ਸ਼ਹਿਰ ''ਚ ਸ਼ਰੇਆਮ ਚੱਲ ਰਿਹਾ ਦੜਾ ਸੱਟਾ, ਪੁਲਸ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ
Friday, Jun 09, 2017 - 06:58 AM (IST)
ਭਗਤਾ ਭਾਈ(ਢਿੱਲੋਂ)-ਪੰਜਾਬ ਸਰਕਾਰ ਵੱਲੋਂ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਦੇ ਤਰ੍ਹਾਂ-ਤਰ੍ਹਾਂ ਦੇ ਕੀਤੇ ਗਏ ਦਾਅਵਿਆਂ ਦੀ ਕੁਝ ਥਾਵਾਂ 'ਤੇ ਸ਼ਰੇਆਮ ਫੂਕ ਨਿਕਲਦੀ ਵਿਖਾਈ ਦੇ ਰਹੀ ਹੈ, ਜਿਸ ਨਾਲ ਸਰਕਾਰ ਦੀ ਬਦਨਾਮੀ ਵੀ ਹੁੰਦੀ ਹੈ ਅਤੇ ਭੋਲੇ-ਭਾਲੇ ਲੋਕਾਂ ਦੀ ਸ਼ਰੇਆਮ ਆਰਥਿਕ ਲੁੱਟ ਵੀ ਹੋ ਰਹੀ ਹੈ। ਸਥਾਨਕ ਸ਼ਹਿਰ ਵਿਖੇ ਦੜਾ ਸੱਟਾ ਲਾਉਣ ਦੇ ਧੰਦੇ ਦਾ ਇੰਨਾ ਜ਼ੋਰ ਹੈ ਕਿ ਰਾਤੋ-ਰਾਤ ਅਮੀਰ ਬਣਨ ਦੇ ਸੁਪਨੇ ਵੇਖਣ ਵਾਲੇ ਲੋਕ ਲਾਈਨਾਂ ਬਣਾ ਕੇ ਸੱਟਾ ਲਗਾ ਰਹੇ ਹਨ। ਜ਼ਿਕਰਯੋਗ ਹੈ ਕਿ ਇਕ ਸਮਾਜ ਸੇਵੀ ਆਗੂ ਵੱਲੋਂ ਇਹ ਮਾਮਲਾ ਪ੍ਰੈੱਸ ਕਲੱਬ ਦੇ ਇਕ ਮੈਂਬਰ ਦੇ ਧਿਆਨ 'ਚ ਲਿਆਂਦਾ ਗਿਆ ਤਾਂ ਭਗਤਾ ਭਾਈ ਪ੍ਰੈੱਸ ਕਲੱਬ ਦੇ ਉਕਤ ਮੈਂਬਰ ਵੱਲੋਂ ਸੱਟਾ ਲਾਏ ਜਾਣ ਵਾਲੇ ਅੱਡੇ 'ਤੇ ਪਹੁੰਚ ਕੇ ਅੱਖੀਂ ਵੇਖਿਆ ਗਿਆ ਕਿ ਅਮੀਰ ਬਣਨ ਦੀ ਲਾਲਸਾ 'ਚ ਕਿਵੇਂ ਵੱਡੀ ਗਿਣਤੀ 'ਚ ਲੋਕ ਇਕ ਦੂਜੇ ਤੋਂ ਅੱਗੇ ਹੋ ਕੇ ਸੱਟਾ ਲਾ ਰਹੇ ਸਨ ਅਤੇ ਸੱਟਾ ਲਗਵਾਉਣ ਵਾਲੇ ਵਿਅਕਤੀ ਬੇਖੌਫ ਆਪਣੇ ਗਾਹਕਾਂ ਨੂੰ ਸੱਟੇ ਦੀਆਂ ਪਰਚੀਆਂ ਦੇ ਰਹੇ ਸਨ। ਇਸ ਦੌਰਾਨ ਪੱਤਰਕਾਰਾਂ ਨੂੰ ਵੀ ਸੱਟਾ ਲੱਗਣ ਦੇ ਸਬੂਤ ਰੱਖਣ ਵਜੋਂ ਦੋ ਨੰਬਰਾਂ 'ਤੇ ਸੱਟਾਂ ਲਾਉਣਾ ਪਿਆ ਅਤੇ ਦਿੱਤੇ ਪੈਸਿਆਂ ਦੀ ਪਰਚੀ ਪ੍ਰਾਪਤ ਕੀਤੀ ਪਰ ਹੈਰਾਨੀ ਵਾਲੀ ਗੱਲ ਹੈ ਕਿ ਭੋਲੇ ਭਾਲੇ ਲੋਕਾਂ ਦੀ ਸ਼ਰੇਆਮ ਅੰਨ੍ਹੀ ਲੁੱਟ ਹੋ ਰਹੀ ਹੈ ਅਤੇ ਪੁਲਸ ਪ੍ਰਸ਼ਾਸਨ ਇਸ ਸੱਟੇ ਦੇ ਗੋਰਖਧੰਦੇ ਨੂੰ ਰੋਕਣ ਲਈ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।
ਕੀ ਕਹਿਣਾ ਹੈ ਥਾਣਾ ਮੁਖੀ ਦਾ
ਇਸ ਮਾਮਲੇ ਸਬੰਧੀ ਜਦ ਥਾਣਾ ਮੁਖੀ ਇੰਚਾਰਜ ਜਤਿੰਦਰ ਸਿੰਘ ਗਿੱਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਮੈਨੂੰ ਰਿਪੋਰਟ ਮਿਲੀ ਹੈ, ਜਿਸ 'ਤੇ ਜਲਦੀ ਛਾਪਾ ਮਾਰ ਕੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਹੁਣ ਵੇਖਣਾ ਇਹ ਹੋਵੇਗਾ ਕਿ ਪੁਲਸ ਕੀ ਕਾਰਵਾਈ ਕਰਦੀ ਹੈ।
