ਵਿਆਹ ''ਚ ਆਏ ਨੌਜਵਾਨਾਂ ''ਤੇ ਆਰਕੈਸਟਰਾ ਗਰੁੱਪ ਦੀਆਂ ਲੜਕੀਆਂ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਦੋਸ਼
Tuesday, Jul 11, 2017 - 04:10 AM (IST)
ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)— ਰਾਏਕੋਟ ਰੋਡ ਸਥਿਤ ਮੈਰਿਜ ਪੈਲੇਸ ਵਿਖੇ ਵਿਆਹ ਸਮਾਗਮ 'ਚ ਉਸ ਸਮੇਂ ਰੰਗ 'ਚ ਭੰਗ ਪੈ ਗਿਆ ਜਦੋਂ ਆਰਕੈਸਟਰਾ ਦੇ ਕਲਾਕਾਰਾਂ ਨੇ ਵਿਆਹ ਸਮਾਗਮ 'ਚ ਆਏ ਨੌਜਵਾਨਾਂ 'ਤੇ ਉਨ੍ਹਾਂ ਦੀਆਂ ਗੱਡੀਆਂ ਭੰਨਣ ਅਤੇ ਆਰਕੈਸਟਰਾ ਗਰੁੱਪ ਦੀਆਂ ਲੜਕੀਆਂ ਦੇ ਕੱਪੜੇ ਪਾੜਨ ਦੇ ਦੋਸ਼ ਲਾਏੇ। ਨਸ਼ੇ 'ਚ ਲੜਕੀਆਂ ਨਾਲ ਫੋਟੋ ਖਿੱਚਵਾਉਣ ਲਈ ਪਾ ਰਹੇ ਸੀ ਜ਼ੋਰ : ਥਾਣਾ ਸਿਟੀ 'ਚ ਗੱਲਬਾਤ ਕਰਦਿਆਂ ਕਸ਼ਮੀਰ ਸਿੰਘ ਅਤੇ ਹਰਵਿੰਦਰ ਸਿੰਘ ਨੇ ਕਿਹਾ ਕਿ ਅਸੀਂ ਸਿਰਸਾ ਤੋਂ ਆਏ ਹਾਂ ਸਾਡਾ ਸੱਭਿਆਚਾਰਕ ਗਰੁੱਪ ਹੈ। ਬਰਨਾਲੇ ਦੇ ਪਰਿਵਾਰ ਦੀ ਰਾਏਕੋਟ ਰੋਡ ਵਿਖੇ ਪੈਲੇਸ 'ਚ ਵਿਆਹ ਦੀ ਪਾਰਟੀ ਸੀ। ਉਸ ਪਾਰਟੀ 'ਚ ਅਸੀਂ ਆਪਣਾ ਪ੍ਰੋਗਰਾਮ ਕਰਨ ਲਈ ਆਏ ਸੀ। ਅਸੀਂ ਆਪਣਾ ਸੱਭਿਆਚਾਰਕ ਪ੍ਰੋਗਰਾਮ ਤੈਅ ਸਮੇਂ ਅਨੁਸਾਰ ਖਤਮ ਕਰ ਦਿੱਤਾ। ਇਸ ਤੋਂ ਬਾਅਦ ਅਸੀਂ ਜਾਣ ਦੀ ਤਿਆਰੀ ਕਰ ਰਹੇ ਸੀ ਕਿ ਇੰਨੇ 'ਚ ਹੀ ਤਿੰਨ-ਚਾਰ ਨੌਜਵਾਨ ਜਿਨ੍ਹਾਂ ਨੇ ਕਥਿਤ ਤੌਰ 'ਤੇ ਸ਼ਰਾਬ ਪੀਤੀ ਹੋਈ ਸੀ, ਲੜਕੀਆਂ ਨਾਲ ਅਸ਼ਲੀਲ ਹਰਕਤਾਂ ਕਰਨ ਲੱਗ ਪਏ ਅਤੇ ਇਕ ਲੜਕੀ ਦੇ ਕੱਪੜੇ ਵੀ ਪਾੜ ਦਿੱਤੇ ਅਤੇ ਕਿਹਾ ਕਿ ਸਾਡੇ ਨਾਲ ਫੋਟੋ ਕਰਵਾਓ। ਅਸੀਂ ਬੜੀ ਮੁਸ਼ਕਿਲ ਨਾਲ ਆਪਣੀ ਗੱਡੀ 'ਚ ਬੈਠ ਕੇ ਵਾਪਸ ਸਿਰਸੇ ਜਾਣ ਲੱਗੇ ਤਾਂ 20-25 ਵਿਅਕਤੀਆਂ ਨੇ ਸਾਡੀ ਗੱਡੀ 'ਤੇ ਇੱਟਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਸਾਡੀ ਗੱਡੀ ਦੇ ਸ਼ੀਸ਼ੇ ਵੀ ਟੁੱਟ ਗਏ। ਅਸੀਂ ਪੁਲਸ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਦੋਸ਼ੀ ਵਿਅਕਤੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।
ਮਾਮਲੇ ਦੀ ਗਹਿਰਾਈ ਨਾਲ ਕੀਤੀ ਜਾਵੇਗੀ ਜਾਂਚ ਐੱਸ.ਐੱਚ.ਓ. : ਥਾਣਾ ਸਿਟੀ ਦੇ ਇੰਚਾਰਜ ਅਸ਼ੋਕ ਸ਼ਰਮਾ ਨੇ ਕਿਹਾ ਕਿ ਕਲਾਕਾਰਾਂ ਦਾ ਪੱਖ ਸੁਣ ਲਿਆ ਗਿਆ ਹੈ। ਹੁਣ ਵਿਆਹ ਸਮਾਗਮ ਦੇ ਪ੍ਰਬੰਧਕਾਂ ਨੂੰ ਬੁਲਾਇਆ ਜਾਵੇਗਾ ਅਤੇ ਉਨ੍ਹਾਂ ਤੋਂ ਪੁੱਛਗਿੱਛ ਕਰ ਕੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇਗੀ। ਜਾਂਚ ਦੌਰਾਨ ਜੋ ਤੱਥ ਸਾਹਮਣੇ ਆਉਣਗੇ, ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।
