ਪਹਿਲਾਂ ਨੌਜਵਾਨ ਨੂੰ ਬੇਰਹਿਮੀ ਨਾਲ ਵੱਢਿਆ, ਫਿਰ ਇਲਾਜ ਦਾ ਵਿਰੋਧ

Friday, Jun 09, 2017 - 07:07 AM (IST)

ਪਹਿਲਾਂ ਨੌਜਵਾਨ ਨੂੰ ਬੇਰਹਿਮੀ ਨਾਲ ਵੱਢਿਆ, ਫਿਰ ਇਲਾਜ ਦਾ ਵਿਰੋਧ

ਤਲਵੰਡੀ ਸਾਬੋ(ਮੁਨੀਸ਼)-ਪਿੰਡ ਭਾਗੀਵਾਂਦਰ ਵਿਖੇ ਬੀਤੇ ਸਮੇਂ ਤੋਂ ਪਿੰਡ 'ਚ ਆ ਕੇ ਨੌਜਵਾਨਾਂ ਨੂੰ ਨਸ਼ਾ ਸਪਲਾਈ ਕਰਨ ਦੇ ਕਥਿਤ ਦੋਸ਼ਾਂ ਦਾ ਸਾਹਮਣਾ ਕਰਦੇ ਆ ਰਹੇ ਇਕ ਨੌਜਵਾਨ ਨੂੰ ਅਣਪਛਾਤੇ ਲੋਕਾਂ ਨੇ ਬੇਰਹਿਮੀ ਨਾਲ ਵੱਢ ਦਿੱਤਾ। ਜ਼ਖਮੀ ਹਾਲਤ 'ਚ ਪੁਲਸ ਨੇ ਉਕਤ ਨੌਜਵਾਨ ਨੂੰ ਸਿਵਲ ਹਸਪਤਾਲ ਲਿਆਂਦਾ, ਜਿੱਥੇ ਡਾਕਟਰਾਂ ਨੇ ਜ਼ਖਮੀ ਨੂੰ ਫਰੀਦਕੋਟ ਹਸਪਤਾਲ ਰੈਫਰ ਕਰ ਦਿੱਤਾ। ਇਸ ਦੇ ਵਿਰੋਧ 'ਚ ਪਿੰਡ ਵਾਸੀਆਂ ਨੇ ਹਸਪਤਾਲ ਨੂੰ ਘੇਰ ਲਿਆ। ਪੁਲਸ ਦੇ ਸਮਝਾਉਣ 'ਤੇ ਉਨ੍ਹਾਂ ਨੇ ਪੁਲਸ ਅਤੇ ਪੰਜਾਬ ਸਰਕਾਰ ਖਿਲਾਫ ਵੀ ਨਾਅਰੇਬਾਜ਼ੀ ਆਰੰਭ ਦਿੱਤੀ। ਅਖੀਰ 'ਚ ਲੰਬੀ ਜੱਦੋ-ਜਹਿਦ ਤੋਂ ਬਾਅਦ ਪੁਲਸ ਅਧਿਕਾਰੀ ਜ਼ਖਮੀ ਨੌਜਵਾਨ ਨੂੰ ਅਗਲੇਰੇ ਇਲਾਜ ਲਈ ਹਸਪਤਾਲ 'ਚੋਂ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਕੱਢਣ 'ਚ ਸਫਲ ਹੋ ਸਕੇ। ਪਰ ਫਰੀਦਕੋਟ ਹਸਪਤਾਲ ਪਹੁੰਚਦੇ ਹੀ ਜ਼ਖਮੀ ਵਿਅਕਤੀ ਦੀ ਮੌਤ ਹੋ ਗਈ। ਇਸ 'ਤੇ ਕਾਰਵਾਈ ਕਰਦਿਆਂ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਕਤਲ ਕੇਸ ਦਰਜ ਕਰ ਲਿਆ ਹੈ।
ਕੀ ਹੈ ਮਾਮਲਾ?
ਪੁਲਸ ਵੱਲੋਂ ਦਰਜ ਮਾਮਲੇ ਅਨੁਸਾਰ ਅੱਜ ਥਾਣਾ ਤਲਵੰਡੀ ਸਾਬੋ ਵਿਖੇ ਇਕ ਫੋਨ ਆਇਆ ਕਿ ਵਿਨੋਦ ਕੁਮਾਰ ਉਰਫ ਸੋਨੂੰ ਅਰੋੜਾ ਨਾਮੀ ਵਿਅਕਤੀ ਜੋ ਫੋਨ ਕਰਨ ਵਾਲੇ ਦੇ ਦੱਸਣ ਅਨੁਸਾਰ ਨਸ਼ਾ ਸਮੱਗਲਿੰਗ ਦਾ ਕੰਮ ਕਰਦਾ ਸੀ ਤੇ ਪਿੰਡ ਭਾਗੀਵਾਂਦਰ ਵਿਖੇ ਕਥਿਤ ਤੌਰ 'ਤੇ ਨਸ਼ਾ ਸਪਲਾਈ ਕਰਦਾ ਸੀ ਨੂੰ ਵਾਂਦਰ ਪੱਤੀ ਦੀ ਸੱਥ ਕੋਲ ਵੱਢ ਕੇ ਸੁੱਟਿਆ ਹੈ, ਜਿਸ 'ਤੇ ਥਾਣਾ ਮੁਖੀ ਜਗਦੀਸ਼ ਕੁਮਾਰ ਦੇ ਨਿਰਦੇਸ਼ਾਂ 'ਤੇ ਏ. ਐੱਸ. ਆਈ. ਗੁਰਮੇਜ ਸਿੰਘ ਤੇ ਏ. ਐੱਸ. ਆਈ. ਗੁਰਜੰਟ ਸਿੰਘ ਪੁਲਸ ਪਾਰਟੀ ਸਣੇ ਘਟਨਾ ਸਥਾਨ 'ਤੇ ਪੁੱਜੇ ਤੇ ਉਨ੍ਹਾਂ ਨੇ ਉਥੇ ਬੁਰੀ ਤਰ੍ਹਾਂ ਵੱਢੇ ਪਏ ਗੰਭੀਰ ਜ਼ਖਮੀ ਹੋ ਚੁੱਕੇ ਸੋਨੂੰ ਅਰੋੜਾ ਨਾਮੀ ਨੌਜਵਾਨ ਨੂੰ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਤਲਵੰਡੀ ਸਾਬੋ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸ ਦਾ ਮੁਢਲਾ ਇਲਾਜ ਆਰੰਭ ਦਿੱਤਾ। ਸਥਿਤੀ ਉਸ ਸਮੇਂ ਤਣਾਅਪੂਰਨ ਬਣ ਗਈ ਜਦੋਂ ਪਿੰਡ ਦੀ ਮਹਿਲਾ ਸਰਪੰਚ ਚਰਨਜੀਤ ਕੌਰ ਤੇ ਅਕਾਲੀ ਆਗੂ ਮਨਦੀਪ ਕੌਰ ਬਰਾੜ ਦੀ ਅਗਵਾਈ 'ਚ ਵੱਡੀ ਗਿਣਤੀ 'ਚ ਇਕੱਤਰ ਹੋ ਕੇ ਹਸਪਤਾਲ ਪੁੱਜੇ ਪਿੰਡ ਵਾਸੀਆਂ ਨੇ ਜ਼ਖਮੀ ਨੂੰ ਉਚ ਇਲਾਜ ਲਈ ਰੈਫਰ ਕੀਤੇ ਜਾਣ 'ਚ ਅੜਿੱਕਾ ਪਾਉਂਦਿਆਂ ਹਸਪਤਾਲ ਨੂੰ ਘੇਰਾ ਪਾ ਲਿਆ ਕਿਉਂਕਿ ਪੁਲਸ ਇਸ ਮਾਮਲੇ 'ਚ ਮਹਿਲਾ ਸਰਪੰਚ ਦੇ ਪੁੱਤਰ ਅਮਰਿੰਦਰ ਸਿੰਘ ਰਾਜੂ 'ਤੇ ਮਾਮਲਾ ਦਰਜ ਕਰ ਸਕਦੀ ਹੈ। ਇਕੱਤਰ ਹੋਏ ਲੋਕਾਂ ਨੇ ਸਥਾਨਕ ਪੁਲਸ ਅਧਿਕਾਰੀਆਂ 'ਤੇ ਦੋਸ਼ ਲਾਏ ਕਿ ਅਮਰਿੰਦਰ ਸਿੰਘ ਰਾਜੂ ਦੀ ਅਗਵਾਈ 'ਚ ਚਾਰ ਦਿਨ ਪਹਿਲਾਂ ਪਿੰਡ ਵਾਸੀਆਂ ਨੇ ਥਾਣਾ ਮੁਖੀ ਤੇ ਉੱਚ ਪੁਲਸ ਅਧਿਕਾਰੀਆਂ ਨੂੰ ਮਿਲ ਕੇ ਸ਼ਿਕਾਇਤ ਕੀਤੀ ਸੀ ਕਿ ਉਕਤ ਸੋਨੂੰ ਅਰੋੜਾ ਨਾਮੀ ਵਿਅਕਤੀ ਨਾ ਕੇਵਲ ਪਿੰਡ 'ਚ ਸਮੈਕ ਵੇਚ ਕੇ ਨੌਜਵਾਨਾਂ ਨੂੰ ਨਸ਼ਿਆਂ ਦੇ ਰਾਹ ਪਾ ਰਿਹਾ ਸੀ, ਸਗੋਂ ਪਿੰਡ ਦੀਆਂ ਲੜਕੀਆਂ ਨਾਲ ਸਮੇਂ-ਸਮੇਂ 'ਤੇ ਦੁਰ-ਵਿਵਹਾਰ ਕਰਦਾ ਰਹਿੰਦਾ ਸੀ ਪਰ ਪੁਲਸ ਨੇ ਸ਼ਿਕਾਇਤ ਦੇ ਬਾਵਜੂਦ ਉਸ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ।
ਕੀ ਕਹਿੰਦੇ ਨੇ ਪਿੰਡ ਵਾਸੀ
ਪਿੰਡਵਾਸੀਆਂ ਨੇ ਕਿਹਾ  ਕਿ ਅੱਜ ਜਦੋਂ ਇਸ ਧੱਕੇਸ਼ਾਹੀ ਖਿਲਾਫ ਅਸੀ ਇੱਕਠੇ ਹੋ ਕੇ ਡੀ. ਐੱਸ. ਪੀ. ਤਲਵੰਡੀ ਸਾਬੋ ਨੂੰ ਮਿਲਣ ਆ ਰਹੇ ਸਨ ਤਾਂ ਸਥਾਨਕ ਲੇਲੇਵਾਲਾ ਰੋਡ 'ਤੇ ਸੋਨੂੰ ਅਰੋੜਾ ਨੇ ਪਿੰਡ ਦੀਆਂ ਔਰਤਾਂ ਨੂੰ ਦੇਖ ਕੇ ਉਨ੍ਹਾਂ ਵੱਲ ਅਸ਼ਲੀਲ ਇਸ਼ਾਰੇ ਕਰਦਿਆਂ ਕਿਹਾ ਕਿ ਉਸ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਭਾਵੇਂ ਸਾਰਾ ਪਿੰਡ ਇਕੱਠਾ ਹੋ ਕੇ ਆ ਜਾਵੇ। ਇਸ ਤੋਂ ਬਾਅਦ ਉਸ ਦੀ ਪਿੰਡ ਵਾਸੀਆਂ ਨਾਲ ਤੂ-ਤੂੰ, ਮੈਂ-ਮੈਂ ਹੋ ਗਈ ਤੇ ਬਾਅਦ 'ਚ ਸੋਨੂੰ ਅਰੋੜਾ ਪੁਲਸ ਨੂੰ ਭੇਤਭਰੀ ਹਾਲਤ 'ਚ ਗੰਭੀਰ ਜ਼ਖਮੀ ਰੂਪ 'ਚ ਪਿੰਡ ਭਾਗੀਵਾਂਦਰ ਦੀ ਸੱਥ ਕੋਲੋਂ ਮਿਲਿਆ, ਜਿਸ ਦੀਆਂ ਲੱਤਾਂ ਅਤੇ ਬਾਹਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਕਾਫੀ ਡੂੰਘੇ ਜ਼ਖਮ ਕੀਤੇ ਹੋਏ ਸਨ।
ਪਿੰਡ ਵਾਸੀਆਂ ਨੇ ਇਸ ਮੌਕੇ ਸਿਵਲ ਹਸਪਤਾਲ 'ਚ ਪਹੁੰਚ ਕੇ ਨਾ ਕੇਵਲ ਪੁਲਸ ਪ੍ਰਸ਼ਾਸਨ ਸਗੋਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਪੁਲਸ 'ਤੇ ਨਸ਼ਾ ਸਮੱਗਲਰਾਂ ਦਾ ਪੱਖ ਪੂਰਨ ਦੇ ਕਥਿਤ ਦੋਸ਼ ਲਾਏ। ਸਥਿਤੀ ਤਣਾਅਪੂਰਨ ਹੁੰਦੀ ਦੇਖ ਕੇ ਪਹਿਲਾਂ ਥਾਣਾ ਮੁਖੀ ਜਗਦੀਸ਼ ਕੁਮਾਰ ਬਾਅਦ ਵਿਚ ਡੀ. ਐੱਸ. ਪੀ. ਬਰਿੰਦਰ ਸਿੰਘ ਗਿੱਲ ਤੇ ਥਾਣਾ ਰਾਮਾਂ ਮੁਖੀ ਮਨੋਜ ਕੁਮਾਰ ਹਸਪਤਾਲ ਪੁੱਜੇ ਤੇ ਜ਼ਖਮੀ ਦੀ ਗੰਭੀਰ ਹਾਲਤ ਹੋਣ ਕਾਰਨ ਉਸ ਨੂੰ ਉੱਚ ਇਲਾਜ ਲਈ ਰੈਫਰ ਕਰਵਾ ਕੇ ਅਗਲੇ ਹਸਪਤਾਲ ਲਿਜਾਣ ਲਈ ਪਿੰਡ ਵਾਸੀਆਂ ਨੂੰ ਮਨਾਉਣ ਲੱਗੇ। ਪਿੰਡ ਵਾਸੀਆਂ ਵੱਲੋਂ ਵਾਰ-ਵਾਰ ਮੰਗ ਕਰਨ 'ਤੇ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਐੱਫ. ਆਈ. ਆਰ. ਦੀ ਕਾਪੀ ਪਿੰਡ ਵਾਸੀਆਂ ਨੂੰ ਸੌਂਪ ਦਿੱਤੀ ਤਾਂ ਕਿ ਉਹ ਜ਼ਖਮੀ ਨੂੰ ਲੈ ਜਾਣ ਦੇਣ ਪਰ ਪਿੰਡ ਵਾਸੀ ਫਿਰ ਵੀ ਅੜੇ ਰਹੇ ਤੇ ਹਾਲਾਤ ਉਦੋਂ ਨਾਜ਼ੁਕ ਬਣ ਗਏ ਜਦੋਂ ਭੀੜ 'ਚੋਂ ਇਕ ਨੌਜਵਾਨ ਨੇ ਸੋਨੂੰ ਅਰੋੜਾ ਦੇ ਹੱਕ ਵਿਚ ਬੋਲਦਿਆਂ ਪਿੰਡ ਵਾਸੀਆਂ ਨੂੰ ਮੰਦਾ-ਚੰਗਾ ਕਹਿਣਾ ਸ਼ੁਰੂ ਕਰ ਦਿੱਤਾ ਤੇ ਪਿੰਡ ਵਾਸੀਆਂ ਨੇ ਹਸਪਤਾਲ 'ਚ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਪੁਲਸ ਨੇ ਹਲਕਾ ਲਾਠੀਚਾਰਜ ਕਰ ਕੇ ਉਸ ਨੌਜਵਾਨ ਨੂੰ ਛੁਡਾ ਕੇ ਪੁਲਸ ਦੀ ਗੱਡੀ ਰਾਹੀਂ ਅਣਪਛਾਤੀ ਜਗ੍ਹਾ ਪਹੁੰਚਾਇਆ।
ਇਸੇ ਝੜਪ ਦੌਰਾਨ ਇਕ ਗੁਰਸਿੱਖ ਪਿੰਡ ਵਾਸੀ ਨੇ ਪੁਲਸ ਅਧਿਕਾਰੀਆਂ 'ਤੇ ਉਸ ਦੀ ਦਸਤਾਰ ਉਤਾਰਨ ਦੇ ਦੋਸ਼ ਲਾ ਦਿੱਤੇ ਤੇ ਸਥਿਤੀ ਤਣਾਅਪੂਰਨ ਹੋ ਗਈ ਪਰ ਪੁਲਸ ਅਧਿਕਾਰੀਆਂ ਨੇ ਮੌਕਾ ਸੰਭਾਲ ਲਿਆ। ਪਿੰਡ ਵਾਸੀਆਂ ਦੇ ਅੜੇ ਰਹਿਣ 'ਤੇ ਅਖੀਰ ਵੱਡੀ ਗਿਣਤੀ ਵਿਚ ਪੁਲਸ ਫੋਰਸ ਨੂੰ ਬੁਲਾਏ ਜਾਣ ਤੋਂ ਬਾਅਦ ਐੱਸ. ਪੀ. (ਐੱਚ) ਭੁਪਿੰਦਰ ਸਿੰਘ ਦੇ ਉਥੇ ਪੁੱਜਣ 'ਤੇ ਪੁਲਸ ਅਧਿਕਾਰੀਆਂ ਨੇ ਪਿੰਡ ਵਾਸੀਆਂ ਨੂੰ ਸਮਝਾਇਆ ਕਿ ਜ਼ਖਮੀ ਦੀ ਹਾਲਤ ਨਾਜ਼ੁਕ ਹੋ ਚੁੱਕੀ ਹੈ ਤੇ ਜੇ ਉਸ ਨੂੰ ਇਲਾਜ ਲਈ ਰੈਫਰ ਨਾ ਕੀਤਾ ਗਿਆ ਤਾਂ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਪੁਲਸ ਅਧਿਕਾਰੀਆਂ ਵੱਲੋਂ ਕਿਸੇ ਪਿੰਡ ਵਾਸੀ ਖਿਲਾਫ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਭਰੋਸੇ ਤੋਂ ਬਾਅਦ ਪਿੰਡ ਵਾਸੀਆਂ ਨੇ ਜ਼ਖਮੀ ਨੂੰ ਅਗਲੇਰੇ ਇਲਾਜ ਲਈ ਜਾਣ 'ਤੇ ਸਹਿਮਤੀ ਪ੍ਰਗਟਾਈ ਤੇ ਅਖੀਰ ਪੁਲਸ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਜ਼ਖਮੀ ਨੌਜਵਾਨ ਨੂੰ ਅਗਲੇ ਹਸਪਤਾਲ ਵਿਚ ਲਿਜਾਣ ਵਿਚ ਕਾਮਯਾਬ ਹੋ ਗਈ।
ਪਿੰਡ ਵਾਸੀਆਂ ਨੇ ਬਾਅਦ ਵਿਚ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਪੁਲਸ ਨੇ ਬਾਅਦ ਵਿਚ ਇਸ ਮਾਮਲੇ ਵਿਚ ਕਿਸੇ ਵਿਅਕਤੀ ਵਿਸ਼ੇਸ਼ 'ਤੇ ਮਾਮਲਾ ਦਰਜ ਕੀਤਾ ਤਾਂ ਪਿੰਡ ਵਾਸੀ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਉਧਰ ਭਾਵੇਂ ਜ਼ਖਮੀ ਨੌਜਵਾਨ ਨੂੰ ਰੈਫਰ ਕਰ ਦਿੱਤੇ ਜਾਣ ਨਾਲ ਫਿਲਹਾਲ ਮਾਮਲਾ ਠੰਡਾ ਪੈ ਗਿਆ ਨਜ਼ਰ ਆ ਰਿਹਾ ਹੈ ਪਰ ਸਥਿਤੀ ਅਜੇ ਵੀ ਤਣਾਅਪੂਰਨ ਬਣੀ ਦਿਖਾਈ ਦੇ ਰਹੀ ਹੈ।


Related News