰਘ ਵਾਲਾ ਵਿਖੇ ਪੁਰਾਣੇ ਝਗੜੇ ਦੀ ਰੰਜਿਸ਼ ਤਹਿਤ ਪਤੀ ਵੱਲੋਂ ਪਤਨੀ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ। ਥਾਣਾ ਨੰਦਗੜ੍ਹ ਦੇ ਸਹਾਇਕ ਥਾਣੇਦਾਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਗੁਰਪਿੰਦਰ ਸਿੰਘ ਪੁੱਤਰ ਬਲਤੇਜ ਸਿੰਘ ਨੇ ਆਪਣੇ ਪਿਤਾ ਬਲਤੇਜ ਸਿੰਘ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੇ ਪਿਤਾ ਦਾ ਉਸ ਦੀ ਮਾਤਾ ਨਾਲ ਪੁਰਾਣਾ ਝਗੜਾ ਚੱਲਦਾ ਹੈ, ਜਿਸ ਕਾਰਨ ਉਹ ਤੇ ਉਸ ਦੀ ਮਾਤਾ ਘਰ 'ਚ ਵੱਖਰੇ ਤੌਰ 'ਤੇ ਰਹਿ ਰਹੇ ਸਨ। ਬੀਤੀ ਸ਼ਾਮ ਕਿਸੇ ਗੱਲ ਨੂੰ ਲੈ ਕੇ ਉਸ ਦੇ ਪਿਤਾ ਤੇ ਮਾਤਾ ਦੀ ਆਪਸ 'ਚ ਤੂੰ-ਤੂੰ ਮੈਂ-ਮੈਂ ਹੋ ਗਈ। ਉਨ੍ਹਾਂ ਕਿਹਾ ਕਿ ਉਸ ਦੇ ਪਿਤਾ ਵੱਲੋਂ ਤੈਸ਼ 'ਚ ਆਉਂਦਿਆਂ ਉਸ ਦੀ ਮਾਤਾ ਨੂੰ ਮਾਰ ਦੇਣ ਦੀ ਨੀਅਤ ਨਾਲ ਤੇਜ਼ਧਾਰ ਹਥਿਆਰ ਨਾਲ ਲੱਤਾਂ ਤੇ ਬਾਂਹਾਂ 'ਤੇ ਵਾਰ ਕਰ ਕੇ ਗੰਭੀਰ ਜ਼ਖ਼ਮੀ ਕਰ ਕੇ ਫਰਾਰ ਹੋ ਗਿਆ, ਜਿਸ ਨੂੰ ਪਹਿਲਾਂ ਬਠਿੰਡਾ ਦੇ ਸਰਕਾਰੀ ਸਿਵਲ ਹਸਪਤਾਲ ਫਿਰ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਪੁਲਸ ਵੱਲੋਂ ਮੁੱਦਈ ਦੇ ਬਿਆਨਾਂ 'ਤੇ ਉਕਤ ਵਿਰੁੱਧ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
