Credit Card ਰਾਹੀਂ 1.41 ਲੱਖ ਰੁਪਏ ਦੀ ਠੱਗੀ! ਹੱਕਾ-ਬੱਕਾ ਰਹਿ ਗਿਆ ਵਿਅਕਤੀ
Thursday, Nov 12, 2026 - 03:49 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ): ਡਿਜੀਟਲ ਯੁੱਗ ਵਿਚ ਜਿੱਥੇ ਆਨਲਾਈਨ ਬੈਂਕਿੰਗ ਅਤੇ ਕ੍ਰੈਡਿਟ ਕਾਰਡਾਂ ਨੇ ਲੋਕਾਂ ਦੀ ਜ਼ਿੰਦਗੀ ਨੂੰ ਸੁਖਾਲਾ ਬਣਾਇਆ ਹੈ, ਉੱਥੇ ਹੀ ਸ਼ਾਤਰ ਸਾਇਬਰ ਠੱਗਾਂ ਨੇ ਵੀ ਲੋਕਾਂ ਦੀ ਮਿਹਨਤ ਦੀ ਕਮਾਈ 'ਤੇ ਸੰਨ੍ਹ ਲਾਉਣ ਲਈ ਨਵੇਂ-ਨਵੇਂ ਹੱਥਕੰਡੇ ਅਪਣਾ ਲਏ ਹਨ। ਸ੍ਰੀ ਮੁਕਤਸਰ ਸਾਹਿਬ ਵਿਚ ਸਾਇਬਰ ਠੱਗੀ ਦਾ ਇਕ ਅਜਿਹਾ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਅਣਪਛਾਤੇ ਠੱਗਾਂ ਨੇ ਇਕ ਵਿਅਕਤੀ ਦੇ ਕ੍ਰੈਡਿਟ ਕਾਰਡ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਰੀਬ ਡੇਢ ਮਹੀਨੇ ਦੇ ਅਰਸੇ ਦੌਰਾਨ ਵੱਖ-ਵੱਖ ਟਰਾਂਜੈਕਸ਼ਨਾਂ ਰਾਹੀਂ 1 ਲੱਖ 41 ਹਜ਼ਾਰ 828 ਰੁਪਏ ਤੋਂ ਵੱਧ ਦੀ ਠੱਗੀ ਮਾਰ ਲਈ।
ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਮਲੋਟ ਰੋਡ ਵਾਸੀ ਸ਼ਿਵਰਾਜ ਸਿੰਘ ਪੁੱਤਰ ਹਰਚਰਨ ਸਿੰਘ ਨੇ ਪੁਲਸ ਕੋਲ ਆਪਣੀ ਸ਼ਿਕਾਇਤ ਦਰਜ ਕਰਵਾਈ ਹੈ। ਪੀੜਤ ਨੇ ਦੱਸਿਆ ਕਿ ਅਣਪਛਾਤੇ ਸਾਇਬਰ ਠੱਗਾਂ ਨੇ ਬੜੀ ਚਲਾਕੀ ਨਾਲ ਉਸ ਦੇ ਆਰ.ਬੀ.ਐਲ. ਬੈਂਕ ਦੇ ਕ੍ਰੈਡਿਟ ਕਾਰਡ ਦੇ ਵੇਰਵਿਆਂ ਦੀ ਦੁਰਵਰਤੋਂ ਕੀਤੀ। ਠੱਗਾਂ ਵੱਲੋਂ ਇੱਕੋ ਵਾਰ ਵੱਡੀ ਰਕਮ ਕਢਵਾਉਣ ਦੀ ਬਜਾਏ 19 ਅਗਸਤ 2026 ਤੋਂ ਲੈ ਕੇ 3 ਅਕਤੂਬਰ 2026 ਤੱਕ ਵੱਖ-ਵੱਖ ਛੋਟੀਆਂ-ਵੱਡੀਆਂ ਟਰਾਂਜੈਕਸ਼ਨਾਂ ਰਾਹੀਂ ਕੁੱਲ 1,41,828.42 ਰੁਪਏ ਖਾਤੇ ਵਿੱਚੋਂ ਉਡਾ ਲਏ ਗਏ।
ਜਦੋਂ ਪੀੜਤ ਨੂੰ ਆਪਣੇ ਨਾਲ ਹੋਈ ਇਸ ਵੱਡੀ ਧੋਖਾਧੜੀ ਦਾ ਪਤਾ ਲੱਗਾ ਤਾਂ ਉਸ ਨੇ ਤੁਰੰਤ ਹੁਸ਼ਿਆਰੀ ਦਿਖਾਉਂਦੇ ਹੋਏ 18 ਅਕਤੂਬਰ 2026 ਨੂੰ ਰਾਸ਼ਟਰੀ ਸਾਇਬਰ ਕ੍ਰਾਈਮ ਪੋਰਟਲ 'ਤੇ ਆਨਲਾਈਨ ਸ਼ਿਕਾਇਤ ਦਰਜ ਕਰਵਾਈ। ਇਸ ਆਨਲਾਈਨ ਸ਼ਿਕਾਇਤ ਦੇ ਆਧਾਰ 'ਤੇ ਤੁਰੰਤ ਕਾਰਵਾਈ ਕਰਦਿਆਂ ਈ-ਜ਼ੀਰੋ ਐਫ.ਆਈ.ਆਰ. ਦਰਜ ਕੀਤੀ ਗਈ, ਜੋ ਅਗਲੇਰੀ ਜਾਂਚ ਲਈ ਥਾਣਾ ਸਾਇਬਰ ਕ੍ਰਾਈਮ ਸ੍ਰੀ ਮੁਕਤਸਰ ਸਾਹਿਬ ਵਿਖੇ ਪ੍ਰਾਪਤ ਹੋਈ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਤਫ਼ਤੀਸ਼ੀ ਅਫ਼ਸਰ ਏ.ਐਸ.ਆਈ. ਜਗਵਿੰਦਰ ਸਿੰਘ ਵੱਲੋਂ ਮੁੱਢਲੀ ਪੜਤਾਲ ਕੀਤੀ ਗਈ। ਪੜਤਾਲ ਉਪਰੰਤ ਠੱਗੀ ਦੀ ਪੁਸ਼ਟੀ ਹੋਣ 'ਤੇ ਬੀਤੀ 11 ਨਵੰਬਰ 2026 ਨੂੰ ਥਾਣਾ ਸਾਇਬਰ ਕ੍ਰਾਈਮ ਸ੍ਰੀ ਮੁਕਤਸਰ ਸਾਹਿਬ ਵਿਖੇ ਅਣਪਛਾਤੇ ਠੱਗਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 318 (4) ਤਹਿਤ ਮੁਕੱਦਮਾ ਨੰਬਰ 27 ਦਰਜ ਕਰ ਲਿਆ ਗਿਆ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੈਂਕ ਸਟੇਟਮੈਂਟਾਂ ਅਤੇ ਤਕਨੀਕੀ ਪਹਿਲੂਆਂ ਦੇ ਆਧਾਰ 'ਤੇ ਟਰਾਂਜੈਕਸ਼ਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਤਾਂ ਜੋ ਮੁਲਜ਼ਮਾਂ ਨੂੰ ਜਲਦ ਕਾਬੂ ਕੀਤਾ ਜਾ ਸਕੇ।
ਪੁਲਸ ਦੀ ਆਮ ਲੋਕਾਂ ਨੂੰ ਅਪੀਲ
ਸਾਇਬਰ ਮਾਹਿਰਾਂ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਆਮ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਕ੍ਰੈਡਿਟ ਜਾਂ ਡੈਬਿਟ ਕਾਰਡ ਦੀ ਸਟੇਟਮੈਂਟ ਅਤੇ ਮੈਸੇਜਾਂ 'ਤੇ ਨਿਯਮਿਤ ਨਜ਼ਰ ਰੱਖਣ। ਕਿਸੇ ਵੀ ਅਣਜਾਣ ਲਿੰਕ 'ਤੇ ਕਲਿੱਕ ਨਾ ਕਰਨ ਅਤੇ ਨਾ ਹੀ ਕਿਸੇ ਨਾਲ ਆਪਣਾ ਓ.ਟੀ.ਪੀ. ਜਾਂ ਕਾਰਡ ਦਾ ਸੀ.ਵੀ.ਵੀ. ਨੰਬਰ ਸਾਂਝਾ ਕਰਨ। ਕਿਸੇ ਵੀ ਤਰ੍ਹਾਂ ਦੀ ਆਨਲਾਈਨ ਠੱਗੀ ਹੋਣ ਦੀ ਸੂਰਤ ਵਿੱਚ ਤੁਰੰਤ ਸਾਇਬਰ ਹੈਲਪਲਾਈਨ ਨੰਬਰ 1930 'ਤੇ ਸੂਚਨਾ ਦਿੱਤੀ ਜਾਵੇ।
