ਕ੍ਰਿਕਟ ਮੈਚਾਂ ''ਤੇ ਸੱਟਾ ਲਾਉਣ ਵਾਲੇ ਕਿੰਗਪਿਨ ਸਮੇਤ 5 ਗ੍ਰਿਫਤਾਰ

06/23/2018 5:39:44 AM

ਲੁਧਿਆਣਾ(ਮਹੇਸ਼)-ਬਹੁਤ ਹੀ ਨਾਟਕੀ ਢੰਗ ਨਾਲ ਅੰਤਰਰਾਸ਼ਟਰੀ ਕ੍ਰਿਕਟ ਮੈਚਾਂ 'ਤੇ ਸੱਟਾ ਲਾਉਣ ਵਾਲੇ ਇਕ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ ਕਰਾਈਮ ਬਰਾਂਚ ਨੇ ਰੈਕੇਟ ਦੇ ਕਿੰਗਪਿਨ ਸਮੇਤ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜਦਕਿ 3 ਦੀ ਸਰਗਰਮੀ ਨਾਲ ਭਾਲ ਜਾਰੀ ਹੈ। ਫੜੇ ਗਏ ਮੁਲਜ਼ਮਾਂ ਦੇ ਕਬਜ਼ੇ 'ਚੋਂ 8 ਮੋਬਾਇਲ, ਇਕ ਲੈਪਟਾਪ ਅਤੇ ਇਕ ਐੱਲ. ਸੀ. ਡੀ. ਬਰਾਮਦ ਕੀਤੀ ਗਈ ਹੈ। ਡੀ. ਸੀ. ਪੀ. ਕਰਾਈਮ ਗਗਨਅਜੀਤ ਸਿੰਘ ਅਤੇ ਏ. ਸੀ. ਪੀ. ਕਰਾਈਮ ਸੁਰਿੰਦਰ ਮੋਹਨ ਨੇ ਸ਼ੁੱਕਰਵਾਰ ਨੂੰ ਸਿੰਗਲ ਵਿੰਡੋ 'ਤੇ ਬੁਲਾਈ ਗਈ ਪ੍ਰੈੱਸ ਕਾਨਫਰੰਸ 'ਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫੜੇ ਗਏ ਮੁਲਜ਼ਮਾਂ 'ਚ ਰੈਕੇਟ ਦਾ ਕਿੰਗਪਿਨ ਮਾਡਲ ਟਾਊਨ ਨਿਵਾਸੀ ਸਮਰਜੀਤ ਸਿੰਘ, ਉਸਦਾ ਪਾਰਟਨਰ ਅਬੋਹਰ ਨਿਵਾਸੀ ਸੰਨੀ ਕੁਮਾਰ, ਓਮੈਕਸ ਪਲਾਜ਼ਾ ਦਾ ਹਰਵਿੰਦਰ ਸਿੰਘ, ਮੁਹੰਮਦ ਆਜ਼ਾਦ ਅਤੇ ਮੁਹੰਮਦ ਅਸਫਾਖ ਹੈ। ਇਨ੍ਹਾਂ ਖਿਲਾਫ ਸਦਰ ਥਾਣੇ ਵਿਚ ਗੈਂਬਲਿੰਗ ਐਕਟ, ਧੋਖਾਦੇਹੀ ਸਮੇਤ ਹੋਰ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। 
ਡੀ. ਸੀ. ਪੀ. ਨੇ ਦੱਸਿਆ ਕਿ ਇਹ ਕਾਰਵਾਈ ਗੁਪਤ ਸੂਚਨਾ ਦੇ ਆਧਾਰ 'ਤੇ ਅਮਲ ਵਿਚ ਲਿਆਂਦੀ ਗਈ ਹੈ। ਇਸ ਸਬੰਧੀ ਸੂਚਨਾ ਮਿਲੀ ਸੀ ਕਿ ਉਕਤ ਰੈਕੇਟ ਆਸਟਰੇਲੀਆ ਅਤੇ ਇੰਗਲੈਂਡ 'ਚ ਚੱਲ ਰਹੇ ਵਨ-ਡੇਅ ਮੈਚ 'ਤੇ ਲਾਏ ਗਏ ਸੱਟੇ ਦਾ ਓਮੈਕਸ ਪਲਾਜ਼ਾ ਸਥਿਤ ਇਕ ਫਲੈਟ ਵਿਚ ਹਿਸਾਬ-ਕਿਤਾਬ ਕਰ ਰਹੇ ਹਨ, ਜੇਕਰ ਪੁਲਸ ਤੁਰੰਤ ਛਾਪੇਮਾਰੀ ਕਰੇ ਤਾਂ ਦੋਸ਼ੀਆਂ ਨੂੰ ਰੰਗੇ ਹੱਥੀਂ ਫੜਿਆ ਜਾ ਸਕਦਾ ਹੈ। ਜਿਸ 'ਤੇ ਮੁਲਜ਼ਮਾਂ ਨੂੰ ਫੜਨ ਲਈ ਕਰਾਈਮ ਬਰਾਂਚ ਦੇ ਇੰਚਾਰਜ ਇੰਸਪੈਕਟਰ ਹਰਪਾਲ ਸਿੰਘ ਦੀ ਡਿਊਟੀ ਲਾਈ ਗਈ, ਜਿਨ੍ਹਾਂ ਦੀ ਟੀਮ ਨੇ ਛਾਪੇਮਾਰੀ ਕਰ ਕੇ 3 ਮੁਲਜ਼ਮਾਂ ਨੂੰ ਮੌਕੇ 'ਤੇ ਫੜ ਲਿਆ ਜਦਕਿ ਰੈਕੇਟ ਦੇ ਕਿੰਗਪਿਨ ਅਤੇ ਉਸ ਦੇ ਪਾਰਟਨਰ ਨੂੰ ਸ਼ੁੱਕਰਵਾਰ ਸਵੇਰੇ ਉਨ੍ਹਾਂ ਦੇ ਘਰਾਂ ਤੋਂ ਕਾਬੂ ਕੀਤਾ ਗਿਆ ਅਤੇ ਇਸ ਰੈਕੇਟ ਦੇ ਬਾਕੀ 3 ਦੋਸ਼ੀਆਂ ਸ਼ਾਲੂ, ਸ਼ੰਮੀ ਅਤੇ ਬਿੱਟੂ ਦੀ ਗ੍ਰਿਫਤਾਰੀ ਲਈ ਯਤਨ ਕੀਤੇ ਜਾ ਰਹੇ ਹਨ।
ਬੁਕੀਜ਼-ਪਲਟਰਾਂ 'ਚ ਮਚਿਆ ਹੜਕੰਪ
ਪੁਲਸ ਦੀ ਇਸ ਕਾਰਵਾਈ ਦੇ ਬਾਅਦ ਕ੍ਰਿਕਟ ਮੈਚਾਂ 'ਤੇ ਸੱਟਾ ਲਾਉਣ ਵਾਲੇ ਬੁਕੀਜ਼-ਪਲਟਰਾਂ 'ਚ ਹੜਕੰਪ ਮਚ ਗਿਆ ਹੈ। ਇਨ੍ਹਾਂ 'ਚੋਂ ਕਈ ਅੰਡਰਗਰਾਊਂਡ ਹੋ ਗਏ, ਜਦਕਿ ਕਈ ਆਪਣੇ ਆਪਣੇ ਆਕਾਵਾਂ ਦੀ ਸ਼ਰਨ ਵਿਚ ਪਹੁੰਚ ਗਏ ਹਨ ਤਾਂ ਕਿ ਉਹ ਪੁਲਸ ਤੋਂ ਉਨ੍ਹਾਂ ਦਾ ਬਚਾਅ ਕਰ ਸਕਣ। ਉਥੇ ਦੂਜੇ ਪਾਸੇ ਸੂਤਰਾਂ ਦਾ ਕਹਿਣਾ ਹੈ ਕਿ ਆਈ. ਪੀ. ਐੱਲ. ਕ੍ਰਿਕਟ ਸੀਰੀਜ਼ 'ਚ ਬੁਕੀਜ਼ 'ਚ ਬਚੇ ਰਹੇ। ਉਨ੍ਹਾਂ ਨੇ ਕਰੋੜਾਂ ਰੁਪਏ ਮਾਰਕੀਟ 'ਚੋਂ ਇਕੱਠੇ ਕੀਤੇ। ਇੰਨਾ ਹੀ ਨਹੀਂ ਜਲੰਧਰ ਬਾਈਪਾਸ ਦੇ ਨੇੜੇ ਇਕ ਮੈਰਿਜ ਪੈਲੇਸ ਦੇ ਮਾਲਕ ਦਾ ਬੇਟਾ ਮਾਰਕੀਟ ਤੋਂ ਉਧਾਰ ਚੁੱਕ ਕੇ ਮੈਚਾਂ 'ਚ ਕਰੋੜਾਂ ਰੁਪਏ ਹਾਰ ਗਿਆ। ਜਿਸ ਨੂੰ ਲੈ ਕੇ ਲੈਣਦਾਰਾਂ ਅਤੇ ਉਸ 'ਚ ਵਿਵਾਦ ਖੜ੍ਹਾ ਹੋ ਗਿਆ ਹੈ, ਜੋ ਕਿ ਇਸ ਸਮੇਂ ਸ਼ਹਿਰ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
 


Related News