ਕੋਰੋਨਾ ਵਾਇਰਸ ਦੀ ਬੀਮਾਰੀ ਕਾਰਨ ਰਿਸ਼ਤਿਆਂ ''ਚ ਪਈ ਦਰਾਰ
Tuesday, Apr 21, 2020 - 04:11 PM (IST)
ਬਨੂੜ (ਗੁਰਪਾਲ) : ਜਿੱਥੇ ਪੰਜਾਬ ਨੂੰ ਪੰਜ ਦਰਿਆਵਾਂ, ਗੁਰੂ ਫਕੀਰਾਂ ਅਤੇ ਰਿਸ਼ੀ ਮੁਨੀਆਂ ਦੀ ਪਵਿੱਤਰ ਧਰਤੀ ਕਿਹਾ ਜਾਂਦਾ ਹੈ, ਉੱਥੇ ਹੀ ਸੰਤਾਂ ਮਹਾਂਪੁਰਸ਼ਾਂ ਨੂੰ ਇੱਕ ਦੂਜੇ ਨਾਲ ਪ੍ਰੇਮ ਪਿਆਰ ਕਰਨ ਦਾ ਉਪਦੇਸ਼ ਵੀ ਦਿੱਤਾ ਜਾਂਦਾ ਹੈ। ਅੱਜ ਉੱਥੇ ਹੀ ਪੰਜਾਬ ਦੀ ਇਸ ਪਵਿੱਤਰ ਧਰਤੀ 'ਤੇ ਕੋਰੋਨਾ ਵਾਇਰਸ ਇੱਕ ਭਿਆਨਕ ਬੀਮਾਰੀ ਨੇ ਰਿਸ਼ਤਿਆਂ 'ਚ ਦਰਾਰ ਪਾਉਣੀ ਸ਼ੁਰੂ ਕਰ ਦਿੱਤੀ ਹੈ। ਅੱਜ ਭਾਵੇਂ ਸਾਰਾ ਦੇਸ਼ ਹੀ ਇਸ ਕੋਰੋਨਾ ਵਾਇਰਸ ਦੀ ਮਹਾਮਾਰੀ ਨੂੰ ਲੈ ਕੇ ਚਿੰਤਾ 'ਚ ਡੁੱਬਿਆ ਹੋਇਆ ਹੈ, ਉੱਥੇ ਹੀ ਦੇਸ਼ ਵਾਸੀਆਂ ਨੇ ਇਸ ਬੀਮਾਰੀ ਨੂੰ ਹਰਾਉਣ ਦੇ ਲਈ ਇਕਜੁੱਟਤਾ ਦਾ ਸਬੂਤ ਪੇਸ਼ ਕੀਤਾ ਹੈ ਅਤੇ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੇ ਵੀ ਮਨੁੱਖਤਾ ਦੀ ਸੇਵਾ ਕਰਨ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ।
ਇਹ ਵੀ ਪੜ੍ਹੋ ► ਕੋਰੋਨਾ ਨਾਲ ਮਰੀ ਔਰਤ ਦੇ ਸੰਪਰਕ 'ਚ ਆਏ ਲੋਕਾਂ 'ਚੋਂ 6 ਦੀ ਪਹਿਲੀ ਰਿਪੋਰਟ ਆਈ ਨੈਗੇਟਿਵ
ਕੁਝ ਲੋਕਾਂ ਦੀ ਸੋਚ ਇਸ ਦੇ ਉਲਟ ਹੈ, ਕੋਰੋਨਾ ਮਹਾਮਾਰੀ ਨੂੰ ਲੈ ਕੇ ਉਨ੍ਹਾਂ ਦੇ ਦਿਲਾਂ 'ਚ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਪੰਜਾਬ 'ਚ ਵੱਖ-ਵੱਖ ਥਾਂਵਾਂ 'ਤੇ ਕੋਰੋਨਾ ਨਾਲ ਹੋਈਆਂ ਮੌਤਾਂ ਅਤੇ ਉਨ੍ਹਾਂ ਦੇ ਮ੍ਰਿਤਕ ਦੋਹਾਂ ਨੂੰ ਉਨ੍ਹਾਂ ਦੇ ਵਾਰਸਾਂ ਨੇ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਕਈ ਥਾਈਂ ਮ੍ਰਿਤਕ ਸਰੀਰਾਂ ਦਾ ਅੰਤਿਮ ਸੰਸਕਾਰ ਕਰਨ ਦਾ ਵੀ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਅੱਜ ਉੱਥੇ ਹੀ ਲੋਕ ਇਨਸਾਨੀਅਤ ਨੂੰ ਭੁੱਲ ਕੇ ਖੁਦਗਰਜ਼ ਅਤੇ ਸਵਾਰਥੀ ਬਣਦੇ ਜਾ ਰਹੇ ਹਨ। ਇਸ ਦੀ ਤਾਜ਼ਾ ਉਦਾਹਰਣ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਪਦਮਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਦਾ ਪਿੰਡ ਦੇ ਲੋਕਾਂ ਨੇ ਅੰਤਿਮ ਸੰਸਕਾਰ ਨਹੀਂ ਹੋਣ ਦਿੱਤਾ।
ਪਦਮ ਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਦੇ ਸਸਕਾਰ ਦਾ ਵਿਰੋਧ
ਕੋਰੋਨਾ ਪਾਜ਼ੇਟਿਵ ਪਾਏ ਗਏ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਪਦਮਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਸਵੇਰੇ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ 'ਚ ਅਕਾਲ ਚਲਾਣਾ ਕਰ ਗਏ। ਜਦੋਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਸ਼ਮਸ਼ਾਨ ਘਾਟ ਲਿਆਇਆ ਗਿਆ ਤਾਂ ਪਿੰਡ ਦੇ ਲੋਕਾਂ ਨੇ ਪਿੰਡ 'ਚ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਕੋਰੋਨਾ ਮਰੀਜ਼ ਦਾ ਸਸਕਾਰ ਅਸੀਂ ਇੱਥੇ ਨਹੀਂ ਹੋਣ ਦਵਾਂਗੇ, ਕਿਸੇ ਹੋਰ ਜਗ੍ਹਾਂ ਸਸਕਾਰ ਕੀਤਾ ਜਾਵੇ। ਦੱਸਿਆ ਜਾ ਰਿਹਾ ਹੈ ਕਿ ਵਿਦੇਸ਼ ਤੋਂ ਪਰਤਣ ਦੇ ਬਾਅਦ ਉਨ੍ਹਾਂ ਨੇ ਪੰਜਾਬ 'ਚ ਵੱਖ-ਵੱਖ ਥਾਵਾਂ 'ਤੇ ਧਾਰਮਿਕ ਪ੍ਰੋਗਰਾਮਾਂ 'ਚ ਵੀ ਹਿੱਸਾ ਲਿਆ ਸੀ।
ਇਹ ਵੀ ਪੜ੍ਹੋ ► ਪਦਮ ਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਦੇ ਸਸਕਾਰ ਦਾ ਵਿਰੋਧ, ਸੰਗਤ 'ਚ ਰੋਸ
ਦੱਸਣਯੋਗ ਹੈ ਕਿ ਨਿਰਮਲ ਸਿੰਘ ਜੀ ਨੂੰ ਖੰਘ, ਬੁਖਾਰ ਅਤੇ ਸਾਹ ਲੈਣ 'ਚ ਤਕਲੀਫ ਹੋਣ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਗਿਆ ਸੀ। ਬੀਤੇ ਦਿਨ ਉਨ੍ਹਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਹੀ ਜਲੰਧਰ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ 'ਚ ਹਫੜਾ-ਦਫੜੀ ਮਚ ਗਈ ਸੀ ਕਿਉਂਕਿ ਸਾਬਕਾ ਗ੍ਰੰਥੀ ਦਾ ਪਰਿਵਾਰ ਲੋਹੀਆਂ 'ਚ ਰਹਿੰਦਾ ਹੈ।
ਅੰਮ੍ਰਿਤਸਰ 'ਚ ਵੀ ਪਰਿਵਾਰ ਨੇ ਮ੍ਰਿਤਕ ਦੇਹ ਲੈਣ ਤੋਂ ਕੀਤਾ ਇਨਕਾਰ
ਨਗਰ ਨਿਗਮ ਦੇ ਸਾਬਕਾ ਵਧੀਕ ਕਮਿਸ਼ਨਰ (ਟੈਕਨੀਕਲ) ਜਸਵਿੰਦਰ ਸਿੰਘ ਦੀ ਬੀਤੇ ਦਿਨੀਂ ਸ਼ਹਿਰ ਦੇ ਇਕ ਨਿੱਜੀ ਹਸਪਤਾਲ 'ਚ ਕੋਰੋਨਾ ਵਾਇਰਸ ਕਾਰਨ ਕਾਰਨ ਮੌਤ ਹੋ ਗਈ ਸੀ। ਅੱਜ ਉਸ ਦੇ ਪਰਿਵਾਰ ਨੇ ਉਨਾਂ ਦੀ ਮ੍ਰਿਤਕ ਦੇਹ ਲੈਣ ਤੋਂ ਇਨਕਾਰ ਕਰ ਦਿੱਤਾ। ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ ਦੀਆਂ ਹਦਾਇਤਾਂ 'ਤੇ ਐੱਸ. ਡੀ. ਐੱਮ. ਸ੍ਰੀ ਵਿਕਾਸ ਹੀਰਾ, ਏ. ਸੀ. ਪੀ. ਜਸਪ੍ਰੀਤ ਸਿੰਘ, ਤਹਿਸੀਲਦਾਰ ਅਰਚਨਾ, ਐੱਸ. ਐੱਚ. ਓ. ਗੁਰਿੰਦਰ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਬਾਬਾ ਸ਼ਹੀਦਾਂ ਸਮਸ਼ਾਨ ਘਾਟ 'ਚ ਅੱਜ ਸਵੇਰੇ ਧਾਰਮਿਕ ਰਸਮਾਂ ਨਾਲ ਸ. ਜਸਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਮੌਕੇ 'ਤੇ ਜਾ ਕੇ ਕਰਵਾਇਆ। ਇਸ ਮੌਕੇ ਪਟਵਾਰੀਆਂ ਅਤੇ ਅੰਮ੍ਰਿਤਸਰ ਮਿਊਂਸੀਪਲ ਦੇ ਕਰਮਚਾਰੀਆਂ ਵੱਲੋਂ ਅਰਥੀ ਨੂੰ ਮੋਢਾ ਦੇਣ ਤੋਂ ਲੈ ਕੇ ਲਾਬੂੰ ਲਗਾਉਣ ਤੱਕ ਦੀਆਂ ਸਾਰੀ ਰਸਮਾਂ ਨਿਭਾਈਆਂ। ਅਰਦਾਸ ਲਈ ਗ੍ਰੰਥੀ ਸਿੰਘ ਦਾ ਪ੍ਰਬੰਧ ਵੀ ਤਹਿਸੀਲਦਾਰ ਅਰਚਨਾ ਵੱਲੋਂ ਗੁਰਦੁਆਰਾ ਸਾਹਿਬ ਤੋਂ ਕਰਵਾਇਆ ਗਿਆ। ਦੱਸਣਯੋਗ ਹੈ ਕਿ ਜਿੱਥੇ ਅੱਜ ਇਸ ਦੁੱਖ ਦੀ ਘੜੀ 'ਚ ਬੇਗਾਨੇ ਇੱਕ ਦੂਜੇ ਦਾ ਸਾਥ ਦੇ ਰਹੇ ਹਨ, ਉੱਥੇ ਹੀ ਅੱਜ ਅਸੀਂ ਆਪਣਿਆਂ ਨੂੰ ਭੁੱਲ ਕੇ ਉਨ੍ਹਾਂ ਦਾ ਅੰਤਿਮ ਸੰਸਕਾਰ ਕਰਨ ਤੋਂ ਵੀ ਇਨਕਾਰ ਕਰ ਰਹੇ ਹਾਂ।
ਇਹ ਵੀ ਪੜ੍ਹੋ ► ਆਦਰਸ਼ ਨਗਰ 'ਚ ਇਕੋਂ ਪਰਿਵਾਰ ਦੇ 9 ਮੈਂਬਰ ਸਿਹਤ ਵਿਭਾਗ ਵੱਲੋਂ ਕੁਆਰੰਟਾਈਨ ► ਜਲੰਧਰ: ਕੋਰੋਨਾ ਦੇ ਮਰੀਜ਼ ਕਾਂਗਰਸੀ ਆਗੂ ਦੀਪਕ ਸ਼ਰਮਾ ਨੇ ਖੋਲ੍ਹੀ ਪੋਲ, ਦੱਸਿਆ ਕਿਵੇਂ ਚੱਲ ਰਿਹੈ ਹਸਪਤਾਲ 'ਚ ਇਲਾਜ